ਕੋਰੋਨਾ ਵਾਇਰਸ ਤੋਂ ਬਾਅਦ ਹੁਣ ਭਾਰਤ ਵਿੱਚ ਮਹਾਂਮਾਰੀ ਦਾ ਰੂਪ ਲੈ ਚੁੱਕੀ ਬਲੈਕ ਫੰਗਸ ਨਾਲ ਨਜਿੱਠਣ ਲਈ ਸਰਕਾਰ ਜੰਗੀ ਪੱਧਰ ‘ਤੇ ਜੁੱਟ ਗਈ ਹੈ। ਇਸ ਦੇ ਇਲਾਜ ਲਈ ਡਾਕਟਰ ਲਿਪੋਸੋਮਲ ਐਮਫੋਟਰਸਿਨ ਬੀ ਨਾਮ ਦੇ ਟੀਕੇ ਦੀ ਵਰਤੋਂ ਕਰਦੇ ਹਨ।
ਇਸ ਦਵਾਈ ਦੇ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ ਭਾਰਤ ਸਰਕਾਰ ਨੇ ਪੰਜ ਹੋਰ ਕੰਪਨੀਆਂ ਨੂੰ ਇਸ ਦੇ ਨਿਰਮਾਣ ਲਈ ਲਾਇਸੈਂਸ ਦਿੱਤਾ ਹੈ। ਸਰਕਾਰੀ ਸੂਤਰਾਂ ਅਨੁਸਾਰ ਪੀਐਮ ਮੋਦੀ ਲਗਾਤਾਰ ਇਸ ਸਬੰਧ ਵਿੱਚ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਹਨ । ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਇਹ ਦਵਾਈ ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਉਪਲੱਬਧ ਹੋਵੇ ਤਾਂ ਉਸਨੂੰ ਤੁਰੰਤ ਭਾਰਤ ਲਿਆਂਦਾ ਜਾਵੇ ।
ਉਨ੍ਹਾਂ ਦੀਆਂ ਹਦਾਇਤਾਂ ਤੋਂ ਬਾਅਦ ਵਿਸ਼ਵ ਭਰ ਵਿੱਚ ਫੈਲੇ ਭਾਰਤੀ ਦੂਤਘਰਾਂ ਨੇ ਆਪਣੇ-ਆਪਣੇ ਦੇਸ਼ਾਂ ਵਿੱਚ ਉਪਲਬਧ ਇਸ ਦਵਾਈ ਨੂੰ ਭਾਰਤ ਭੇਜਣਾ ਸ਼ੁਰੂ ਕਰ ਦਿੱਤਾ ਹੈ । ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨਾਂ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਲਈ ਅਮਰੀਕਾ ਦੀ ਗਲੀਅਡ ਸਾਇੰਸਜ਼ ਨਾਮ ਦੀ ਕੰਪਨੀ ਤੋਂ ਮਦਦ ਮਿਲੀ ਹੈ।
ਸਰਕਾਰੀ ਸੂਤਰਾਂ ਦੇ ਅਨੁਸਾਰ ਗਲਿਅਡ ਸਾਇੰਸਜ਼ ਐਂਬੀਸਾਮ ਨੂੰ ਫਾਰਮਾਸਿਊਟੀਕਲ ਕੰਪਨੀ ਮਾਈਲਨ ਦੇ ਰਾਹੀਂ ਭਾਰਤ ਭੇਜਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਰਹੀ ਹੈ। ਹੁਣ ਤੱਕ ਇਸਦੀਆਂ 121,000 ਸ਼ੀਸ਼ਿਆਂ ਭਾਰਤ ਭੇਜੀਆਂ ਜਾ ਚੁੱਕੀਆਂ ਹਨ ।
ਜਲਦੀ ਹੀ 85,000 ਸ਼ੀਸ਼ੀਆਂ ਦੇ ਭਾਰਤ ਪਹੁੰਚਣ ਦੀ ਉਮੀਦ ਹੈ। ਗਲਿਅਡ ਸਾਇੰਸਜ਼ ਨੇ ਮਾਇਲਨ ਰਾਹੀਂ ਭਾਰਤ ਵਿੱਚ ਐਂਬੀਸਾਮ ਦੀਆਂ 10 ਲੱਖ ਖੁਰਾਕਾਂ ਭਾਰਤ ਭੇਜਣ ਦਾ ਟੀਚਾ ਮਿੱਥਿਆ ਹੈ । ਕੰਪਨੀ ਨੇ ਇਹ ਵੀ ਕਿਹਾ ਹੈ ਕਿ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਉਪਲੱਬਧ ਇਸ ਦਵਾਈ ਦਾ ਸਟਾਕ ਹਟਾਇਆ ਜਾ ਰਿਹਾ ਹੈ ਅਤੇ ਇਸਨੂੰ ਭਾਰਤ ਭੇਜਿਆ ਜਾਵੇਗਾ।