ਬੇਕਾਬੂ ਹੋਏ ਕਰੋਨਾ ਦੇ ਕਹਿਰ ਕਰਕੇ ਏਥੇ ਸਰਕਾਰ ਨੇ ਏਨੇ ਸਮੇਂ ਲਈ ਹੋਰ ਵਧਾ ਦਿੱਤਾ ਲੌਕਡਾਊਨ-ਦੇਖੋ ਤਾਜ਼ਾ ਖ਼ਬਰ

ਉੜੀਸਾ ਤੇ ਤਿਲੰਗਾਨਾ ’ਚ ਕਰੋਨਾ ਦੇ ਕੇਸ ਵਧ ਰਹੇ ਹਨ। ਇਸ ਲਈ ਦੋਵਾਂ ਸੂਬਿਆਂ ਵਿੱਚ ਲੌਕਡਾਊਨ ਵਧਾ ਦਿੱਤਾ ਹੈ। ਤਿਲੰਗਾਨਾ ਕੈਬਨਿਟ ਨੇ ਲੌਕਡਾਊਨ 10 ਦਿਨ ਹੋਰ ਵਧਾਉਂਦਿਆਂ ਰੋਜ਼ਾਨਾ ਸਵੇਰੇ 6 ਤੋਂ ਦੁਪਹਿਰ ਇਕ ਵਜੇ ਤੱਕ ਰਾਹਤਾਂ ਦੇਣ ਦਾ ਐਲਾਨ ਕੀਤਾ ਹੈ। ਉੜੀਸਾ ਦੇ ਮੁੱਖ ਸਕੱਤਰ ਐਸਸੀ ਮੋਹਪਾਤਰਾ ਨੇ ਕਿਹਾ ਕਿ ਸੂਬੇ ’ਚ ਲੌਕਡਾਊਨ 16 ਹੋਰ ਦਿਨਾਂ ਲਈ 17 ਜੂਨ ਤੱਕ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਾਲੀਆਂ ਸਾਰੀਆਂ ਪਾਬੰਦੀਆਂ ਤੇ ਰਾਹਤਾਂ ਐਤਕੀਂ ਵੀ ਜਾਰੀ ਰਹਿਣਗੀਆਂ।

ਉਧਰ, ਉੱਤਰ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਨੇ ਘੱਟ ਸਰਗਰਮ ਕੇਸਾਂ ਵਾਲੇ ਜ਼ਿਲ੍ਹਿਆਂ ’ਚ ਕੁਝ ਰਾਹਤ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਕੇਰਲਾ, ਤਾਮਿਲਨਾਡੂ, ਮਹਾਰਾਸ਼ਟਰ ਤੇ ਗੋਆ ਨੇ ਲੌਕਡਾਊਨ ਜਾਂ ਪਾਬੰਦੀਆਂ ਜੂਨ ’ਚ ਇੱਕ ਹਫ਼ਤੇ ਤੋਂ ਲੈ ਕੇ 15 ਦਿਨਾਂ ਲਈ ਵਧਾ ਦਿੱਤੀਆਂ ਸਨ।

ਦਿੱਲੀ, ਮੱਧ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਨੇ ਕਰੋਨਾ ਦੇ ਨਵੇਂ ਕੇਸਾਂ ’ਚ ਗਿਰਾਵਟ ਕਾਰਨ ਕੁਝ ਰਾਹਤਾਂ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ’ਚ ਅੱਜ ਤੋਂ ਮੁੜ ਉਤਪਾਦਨ ਤੇ ਉਸਾਰੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਵੈਸੇ ਲੌਕਡਾਊਨ ਨਾਲ ਸਬੰਧਤ ਪਾਬੰਦੀਆਂ 7 ਜੂਨ ਤੱਕ ਜਾਰੀ ਰਹਿਣਗੀਆਂ।

ਲਖਨਊ ’ਚ ਯੂਪੀ ਦੇ ਮੁੱਖ ਸਕੱਤਰ ਆਰ ਕੇ ਤਿਵਾੜੀ ਨੇ ਐਲਾਨ ਕੀਤਾ ਕਿ ਲਖਨਊ ਸਮੇਤ 20 ਜ਼ਿਲ੍ਹਿਆਂ ਨੂੰ ਪਹਿਲੀ ਜੂਨ ਤੋਂ ਅਜੇ ਕੋਈ ਰਾਹਤ ਨਹੀਂ ਮਿਲੇਗੀ ਕਿਉਂਕਿ ਉਥੇ 600 ਤੋਂ ਵੱਧ ਕੇਸ ਹਨ। ਉਨ੍ਹਾਂ ਕਿਹਾ ਕਿ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਪੈਂਦੀਆਂ ਦੁਕਾਨਾਂ ਤੇ ਮਾਰਕਿਟਾਂ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੋਲ੍ਹੀਆ ਜਾ ਸਕਣਗੀਆਂ ਪਰ ਹਫ਼ਤਾਵਾਰੀ ਲੌਕਡਾਊਨ ਪਹਿਲਾਂ ਵਾਂਗ ਜਾਰੀ ਰਹੇਗਾ। ਇਸ ਦੇ ਨਾਲ ਰਾਤ ਦਾ ਕਰਫਿਊ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਜਾਰੀ ਰਹੇਗਾ।

ਮੇਰਠ, ਲਖਨਊ, ਵਾਰਾਨਸੀ, ਗਾਜ਼ੀਆਬਾਦ, ਗੋਰਖਪੁਰ, ਮੁਜ਼ੱਫਰਨਗਰ, ਬਰੇਲੀ ਅਤੇ ਗੌਤਮ ਬੁੱਧ ਨਗਰ ਦੇ ਜ਼ਿਲ੍ਹਿਆਂ ਨੂੰ ਪਾਬੰਦੀਆਂ ਤੋਂ ਰਾਹਤ ਨਹੀਂ ਮਿਲੀ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕਰੋਨਾ ਕਰਫਿਊ ਰਾਤ ਸਮੇਂ ਅਤੇ ਹਫ਼ਤੇ ਦੇ ਅਖੀਰਲੇ ਦਿਨਾਂ ’ਚ ਹੀ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ। ਉਂਜ ਵਿਦਿਅਕ ਅਦਾਰੇ 15 ਜੂਨ ਤੱਕ ਬੰਦ ਰਹਿਣਗੇ ਜਦਕਿ ਸਿਨੇਮਾਘਰ, ਮਲਟੀਪਲੈਕਸ, ਕਲੱਬ, ਸਪਾ, ਮਸਾਜ ਕੇਂਦਰ ਤੇ ਹੋਰ ਸਥਾਨ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੰਜ ਜ਼ਿਲ੍ਹਿਆਂ ਪੁਲਵਾਮਾ, ਅਨੰਤਨਾਗ, ਬਾਰਾਮੂਲਾ, ਕੁਪਵਾੜਾ ਤੇ ਬਡਗਾਮ ਨੂੰ ਰੈੱਡ ਜ਼ੋਨ ’ਚ ਜਦਕਿ 15 ਹੋਰਾਂ ਨੂੰ ਔਰੇਂਜ ਜ਼ੋਨ ’ਚ ਰੱਖਿਆ ਗਿਆ ਹੈ।

Leave a Reply

Your email address will not be published. Required fields are marked *