ਹੁਣੇ ਹੁਣੇ ਕੈਪਟਨ ਨੇ ਪੰਜਾਬ ਦੇ ਇਸ ਜ਼ਿਲ੍ਹੇ ਨੂੰ ਦਿੱਤਾ ਇਹ ਵੱਡਾ ਤੋਹਫ਼ਾ-ਛਾਈ ਖੁਸ਼ੀ ਦੀ ਲਹਿਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ‘ਵਿਸ਼ਵ ਵਾਤਾਵਰਣ ਦਿਵਸ’ ’ਤੇ ਜਲੰਧਰ ਸ਼ਹਿਰ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ 2 ਮੈਗਾ ਪ੍ਰਾਜੈਕਟ ਵਰਚੁਅਲ ਪ੍ਰੋਗਰਾਮ ਦੌਰਾਨ ਸਮਰਪਿਤ ਕਰਦਿਆਂ ਲੋਕਾਂ ਨੂੰ 47.74 ਕਰੋੜ ਰੁਪਏ ਦਾ ਤੋਹਫ਼ਾ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ’ਚ ਮੇਅਰ ਜਗਦੀਸ਼ ਰਾਜਾ, ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਐਡੀਸ਼ਨਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਇਸ ਪ੍ਰੋਗਰਾਮ ਵਿਚ ਭਾਗ ਲੈਂਦਿਆਂ ਕਿਹਾ ਕਿ ਇਹ ਪ੍ਰਾਜੈਕਟ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿਚ ਸਹਾਇਕ ਸਿੱਧ ਹੋਵੇਗਾ।

ਉਨ੍ਹਾਂ ਦੱਸਿਆ ਕਿ 35 ਕਰੋੜ ਦੀ ਲਾਗਤ ਨਾਲ ਵਰਿਆਣਾ ਡੰਪ ਸਥਾਨ ’ਤੇ ਲਗਭਗ 8 ਲੱਖ ਮੀਟ੍ਰਿਕ ਟਨ ਕੂੜੇ ਦਾ ਬਾਇਓ-ਰੈਮੇਡੀਏਸ਼ਨ ਪ੍ਰਾਜੈਕਟ ਨਾਲ ਨਿਪਟਾਰਾ ਸ਼ੁਰੂ ਕੀਤਾ ਜਾਣਾ ਹੈ, ਜਿੱਥੇ ਲਗਾਤਾਰ ਵਧ ਰਹੇ ਕੂੜੇ ਦੇ ਢੇਰਾਂ ਨੂੰ ਅਗਲੇ 2 ਸਾਲਾਂ ਵਿਚ ਸਾਇੰਟਿਫਿਕ ਤਰੀਕੇ ਨਾਲ ਖ਼ਤਮ ਕਰ ਦਿੱਤਾ ਜਾਵੇਗਾ, ਜਿਹੜਾ ਕਿ ਪਿਛਲੇ 30 ਸਾਲਾਂ ਤੋਂ ਇਸ ਸਥਾਨ ’ਤੇ ਸੁੱਟਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਇਸ ਪ੍ਰਾਜੈਕਟ ਦੇ ਲਾਗੂ ਹੋਣ ਤੋਂ ਬਾਅਦ 14 ਏਕੜ ਜ਼ਮੀਨ ਦੇ ਮੁੱਖ ਹਿੱਸੇ ਨੂੰ ਵਰਤੋਂ ਲਈ ਫਿਰ ਪ੍ਰਾਪਤ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਅਤੇ ਮੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਸ਼ਹਿਰ ਵਿਚ ਹਰਿਆਲੀ ਨੂੰ ਬੜ੍ਹਾਵਾ ਦੇਣ ਲਈ ਇਕ ਹੋਰ ਪ੍ਰਾਜੈਕਟ ਵੀ ਆਰੰਭ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗਰੀਨ ਏਰੀਆ ਪਾਰਕ ਵਿਕਾਸ ਪ੍ਰਾਜੈਕਟ ਤਹਿਤ 8.84 ਕਰੋੜ ਰੁਪਏ ਦੀ ਲਾਗਤ ਨਾਲ 7 ਪਾਰਕਾਂ ਨੂੰ ਡਿਵੈੱਲਪ ਕੀਤਾ ਗਿਆ ਹੈ।

ਇਨ੍ਹਾਂ ਪਾਰਕਾਂ ਵਿਚ ਓਪਨ ਜਿਮ, ਸਾਊਂਡ ਸਿਸਟਮ ਅਤੇ ਖੇਡ ਸਹੂਲਤਾਂ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਫਲਾਈਓਵਰਾਂ ਦੇ ਹੇਠਾਂ 3.90 ਕਰੋੜ ਦੀ ਲਾਗਤ ਨਾਲ 3 ਵਰਟੀਕਲ ਗਾਰਡਨ ਵਿਕਸਿਤ ਕੀਤੇ ਗਏ ਹਨ। ਇਨ੍ਹਾਂ ਵਰਟੀਕਲ ਗਾਰਡਨ ਵਿਚ ਫੋਕਸ ਲਾਈਟਾਂ ਅਤੇ ਡਰਿਪ ਇਰੀਗੇਸ਼ਨ ਸਿਸਟਮ ਵੀ ਸਥਾਪਿਤ ਕੀਤਾ ਗਿਆ ਹੈ।

ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਦੀ ਸਿਹਤ ਵਿਚ ਸੁਧਾਰ ਲਿਆਉਣ ਦੇ ਮੰਤਵ ਨਾਲ ਫਿਰ ਤੋਂ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਵੀ ਕੀਤੀ। ਇਸ ਦੌਰਾਨ ਹਰੀਪੁਰ ਪਿੰਡ ਦੀ ਕਬੱਡੀ ਖਿਡਾਰਨ ਗੁਰਪ੍ਰੀਤ ਕੌਰ ਨੇ ਵੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡਾਂ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਅਮਿਤ ਸਰੀਨ, ਸਹਾਇਕ ਕਮਿਸ਼ਨਰ ਹਰਦੀਪ ਸਿੰਘ ਅਤੇ ਡੀ. ਡੀ. ਪੀ. ਓ. ਇਕਬਾਲਜੀਤ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *