ਝੋਨੇ ਦੇ ਸੀਜ਼ਨ ਦੇ ਪਹਿਲੇ ਦਿਨ ਹੀ ਬਿਜਲੀ ਬੋਰਡ ਤੇ ਆਇਆ ਇਹ ਵੱਡਾ ਸੰਕਟ

ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਹੁੰਦਿਆਂ ਹੀ ਪੀਐੱਸਪੀਸੀਐੱਲ ’ਤੇ ਮੁਸੀਬਤਾਂ ਪੈਣੀਆਂ ਵੀ ਸ਼ੁਰੂ ਹੋ ਗਈਆਂ ਹਨ। ਪੰਜਾਬ ਵਿਚ ਬਿਜਲੀ ਦੀ ਮੰਗ ਨੂੰ ਪੂਰਾ ਕਰਨਾ ਜਿਥੇ ਵੱਡੀ ਚਣੌਤੀ ਹੈ ਉਥੇ ਹੀ ਸਨੱਅਤੀ ਸਮੱਗਰੀ ਦੀ ਘਾਟ ਵੀ ਵੱਡੀ ਔਕੜ ਬਣ ਗਈ ਹੈ। ਭਾਵੇਂ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਵੱਲੋਂ ਸਪਾਟ ਖਰੀਦ ਦੇ ਹੁਕਮ ਦਿੱਤੇ ਗਏ ਹਨ ਪਰ ਇੰਜੀਨੀਅਰਾਂ ਨੇ ਇਸ ਨੂੰ ਗਲਤ ਠਹਿਰਾਉਂਦਿਆਂ ਹੱਥ ਖਡ਼੍ਹੇ ਕਰ ਦਿੱਤੇ ਹਨ।

ਪੀਐੱਸਪੀਸੀਐੱਲ ਖਰੀਦ ਨਿਯਮ ਵਿਚ ‘ਸਪਾਟ ਖਰੀਦ’ ਸਬੰਧੀ ਸਪੱਸ਼ਟ ਹੈ ਕਿ ਸਪਾਟ ਖਰੀਦ ਸਿਰਫ ਅਤਿ ਸੰਕਟਕਾਲੀਨ ਸਥਿਤੀਆਂ ਵਿੱਚ ਕੀਤੀ ਜਾਣੀ ਹੈ ਪਰ ਮੌਜੂਦਾ ਦਿਨਾਂ ਵਿਚ ਵੀ ਇਨਾਂ ਸ਼ਕਤੀਆਂ ਨੂੰ ਵਰਤਣ ਦੇ ਹੁਕਮ ਤੋਂ ਸਪੱਸ਼ਟ ਹੁੰਦਾ ਹੈ ਕਿ ਪੀਐੱਸਪੀਸੀਐੱਲ ਕੋਲ ਸਮੱਗਰੀ ਦੀ ਗੰਭੀਰ ਘਾਟ ਹੈ। ਇੰੰਜੀਨੀਅਰ ਦੱਸਦੇ ਹਨ ਕਿ ਸਾਰੀ ਲੋਡ਼ੀਂਦੀ ਸਮੱਗਰੀ ਤਕਨੀਕੀ ਹੁੰਦੀ ਹੈ, ਅਜਿਹੀ ਸਮੱਗਰੀ ਬਾਜ਼ਾਰ ਵਿੱਚ ਆਮ ਤੌਰ ’ਤੇ ਉਪਲਬਧ ਵੀ ਨਹੀਂ ਹੁੰਦੀ ਹੈ। ਪੀਐੱਸਪੀਸੀਐੱਲ ਕੋਲ ਪਹਿਲਾਂ ਹੀ ਵਿਸ਼ੇਸ਼ ਸੰਗਠਨਾਂ ਦੁਆਰਾ ਕੇਂਦਰੀਕਰਨ ਵਾਲੇ ਸਾਮਾਨ ਦੀ ਖਰੀਦ ਦੀ ਇੱਕ ਸਮੇਂ ਦੀ ਪਰਖ, ਮਜ਼ਬੂਤ ਨੀਤੀ ਹੈ ਅਤੇ ਖਰੀਦ ਨੀਤੀ ਵਿੱਚ ਇਹ ਤਬਦੀਲੀ, ਸਪਾਟ ਖਰੀਦ ਦੁਆਰਾ ਫੀਲਡ ਅਧਿਕਾਰੀਆਂ ਨੂੰ ਰੁਟੀਨ ਸਮੱਗਰੀ ਦੀ ਖਰੀਦ ਲਈ ਮਜਬੂਰ ਕਰਨਾ ਚੰਗੇ ਸੰਕੇਤ ਨਹੀਂ ਹਨ। ਇੱਕ ਟ੍ਰਾਂਸਫਾਰਮਰ ਦੀ ਰੁਟੀਨ ਟੈਸਟਿੰਗ ਲਈ ਘੱਟੋ-ਘੱਟ 16 ਘੰਟੇ ਦੇ ਟੈਸਟ ਦੀ ਲੋਡ਼ ਹੁੰਦੀ ਹੈ. ਜਦੋਂਕਿ ਸਪਾਟ ਖਰੀਦ ਲਈ ਇਹ ਸੰਭਵ ਨਹੀਂ ਹੋ ਸਕੇਗਾ।

ਨੀਂਦ ’ਚੋਂ ਜਾਗੇ ਪੀਐੱਸਪੀਸੀਐੱਲ, ਬਿਜਲੀ ਢਾਂਚੇ ਨੂੰ ਹੋਵੇਗਾ ਨੁਕਸਾਨ : ਇੰਜੀਨੀਅਰ
ਪੀਐੱਸਈਬੀ ਇੰਜੀਨੀਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜ. ਅਜੇਪਾਲ ਸਿੰਘ ਅਟਵਾਲ ਤੇ ਪ੍ਰਧਾਨ ਜਸਵੀਰ ਸਿੰਘ ਧੀਮਾਨ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਸਪਾਟ ਖਰੀਦ ਲਈ ਅਧਿਕਾਰਤ ਫੀਲਡ ਅਫਸਰ’ ਹੋਣ ਦੀ ਗੱਲ ਕਹਿਣਾ ਤੱਥਾਂ ਤੋਂ ਉਲਟ ਹੈ। ਸਮੱਗਰੀ ਦੀ ਖਰੀਦ ਨੂੰ ਪਹਿਲਾਂ ਯਕੀਨੀ ਨਾ ਬਣਾਉਣਾ ਅਤੇ ਹੁਣ ਸਟਾਪਗੈਪ ਅਤੇ ਅਨਟੈਸਟਿਡ ਪ੍ਰਬੰਧਾਂ ਨਾਲ ਸਿਰਫ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਹੋਵੇਗਾ। ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਪੀਐੱਸਪੀਸੀਐੱਲ ਪ੍ਰਬੰਧਨ ਇਸ ਨੀਂਦ ਤੋਂ ਜਾਗੇ ਅਤੇ ਸਮੱਗਰੀ ਖਰੀਦਣ ਲਈ ਤੁਰੰਤ ਜ਼ਰੂਰੀ ਕਦਮ ਚੁੱਕੇ ਜਾਣ।

ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਤੋਂ ਟੱਪੀ – ਝੋਨੇ ਦੇ ਸੀਜ਼ਨ ਦੇ ਪਹਿਲੇ ਦਿਨ ਬਿਜਲੀ ਦੀ ਮੰਗ ਵਿਚ ਅਥਾਹ ਵਾਧਾ ਦਰਜ ਕੀਤਾ ਗਿਆ ਹੈ। ਬੀਤੇ ਦਿਨ ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਤੋਂ ਪਾਰ ਸੀ ਜੋ ਕਿ ਹੁਣ 11 ਹਜ਼ਾਰ ਮੈਗਾਵਾਟ ਤੋਂ ਟੱਪ ਗਈ ਹੈ। ਵੀਰਵਾਰ ਨੂੰ ਸੂਬੇ ’ਚ ਬਿਜਲੀ ਦੀ ਮੰਗ 11 ਹਜ਼ਾਰ 313 ਮੈਗਾਵਾਟ ਦਰਜ ਕੀਤੀ ਗਈ ਹੈ। ਇਸ ਮੰਗ ਨੂੰ ਪੂਰਾ ਕਰਨ ਲਈ 4580 ਮੈਗਾਵਾਟ ਸੂਬੇ ਤੋਂ ਅਤੇ 6715 ਮੈਗਾਵਾਟ ਬਿਜਲੀ ਬਾਹਰੀ ਸਰੋਤਾਂ ਤੋਂ ਹਾਸਲ ਕੀਤੀ ਗਈ ਹੈ। ਲਹਿਰਾ ਮੁਹੱਬਤ ਪਾਵਰ ਪਲਾਂਟ ਦੇ ਤਿੰਨ ਯੂਨਿਟ ਤੇ ਰੋਪਡ਼ ਦੇ ਦੋ ਯੂਨਿਆਂ ਤੋਂ 701 ਮੈਗਾਵਾਟ, ਰਣਜੀ ਸਾਗਰ ਡੈਮ ਦੇ ਦੋ ਯੂਨਿਟਾਂ ਤੋਂ 238 ਅਤੇ ਛੋਟੇ ਹਾਈਡਰੋ ਪਾਵਰ ਪਲਾਂਟਾਂ ਤੋਂ 505 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਜਪੁਰਾ ਤੇ ਤਲਵੰਡੀ ਸਾਬੋ ਦੇ ਦੋ-ਦੋ ਯੁਨਿਟ, ਜੀਵੀਕੇ ਦਾ ਇਕ ਯੂਨਿਟ ਤੋਂ 2800 ਮੈਗਾਵਾਟ ਅਤੇ ਸੋਲਰ ਤੋਂ 350 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ।

ਬੰਦ ਨਹੀਂ ਹੋ ਰਹੀ ਫੋਨ ਦੀ ਘੰਟੀ, ਸ਼ਿਕਾਇਤਾਂ ਵੀ ਵਧੀਆਂ – ਸੂਬੇ ਵਿਚ ਬਿਜਲੀ ਦੀ ਮੰਗ ਤੇ ਗਰਮੀ ਦੇ ਵਧਣ ਨਾਲ ਸਪਲਾਈ ਕੱਟਣ ਦੀਆਂ ਸ਼ਿਕਾਇਤਾਂ ਵੀ ਵਧਣ ਲੱਗੀਆਂ ਹਨ ਦੂਜੇ ਪਾਸੇ ਇੰਜੀਨੀਅਰਾਂ ਵੱਲੋਂ ਆਪਣੇ ਫੋਨ ਬੰਦ ਕਰਨ ਕਾਰਨ ਹਾਲਤ ਹੋਰ ਵੀ ਵਿਗਡ਼ ਗਈ ਹੈ। ਅੰਕਡ਼ਿਆਂ ਅਨੁਸਾਰ ਆਮ ਦਿਨਾਂ ਨਾਲੋਂ ਇਨ੍ਹਾਂ ਦਿਨਾਂ ਵਿਚ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ ਵਿਚ ਦੋਗੁਣਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਪੀਐੱਸਪੀਸੀਐੱਲ ਦੇ ਮੁੱਖ ਦਫਤਰ ਕੋਲ ਪੰਜਾਬ ਭਰ ’ਚੋਂ ਬਿਜਲੀ ਬੰਦ ਹੋਣ ਸਬੰਧੀ 25 ਹਜ਼ਾਰ 863 ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ’ਚੋਂ ਬੀਤੀ ਸ਼ਾਮ ਤਕ 932 ਸ਼ਿਕਾਇਤਾਂ ਦਾ ਹੱਲ ਹੋਣਾ ਬਕਾਇਆ ਹੈ। ਪੀਐੱਸਪੀਸੀਐੱਲ ਨੂੰ ਆਮ ਦਿਨਾਂ ਵਿਚ 13 ਤੋਂ 14 ਹਜ਼ਾਰ ਸ਼ਿਕਾਇਤਾਂ ਮਿਲਦੀਆਂ ਹਨ ਪਰ ਗਰਮੀ ਤੇ ਬਿਜਲੀ ਦੀ ਮੰਗ ਵਧਣ ਵਾਲੇ ਦਿਨਾਂ ਵਿਚ ਫੋਨ ਦੀ ਘੰਟੀ ਲਗਾਤਾਰ ਵੱਜਦੀ ਰਹਿੰਦੀ ਹੈ।

Leave a Reply

Your email address will not be published. Required fields are marked *