ਪੰਜਾਬੀ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਮੁੱਖ ਮੰਤਰੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ ਨਾਲ ਸਾਡੇ ਸਾਰਿਆਂ ਲਈ ਅਸਹਿ ਦੁੱਖ ਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ । ਉਹ ਪਿਛਲੇ ਦਿਨੀਂ ਹੀ ਕੋਵਿਡ-19 ਪਾਜ਼ੀਟਿਵ ਪਾਏ ਗਏ ਸਨ ਤੇ ਜ਼ੇਰੇ ਇਲਾਜ ਸਨ।
ਉਨ੍ਹਾਂ ਦੀ ਪੰਜਾਬੀ ਸੰਗੀਤ ਨੂੰ ਦੇਣ ਬਹੁਤ ਵੱਡੀ ਹੈ ਜੋ ਸਦਾ ਸਾਡੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ । ਮੇਰੀਆਂ ਅਰਦਾਸਾਂ ਸਿਕੰਦਰ ਜੀ ਦੇ ਪਰਿਵਾਰ ਦਾ ਨਾਲ ਹਨ। ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ ਵਿੱਚ ਥਾਂ ਦੇਣ।
ਗੌਰਤਲਬ ਹੈ ਕਿ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਰਦੂਲ ਸਿਕੰਦਰ ਨੂੰ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵੱਜੋਂ ਜਾਣਿਆ ਜਾਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸਰਦੂਲ ਸਿਕੰਦਰ ਪਿਛਲੇ ਡੇਢ ਮਹੀਨੇ ਤੋਂ ਮੋਹਾਲੀ ਦੇ ਫੇਜ਼-8 ਵਿਖੇ ਸਥਿਤ ਫੋਰਟਿਸ ਹਸਪਤਾਲ ਵਿੱਚ ਕੋਰੋਨਾ ਮਹਾਂਮਾਰੀ ਦਾ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਅਤੇ ਆਮ ਜਨਤਾ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਦੱਸ ਦੇਈਏ ਕਿ ਸਰਦੂਲ ਸਿਕੰਦਰ ਨੇ ਸਿੰਘੂ ਬਾਰਡਰ ‘ਤੇ ਜਾ ਕੇ ਜਾਰੀ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦਾ ਸਮਰਥਨ ਵੀ ਕੀਤਾ ਸੀ। ਉਹ ਚੰਗੀ ਅਵਾਜ ਦੇ ਮਾਲਕ ਸਨ। ਬਹੁਤ ਸਾਰੇ ਕਲਾਕਾਰਾਂ ਨੇ ਵੀ ਉਨ੍ਹਾਂ ਤੋਂ ਗਾਇਕੀ ਦੀ ਸਿੱਖਿਆ ਲਈ ਸੀ। ਸਰਦੂਲ ਸਿਕੰਦਰ ਦੀ ਅਵਾਜ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਹੀ ਪਸੰਦ ਕੀਤਾ ਗਿਆ ਹੈ।