ਮੌਸਮ ਵਿਭਾਗ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਪੂਰਬੀ ਹਵਾਵਾਂ ਚੱਲਣ ਨਾਲ ਦੱਖਣ-ਪੱਛਮੀ ਮੌਨਸੂਨ ਦੇ ਅੱਗੇ ਵਧਣ ਲਈ ਸਥਿਤੀਆਂ ਅਨੁਕੂਲ ਹੋ ਗਈਆਂ ਹਨ। ਅਗਲੇ 24 ਘੰਟਿਆਂ ’ਚ ਇਸ ਦੇ ਦਿੱਲੀ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ’ਚ ਛਾ ਜਾਣ ਦੀ ਸੰਭਾਵਨਾ ਹੈ।
ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ਤੋਂ ਹੇਠਲੇ ਪੱਧਰ ਦੀਆਂ ਪੂਰਬੀ ਹਵਾਵਾਂ ਉੱਤਰ-ਪੱਛਮ ਵੱਲ ਵਧੀਆਂ ਹਨ ਜਿਹੜੀਆਂ ਦਿੱਲੀ, ਹਰਿਆਣਾ ਤੇ ਪੂਰਬੀ ਰਾਜਸਥਾਨ ਪੁੱਜ ਰਹੀਆਂ ਹਨ। ਇਸ ਖੇਤਰ ’ਚ ਹੇਠਲੇ ਪੱਧਰ ਦੀ ਨਮੀ ਵੀ ਵੱਧ ਗਈ ਹੈ। ਵਿਭਾਗ ਮੁਤਾਬਕ, ਬਾਅਦ ਦੇ 48 ਘੰਟਿਆਂ ’ਚ ਮੌਨਸੂਨ ਦੇ ਦੇਸ਼ ਦੇ ਬਾਕੀ ਹਿੱਸਿਆਂ ’ਚ ਵੀ ਪੁੱਜ ਜਾਣ ਲਈ ਹਾਲਾਤ ਅਨੁਕੂਲ ਹਨ।
ਏਐੱਨਆਈ ਮੁਤਾਬਕ, ਐਤਵਾਰ ਲਈ ਕੇਰਲ ਦੇ ਮਲਪੁਰਮ, ਕੋਝੀਕੋਡ, ਵਾਇਨਾਡ, ਕੰਨੂਰ ਤੇ ਕਾਸਰਗੌੜ ਜ਼ਿਲ੍ਹਿਆਂ ਲਈ ਆਰੇਂਜ ਅਲਰਟ (ਕਿਤੇ-ਕਿਤੇ ਬਹੁਤ ਭਾਰੀ ਬਾਰਿਸ਼) ਜਾਰੀ ਕੀਤਾ ਗਿਆ ਹੈ। ਸੋਮਵਾਰ ਲਈ ਕੰਨੂਰ ਤੇ ਕਾਸਰਗੌੜ ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਆਈਏਐੱਨਐੱਸ ਮੁਤਾਬਕ, ਵਿਭਾਗ ਵੱਲੋਂ ਐਤਵਾਰ ਤੇ ਸੋਮਵਾਰ ਲਈ ਤੱਟੀ ਕਰਨਾਟਕ ਲਈ ਰੈੱਡ ਅਲਰਟ (ਬਹੁਤ ਭਾਰੀ ਬਾਰਿਸ਼), ਚਾਰ ਜ਼ਿਲ੍ਹਿਆਂ ’ਚ ਆਰੇਂਜ ਅਲਰਟ ਤੇ 12 ਜ਼ਿਲ੍ਹਿਆਂ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮਛੇਰਿਆਂ ਨੂੰ ਸਮੁੰਦਰ ’ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |