ਏਥੇ ਆਏ ਭਿਆਨਕ ਮੀਂਹ ਨਾਲ ਲਾਸ਼ਾਂ ਦੇ ਲੱਗੇ ਢੇਰ-ਪੂਰੇ ਦੇਸ਼ ਚ’ ਛਾਈ ਸੋਗ ਦੀ ਲਹਿਰ

ਮਹਾਰਾਸ਼ਟਰ ’ਚ ਪਿਛਲੇ ਕੁਝ ਦਿਨਾਂ ਤੋਂ ਪੈ ਰਿਹਾ ਮੋਹਲੇਦਾਰ ਮੀਂਹ ਸੂਬੇ ਦੇ ਕਈ ਲੋਕਾਂ ’ਤੇ ਕਹਿਰ ਬਣ ਕੇ ਟੁੱਟਿਆ ਹੈ। ਇਸ ਕਾਰਨ ਪਿਛਲੇ ਦੋ ਦਿਨਾਂ ’ਚ ਸੌ ਤੋਂ ਜ਼ਿਆਦਾ ਲੋਕਾਂ ਨੂੰ ਜਾਨ ਗੁਆਉਣੀ ਪਈ ਹੈ। 24 ਘੰਟਿਆਂ ’ਚ ਰਾਏਗੜ੍ਹ, ਰਤਨਾਗਿਰੀ ਤੇ ਸਤਾਰਾ ’ਚ ਹੋਈਆਂ ਇਨ੍ਹਾਂ ਘਟਨਾਵਾਂ ’ਚ ਕਈ ਲੋਕ ਹਾਲੇ ਵੀ ਮਲਬੇ ਹੇਠਾਂ ਦੱਬੇ ਹਨ। ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ’ਚ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਐੱਨਡੀਆਰਐੱਫ ਤੇ ਐੱਸਡੀਆਰਐੱਫ ਤੋਂ ਇਲਾਵਾ ਨੇਵੀ ਨੇ ਵੀ ਮੋਰਚਾ ਸੰਭਾਲਿਆ ਹੋਇਆ ਹੈ।

ਮਹਾਰਾਸ਼ਟਰ ਦੇ ਸਮੁੰਦਰ ਤੱਟੀ ਕੋਂਕਣ, ਰਾਏਗੜ੍ਹ ਤੇ ਪੱਛਮੀ ਮਹਾਰਾਸ਼ਟਰ ’ਚ ਪਿਛਲੇ ਤਿੰਨ ਦਿਨਾਂ ਤੋਂ ਮੋਹਲੇਦਾਰ ਬਾਰਿਸ਼ ਹੋ ਰਹੀ ਹੈ। ਇਸੇ ਇਲਾਕੇ ’ਚ ਸਥਿਤ ਮਸ਼ਹੂਰ ਸੈਰ ਸਪਾਟੇ ਵਾਲੇ ਮਹਾਬਲੇਸ਼ਵਰ ’ਚ ਪਿਛਲੇ ਤਿੰਨ ਦਿਨਾਂ ’ਚ 1500 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਭਾਰੀ ਬਰਸਾਤ ਕਾਰਨ ਰਤਨਾਗਿਰੀ ਜ਼ਿਲ੍ਹੇ ਦੇ ਚਿਪਲੂਣ ਸ਼ਹਿਰ ਦਾ ਵੱਡਾ ਹਿੱਸਾ ਪਾਣੀ ’ਚ ਡੁੱਬ ਗਿਆ ਹੈ।

ਸ਼ੁੱਕਰਵਾਰ ਨੂੰ ਚਿਪਲੂਣ ’ਚ ਪਾਣੀ ਦਾ ਪੱਧਰ ਘੱਟ ਹੋਣ ਤੋਂ ਬਾਅਦ ਉੱਥੇ ਹੋਏ ਨੁਕਸਾਨ ਦੀ ਭਿਆਨਕ ਤਸਵੀਰ ਦਿਖਾਈ ਦਿੱਤੀ। ਕਈ ਇਲਾਕਿਆਂ ’ਚ ਪਹਾੜਾਂ ’ਤੇ ਜ਼ਮੀਨ ਖਿਸਕਣ ਨਾਲ ਸੌ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਰਾਏਗੜ੍ਹ ਤੇ ਤਲਈ ਪਿੰਡ ’ਚ 38 ਤੇ ਪੋਲਾਦਪੁਰ ’ਚ 11 ਲੋਕਾਂ ਦੀ ਜ਼ਮੀਨ ਖਿਸਕਣ ਕਾਰਨ ਮੌਤ ਦੀ ਖ਼ਬਰ ਹੈ। ਸਤਾਰਾ ਜ਼ਿਲ੍ਹੇ ਦੇ ਮਿਰਗਾਓਂ ’ਚ ਜ਼ਮੀਨ ਖਿਸਕਣ ਨਾਲ 12 ਲੋਕਾਂ ਦੇ ਮਾਰੇ ਜਾਣ ਤੇ ਆਂਬੇਘਰ ’ਚ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਦੇ ਦੱਬੇ ਹੋਣ ਦੀ ਸੂਚਨਾ ਹੈ। ਰਤਨਾਗਿਰੀ ਦੇ ਖੇਡ ਤਾਲੁਕਾ ਸਥਿਤ ਧਾਮਨੰਦ ਬੌਧਵਾੜੀ ’ਚ ਵੀ ਜ਼ਮੀਨ ਖਿਸਕਣ ਨਾਲ 17 ਲੋਕ ਮਾਰੇ ਗਏ ਹਨ।

ਇਨ੍ਹਾਂ ਸਾਰੀਆਂ ਥਾਵਾਂ ’ਤੇ ਬਚਾਅ ਦਾ ਕੰਮ ਜਾਰੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਵੀਰਵਾਰ ਨੂੰ ਹੜ੍ਹ ’ਚ ਡੁੱਬੇ ਰਹੇ ਚਿਪਲੂਣ ਸ਼ਹਿਰ ਦੇ ਇਕ ਕੋਰੋਨਾ ਸੈਂਟਰ ’ਚ ਆਕਸੀਜਨ ਨਾ ਮਿਲਣ ਨਾਲ ਵੀ ਅੱਠ ਲੋਕਾਂ ਦੀ ਜਾਨ ਜਾਣ ਦੀ ਵੀ ਖ਼ਬਰ ਹੈ। ਮੁੰਬਈ ਦੇ ਗੋਵੰਡੀ ਖੇਤਰ ’ਚ ਇਕ ਦੋ ਮੰਜ਼ਿਲਾ ਘਰ ਡਿੱਗ ਜਾਣ ਨਾਲ ਚਾਰ ਲੋਕ ਮਾਰੇ ਗਏ ਤੇ ਸੱਤ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ।

ਕੋਂਕਣ ਦੇ ਰਤਨਾਗਿਰੀ ਤੇ ਰਾਏਗੜ੍ਹ ਜ਼ਿਲ੍ਹਿਆਂ ’ਚ ਜਿੱਥੇ ਬਰਸਾਤ ਦਾ ਪਾਣੀ ਸ਼ੁੱਕਰਵਾਰ ਨੂੰ ਉਤਰਦਾ ਦਿਖਾਈ ਦਿੱਤਾ, ਉੱਥੇ ਪੱਛਮੀ ਮਹਾਰਾਸ਼ਟਰ ਦੇ ਕੋਲ੍ਹਾਪੁਰ, ਸਾਂਗਲੀ ਤੇ ਸਤਾਰਾ ਦੀਆਂ ਨਦੀਆਂ ਚੜ੍ਹਾਅ ’ਤੇ ਦਿਖਾਈ ਦਿੱਤੀਆਂ। ਕੋਲ੍ਹਾਪੁਰ ਦੀ ਪੰਚਗੰਗਾ ਇਕ ਦਿਨ ਪਹਿਲਾਂ ਤੋਂ ਹੀ ਭਿਆਨਕ ਰੂਪ ਦਿਖਾ ਰਹੀ ਹੈ। ਸ਼ੁੱਕਰਵਾਰ ਨੂੰ ਸਾਂਗਲੀ ਦੀ ਕ੍ਰਿਸ਼ਨਾ ਨਦੀ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲੀ ਗਈ। ਇਨ੍ਹਾਂ ਨਦੀਆਂ ਦਾ ਪਾਣੀ ਦਾ ਪੱਧਰ ਵਧਣ ਨਾਲ ਸ਼ਹਿਰਾਂ ’ਚ ਵੀ ਕਈ ਹਿੱਸਿਆਂ ’ਚ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਗਈ ਹੈ। ਪੁਣੇ-ਬੈਂਗਲੁਰੂ ਹਾਈਵੇ ਪਾਣੀ ਨਾਲ ਡੁੱਬਿਆ ਦਿਖਾਈ ਦੇ ਰਿਹਾ ਹੈ। ਇਨ੍ਹਾਂ ਇਲਾਕਿਆਂ ’ਚ ਰਾਹਤ ਕਾਰਜਾਂ ’ਚ ਲੱਗੀਆਂ ਟੀਮਾਂ ਨਾਗਰਿਕਾਂ ਨੂੰ ਛੱਤਾਂ ’ਤੇ ਜਾਣ ਦੀ ਅਪੀਲ ਕਰ ਰਹੀਆਂ ਹਨ। ਜ਼ਿਆਦਾ ਪਾਣੀ ਭਰਨ ਵਾਲੇ ਇਲਾਕਿਆਂ ’ਚ ਲੋਕਾਂ ਨੂੰ ਸੁਰੱਖਿਅਤ ਖੇਤਰਾਂ ’ਚ ਲਿਜਾਂਦਾ ਜਾ ਰਿਹਾ ਹੈ।

Leave a Reply

Your email address will not be published. Required fields are marked *