ਏਥੇ ਮੀਂਹ ਨੇ ਮਚਾਈ ਵੱਡੀ ਤਬਾਹੀ-ਮੌਕੇ ਤੇ 113 ਲੋਕਾਂ ਦੀ ਮੌਤ ਤੇ 100 ਲਾਪਤਾ

ਦੇਸ਼ ਦੇ ਕਈ ਹਿੱਸਿਆਂ ‘ਚ ਭਾਰੀ ਮੀਂਹ ਨਾਲ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ। ਮਹਾਰਾਸ਼ਟਰ ‘ਚ ਹੜ੍ਹ, ਜ਼ਮੀਨ ਖਿਸਕਣ ਤੇ ਭਾਰੀ ਮੀਂਹ ਕਾਰਨ ਹੋਏ ਹਾਦਸਿਆਂ ‘ਚ ਬੀਤੇ 24 ਘੰਟਿਆਂ ‘ਚ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਨਾਲ ਹੀ ਇਨ੍ਹਾਂ ਹਾਦਸਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 113 ਹੋ ਗਈ ਹੈ ਜਦਕਿ 100 ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। ਦੂਜੇ ਪਾਸੇ ਉਤਰੀ ਕਰਨਾਟਕ ‘ਚ ਬੀਤੇ ਦੋ ਹਫ਼ਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਹਜ਼ਾਰਾਂ ਲੋਕ ਉਜੜ ਗਏ ਹਨ। ਅਧਿਕਾਰਤ ਬਿਆਨ ਮੁਤਾਬਕ ਸੂਬੇ ਦੇ ਹੇਠਲੇ ਇਲਾਕੇ ਤੋਂ ਹੁਣ ਤਕ ਘੱਟ ਤੋਂ ਘੱਟ 31,360 ਲੋਕਾਂ ਨੂੰ ਕੱਢਿਆ ਗਿਆ ਹੈ।

ਪਿਛਲੇ 72 ਘੰਟਿਆਂ ‘ਚ ਘੱਟੋ-ਘੱਟ ਨੌ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਹੋਰ ਲਾਪਤਾ ਹਨ। ਭਾਰੀ ਮੀਂਹ ਤੇ ਹੜ੍ਹ ਨਾਲ 3,502 ਤੋਂ ਜ਼ਿਆਦਾ ਬਿਜਲੀ ਦੇ ਖੰਭੇ ਉਖੜ ਗਏ ਹਨ। ਜਿਸ ਨਾਲ ਕਈ ਪਿੰਡਾਂ ਦੀ ਬਿਜਲੀ ਦੀ ਸਪਲਾਈ ਬੰਦ ਹੋ ਗਈ ਹੈ। ਇਹੀ ਨਹੀਂ ਲਗਪਗ 59,000 ਹੈਕਟੇਅਰ ‘ਚ ਖੇਤੀ ਫਸਲਾਂ ਤੇ ਲਗਪਗ 2,000 ਹੈਕਟੇਅਰ ਬਾਗਬਾਣੀ ਫਸਲਾਂ ਡੁੱਬ ਗਈਆਂ ਹਨ।

ਹਿਮਾਚਲ ‘ਚ ਪੱਥਰ ਡਿੱਗਣ ਨਾਲ ਨੌ ਲੋਕਾਂ ਦੀ ਗਈ ਜਾਨ – ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿਚ ਪਹਾੜੀ ਤੋਂ ਲਾਗਾਤਾਰ ਚੱਟਾਨਾਂ ਡਿੱਗਣ ਦਾ ਸਿਲਸਿਲਾ ਜਾਰੀ ਹੈ, ਐਤਵਾਰ ਨੂੰ ਇਸੇ ਦੇ ਚਲਦੇ ਇਕ ਵੱਡਾ ਹਾਦਸਾ ਹੋਇਆ, ਜਿਸ ਵਿਚ 9 ਲੋਕਾਂ ਦੀ ਜਾਨ ਚਲੀ ਗਈ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਾਰੇ ਸੈਲਾਨੀ ਸੀ ਜੋ ਦਿੱਲੀ-ਐੱਨਸੀਆਰ ਤੋਂ ਆਏ ਸੀ।ਹਾਦਸਾ ਦੁਪਹਿਰ ਡੇਢ ਵਜੇ ਦੇ ਆਸ-ਪਾਸ ਦਾ ਹੈ। ਸ਼ਨਿਚਰਵਾਰ ਨੂੰ ਵੀ ਇਸੇ ਜਗ੍ਹਾ ‘ਤੇ ਜ਼ਮੀਨ ਖਿਸਕੀ ਸੀ ਤੇ ਸੈਲਾਨੀ ਵਾਲ-ਵਾਲ ਬਚੇ ਸੀ।

ਦੇਸ਼ ਭਰ ‘ਚ 150 ਟੀਮਾਂ ਤਾਇਨਾਤ-ਕੇਰਲ ਦੇ ਵੱਖ-ਵੱਖ ਇਲਾਕਿਆਂ ‘ਚ ਭਾਰੀ ਮੀਂਹ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਨਿਊਜ਼ ਏਜੰਸੀ ਏਐਨਆਈ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਐਨਡੀਆਰਐਫ ਦੀਆਂ ਲਗਪਗ 150 ਟੀਮਾਂ ਦੇਸ਼ ਭਰ ‘ਚ ਹੜ੍ਹ ਤੇ ਭੂਮੀ ਖਿਸਕਣ ਨਾਲ ਪ੍ਰਭਾਵਿਤ ਖੇਤਰਾਂ ‘ਚ ਰਾਹਤ ਤੇ ਬਚਾਅ ਕੰਮਾਂ ‘ਚ ਲੱਗੀ ਹੋਈ ਹੈ।

ਇਕੱਲੇ ਮਹਾਰਾਸ਼ਟਰ ‘ਚ 34 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸੱਤ ਟੀਮਾਂ ਨੂੰ ਕਰਨਾਟਕ ਦੇ ਵੱਖ-ਵੱਖ ਇਲਾਕਿਆਂ ‘ਚ ਤਾਇਨਾਤ ਕੀਤਾ ਗਿਆ ਹੈ। ਐਨਡੀਆਰਐਫ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਭਾਰੀ ਬਾਰਿਸ਼ ਜਾਰੀ ਰਹਿਣ ਦੇ ਚੱਲਦਿਆਂ ਉਨ੍ਹਾਂ ਨੂੰ ਰਾਹਤ ਤੇ ਬਚਾਅ ਕੰਮਾਂ ‘ਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।

Leave a Reply

Your email address will not be published. Required fields are marked *