ਮੌਸਮ ਵਿਭਾਗ (ਆਈਐੱਮਡੀ) ਨੇ ਐਤਵਾਰ ਨੂੰ ਦੱਸਿਆ ਕਿ ਜੁਲਾਈ ਵਿਚ ਬਾਰਿਸ਼ ਆਮ ਨਾਲੋਂ ਸੱਤ ਫ਼ੀਸਦੀ ਘੱਟ ਦਰਜ ਕੀਤੀ ਗਈ। ਪਰ ਪਹਿਲੀ ਜੂਨ ਤੋਂ 31 ਜੁਲਾਈ ਤਕ ਦੇਸ਼ ਵਿਚ ਕੁੱਲ ਮਿਲਾ ਕੇ ਬਾਰਿਸ਼ ਆਮ ਨਾਲੋਂ ਇਕ ਫ਼ੀਸਦੀ ਘੱਟ ਰਹੀ। ਇਕ ਅਗਸਤ ਨੂੰ ਜੰਮੂ-ਕਸ਼ਮੀਰ ਤੇ ਪੰਜਾਬ ਵਿਚ, ਦੋ ਅਗਸਤ ਤਕ ਹਿਮਾਚਲ ਪ੍ਰਦੇਸ਼ ਤੇ ਚਾਰ ਅਗਸਤ ਤਕ ਉੱਤਰਾਖੰਡ ਤੇ ਹਰਿਆਣਾ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ ਤੋਂ ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਬਾਰਿਸ਼ ਦਾ ਦੌਰ ਜਾਰੀ ਹੈ। ਰਾਜਧਾਨੀ ਦਿੱਲੀ ਵਿਚ ਐਤਵਾਰ ਸਵੇਰੇ ਖੂਬ ਬਾਰਿਸ਼ ਹੋਈ ਹੈ। ਇਸ ਨਾਲ ਲੋਕਾਂ ਨੂੰ ਹੁਮਸ ਤੋਂ ਰਾਹਤ ਮਿਲੀ। ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੈ।
ਆਈਏਐੱਨਐੱਸ ਮੁਤਾਬਕ, ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਵਿਚ ਪੰਜ ਅਗਸਤ ਤਕ ਭਾਰੀ ਬਾਰਿਸ਼ ਤੋਂ ਬਹੁਤ ਭਾਰੀ ਬਾਰਿਸ਼ ਹੋਣ ਅਤੇ ਰਾਜਸਥਾਨ ਵਿਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਜਾਰੀ ਰਹਿਣ ਦਾ ਅਨੁਮਾਨ ਪ੍ਰਗਟ ਕੀਤਾ ਹੈ। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿਚ ਸੋਮਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਰਿਆਣਾ ਵਿਚ ਪੰਜ ਅਗਸਤ ਅਤੇ ਹਿਮਾਚਲ ਪ੍ਰਦੇਸ਼ ਵਿਚ ਦੋ ਤੋਂ ਚਾਰ ਅਗਸਤ ਤਕ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਹੈ।
ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੂਅੰਜੇ ਮਾਹਪਾਤਰ ਨੇ ਕਿਹਾ ਕਿ ਜੁਲਾਈ ਵਿਚ ਹੋਈ ਬਾਰਿਸ਼ (ਲੰਬਾ ਸਮਾਂ ਔਸਤ) ਐੱਲਪੀਏ ਤੋਂ ਲਗਪਗ 93 ਫ਼ੀਸਦੀ ਦੇ ਆਸਪਾਸ ਹੈ। ਬਾਰਿਸ਼ ਦਾ ਅੰਕੜਾ ਜਦੋਂ 96 ਤੋਂ 104 ਵਿਚਕਾਰ ਹੁੰਦਾ ਤਾਂ ਉਸ ਨੂੰ ਸਧਾਰਨ ਕਿਹਾ ਜਾਂਦਾ ਹੈ ਜਦਕਿ 90 ਤੋਂ 96 ਦਰਮਿਆਨ ਬਾਰਿਸ਼ ਨੂੰ ਸਧਾਰਨ ਤੋਂ ਘੱਟ ਮੰਨਿਆ ਜਾਂਦਾ ਹੈ।
ਜੁਲਾਈ ਵਿਚ ਤੱਟੀ ਤੇ ਮੱਧ ਮਹਾਰਾਸ਼ਟਰ, ਗੋਆ ਤੇ ਕਰਨਾਟਕ ਵਿਚ ਸਭ ਤੋਂ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ। ਮਹਾਰਾਸ਼ਟਰ ਵਿਚ ਕਈ ਸ਼ਹਿਰਾਂ ਤੇ ਕਸਬਿਆਂ ਵਿਚ ਬਹੁਤ ਭਾਰੀ ਬਾਰਿਸ਼ ਦਰਜ ਕੀਤੀ ਗਈ ਜਿਸ ਦੇ ਚੱਲਦਿਆਂ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਵਿਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਤੇ ਜਾਇਦਾਦ ਦਾ ਵੀ ਨੁਕਸਾਨ ਹੋਇਆ। ਉੱਤਰੀ ਸੂਬਿਆਂ ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਲੱਦਾਖ ਵਿਚ ਬੱਦਲ ਫਟਣ ਦੀਆਂ ਘਟਨਾਵਾਂ ਵੀ ਹੋਈਆਂ ਜਿਨ੍ਹਾਂ ਵਿਚ ਕਈ ਲੋਕ ਮਾਰੇ ਗਏ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੀ ਵਧੀਆ ਬਾਰਿਸ਼ ਹੋਈ ਪਰ ਕੁੱਲ ਮਿਲਾ ਕੇ ਜੁਲਾਈ ਵਿਚ ਸਧਾਰਨ ਨਾਲੋਂ ਸੱਤ ਫ਼ੀਸਦੀ ਘੱਟ ਬਾਰਿਸ਼ ਹੋਈ।