ਹੁਣੇ ਹੁਣੇ ਅਫਗਾਨਿਸਤਾਨ ਵਿਚੋਂ ਆਈ ਇਹ ਤਾਜ਼ਾ ਵੱਡੀ ਖ਼ਬਰ

ਅੱਜ ਦੀ ਆਧੁਨਿਕ ਦੁਨੀਆਂ ਵਿਚ ਤਾਲਿਬਾਨ ਵਰਗੀ ਫ਼ਿਰਕੂ ਸੋਚ ਦੀ ਜਿੱਤ ਰੂਹ ਨੂੰ ਕੰਬਣੀ ਛੇੜ ਦੇਂਦੀ ਹੈ। ਇਕ ਪਾਸੇ, ਦੁਨੀਆਂ ਦੂਜੇ ਗ੍ਰਹਿ ਯਾਨੀ ਕਿ ਨਵੀਂ ਧਰਤੀ ਤੇ ਜਾਣ ਦੀ ਕੋਸ਼ਿਸ਼ ਵਿਚ ਸਫ਼ਲ ਹੋਣ ਕਿਨਾਰੇ ਹੈ ਤੇ ਦੂਜੇ ਪਾਸੇ ਇਸ ਧਰਤੀ ਉਤੇ ਇਨਸਾਨੀਅਤ ਦਾ ਘਾਣ ਕਰਨ ਵਾਲੇ ਜਿੱਤੀ ਜਾ ਰਹੇ ਹਨ। ਜਿਸ ਤਰ੍ਹਾਂ ਦੀਆਂ ਤਸਵੀਰਾਂ ਅਫ਼ਗਾਨਿਸਤਾਨ ਤੋਂ ਆ ਰਹੀਆਂ ਹਨ, ਉਨ੍ਹਾਂ ਨੂੰ ਵੇਖ ਕੇ ਅਪਣੇ 75 ਸਾਲ ਪਹਿਲਾਂ ਦੇ ਭਾਰਤ-ਪਾਕਿ ਬਟਵਾਰੇ ਦੇ ਦ੍ਰਿਸ਼ ਚੇਤੇ ਆ ਜਾਂਦੇ ਹਨ। ਭਾਰਤੀਆਂ ਨੂੰ ਉਸ ਕੁਰਬਾਨੀ (ਬਹੁਤੀ ਪੰਜਾਬੀਆਂ ਦੀ ਹੀ) ਤੋਂ ਬਾਅਦ ਆਜ਼ਾਦੀ ਮਿਲੀ ਪਰ ਅਫ਼ਗਾਨਿਸਤਾਨ ਵਲ ਵੇਖਿਆ ਜਾਵੇ ਤਾਂ ਅੱਗੇ ਹੁਣ ਹਨੇਰਾ ਹੀ ਹਨੇਰਾ ਵਿਖਾਈ ਦੇ ਰਿਹਾ ਹੈ।

ਅਫ਼ਗ਼ਾਨਿਸਤਾਨ ਵਿਚੋਂ ਅਮਰੀਕਾ 20 ਸਾਲਾਂ ਬਾਅਦ ਅਪਣੇ ਹਥਿਆਰ ਸੁੱਟ ਕੇ ਨਿਕਲ ਗਿਆ ਤੇ ਉਹ ਅਪਣੇ ਪਿੱਛੇ 20 ਸਾਲਾਂ ਵਿਚ 6 ਲੱਖ 15 ਹਜ਼ਾਰ ਕਰੋੜ ਦੇ ਨੁਕਸਾਨ ਨੂੰ ਬੰਦ ਕਰਨ ਬਾਰੇ ਸੋਚ ਰਿਹਾ ਹੈ। ਅਫ਼ਗ਼ਾਨਿਸਤਾਨ ਵਿਚ ਇਸ ਦੌਰ ਨੂੰ ਚਲਦਿਆਂ ਅੱਧੀ ਸਦੀ ਹੋਣ ਨੂੰ ਜਾ ਰਹੀ ਹੈ। ਦੁਨੀਆਂ ਦੀ ਸੱਭ ਤੋਂ ਲੰਮੀ ਚਲਦੀ ਲੜਾਈ ਦਾ ਅਜੇ ਵੀ ਖ਼ਾਤਮਾ ਨਜ਼ਰ ਨਹੀਂ ਆ ਰਿਹਾ। ਜਿਹੜੇ ਲੋਕ ਅਫ਼ਗਾਨਿਸਤਾਨ ਵਿਚ ਲੋਕਤੰਤਰ ਦੀ ਬਹਾਲੀ ਵਿਚ ਯਕੀਨ ਕਰਦੇ ਸਨ ਅਤੇ ਕਿਸੇ ਚੰਗੀ ਗੱਲ ਦੀ ਆਸ ਰਖਦੇ ਸਨ, ਉਹ ਅੱਜ ਅਪਣੀਆਂ ਜ਼ਿੰਦਗੀਆਂ ਨੂੰ ਫ਼ਿਰਕੂ ਸੋਚ ਰੱਖਣ ਵਾਲੇ ਆਗੂਆਂ ਦੀਆ ਬੰਦੂਕਾਂ ਹੇਠ ਫਸੀਆਂ ਵੇਖ ਰਹੇ ਹਨ।

ਜੋ ਲੋਕ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਵਿਰੁਧ ਅਮਰੀਕਾ ਦੀ ਫ਼ੌਜ ਤੇ ਅਪਣੀ ਸਰਕਾਰ ਨਾਲ ਖੜੇ ਸਨ, ਉਨ੍ਹਾਂ ਨੂੰ ਤਾਂ ਅਮਰੀਕਾ ਨੇ ਧੋਖਾ ਦੇ ਹੀ ਦਿਤਾ ਸੀ, ਸਗੋਂ ਉਨ੍ਹਾਂ ਵਲੋਂ ਚੁਣਿਆ ਅਪਣਾ ਰਾਸ਼ਟਰਪਤੀ ਵੀ ਪੈਸਿਆਂ ਨਾਲ ਜਹਾਜ਼ ਭਰ ਕੇ ਪਿੱਛੇ ਅਪਣੀ ਵਿਲਕਦੀ ਪਬਲਿਕ ਨੂੰ ਅੱਗ ਦੀ ਭੱਠੀ ਵਿਚ ਝੁਲਸਣ ਲਈ ਛੱਡ ਕੇ ਭੱਜ ਗਿਆ ਹੈ। ਉਨ੍ਹਾਂ ਲੋਕਾਂ ਉਤੇ ਕੀ ਬੀਤਦੀ ਹੋਵੇਗੀ ਜਿਨ੍ਹਾਂ ਨੇ ਅਪਣੇ ਵੋਟ ਦੀ ਤਾਕਤ ਤੇ ਵਿਸ਼ਵਾਸ ਕੀਤਾ ਪਰ ਅੱਜ ਜਦ ਔਖੀ ਘੜੀ ਆਈ ਤਾਂ ਜਿਵੇਂ ਚੂਹਾ ਖੁੱਡ ਵਿਚ ਪਾਣੀ ਵੜਦਿਆਂ ਹੀ ਝੱਟ ਭੱਜ ਜਾਂਦਾ ਹੈ, ਉਸੇ ਤਰ੍ਹਾਂ ਰਾਸ਼ਟਰਪਤੀ ਗ਼ਨੀ ਵੀ ਉਸੇ ਚੂਹੇ ਵਾਂਗ ਸੱਭ ਤੋਂ ਪਹਿਲਾਂ ਭਜਿਆ।

ਇਸ ਸਾਰੇ ਘਾਣ ਨੂੰ ਅਮਰੀਕਾ ਦੀ ਗ਼ਲਤੀ ਹੀ ਠਹਿਰਾਇਆ ਜਾ ਰਿਹਾ ਹੈ ਕਿਉਂਕਿ ਉਸ ਨੇ ਸਰਕਾਰ ਨੂੰ ਤਾਕਤਵਰ ਹੋਣ ਦਾ ਸਮਾਂ ਹੀ ਨਹੀਂ ਦਿਤਾ ਤੇ ਨਾ ਹੀ ਸਰਕਾਰ ਨੇ ਕੋਈ ਤਿਆਰੀ ਕੀਤੀ ਸੀ। ਅਮਰੀਕਾ 20 ਸਾਲ ਅਫ਼ਗਾਨਿਸਤਾਨ ਵਿਚ ਰਹਿਣ ਦੇ ਬਾਵਜੂਦ ਵੀ ਤਾਲਿਬਾਨ ਦੀ ਤਾਕਤ ਦਾ ਕੋਈ ਅੰਦਾਜ਼ਾ ਨਾ ਲਗਾ ਸਕਿਆ ਤੇ ਜਿਹੜਾ ਅਸਲਾ ਉਸ ਨੇ ਅਫ਼ਗਾਨ ਸਰਕਾਰ ਦੇ ਹੱਥ ਵਿਚ ਫੜਆਇਆ ਸੀ, ਉਹ ਹੁਣ ਤਾਲਿਬਾਨ ਦੇ ਹੱਥ ਲੱਗ ਚੁਕਾ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਅਮਰੀਕਾ ਨੂੰ ਇਸ ਦਾ ਅੰਦਾਜ਼ਾ ਤਕ ਨਹੀਂ ਸੀ ਪਰ ਇਹ ਅਸਲ ਵਿਚ ਅਮਰੀਕਾ ਦੀ ਇਕ ਖ਼ਾਸੀਅਤ ਹੈ ਕਿ ਉਹ ਜਿਹੜੀ ਵੀ ਧਰਤੀ ਤੇ ਜਾਂਦਾ ਹੈ, ਅਪਣੇ ਪਿੱਛੇ ਤਬਾਹੀ ਹੀ ਛੱਡ ਕੇ ਆਉਂਦਾ ਹੈ।

ਵਿਅਤਨਾਮ, ਈਰਾਨ ਤੇ ਅਫ਼ਗਾਨਿਸਤਾਨ ਦਾ ਹਾਲ ਅਸੀ ਵੇਖ ਚੁੱਕੇ ਹਾਂ। ਇਸੇ ਤਰ੍ਹਾਂ ਪਾਕਿਸਤਾਨ ਵਿਚ ਅਰਬਾਂ-ਖਰਬਾਂ ਦਾ ਖ਼ਰਚਾ ਕਰਨ ਤੋਂ ਬਾਵਜੂਦ ਵੀ ਅੱਜ ਪਾਕਿਸਤਾਨ ਗ਼ਰੀਬ ਦੇਸ਼ ਹੈ, ਜਿਥੋਂ ਦਾ ਪ੍ਰਧਾਨ ਮੰਤਰੀ ਅਪਣੇ ਘਰ ਨੂੰ ਕਿਰਾਏ ਤੇ ਦੇ ਕੇ ਦੇਸ਼ ਦੇ ਖ਼ਜ਼ਾਨੇ ਵਿਚ ਯੋਗਦਾਨ ਪਾਉਂਦਾ ਹੈ। ਤਾਲਿਬਾਨੀ ਸੋਚ ਔਰਤ ਵਿਰੋਧੀ ਹੈ। ਉਹ ਮਨੁੱਖੀ ਜ਼ਿੰਦਗੀ ਦਾ ਰਤਾ ਭਰ ਵੀ ਸਤਿਕਾਰ ਨਹੀਂ ਕਰਦੇ। ਫ਼ਿਰਕੂ ਧਾਰਮਕ ਸੋਚ ਨਾਲ ਉਹ ਦਿਮਾਗ਼ ਵੀ ਬੰਦੂਕ ਦੀ ਨਲੀ ਵਿਚ ਰਖਦੇ ਹਨ ਪਰ ਅਮਰੀਕਾ ਦਾ ਉਨ੍ਹਾਂ ਨਾਲ ਵਤੀਰਾ ਵੀ ਇਨ੍ਹਾਂ ਤੋਂ ਵੱਖ ਨਹੀਂ ਹੈ।

 

ਅਮਰੀਕਾ ਨੇ ਵੀ ਵਿਸ਼ਵ ਸ਼ਾਂਤੀ ਦੇ ਨਾਂ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਜਿਹੜੀ ਰੀਤ ਸ਼ੁਰੂ ਕੀਤੀ ਤੇ ਜਿਸ ਤਰ੍ਹਾਂ ਦਾ ਤਸ਼ੱਦਦ ਇਨ੍ਹਾਂ ਲੋਕਾਂ ਤੇ ਢਾਹਿਆ ਹੈ, ਇਹ ਤਾਲਿਬਾਨ ਉਸ ਨੂੰ ਬਰਾਬਰੀ ਤੇ ਆ ਕੇ ਟੱਕਰ ਦਿੰਦੇ ਹਨ। ਕਈ ਵਾਰ ਅਮਰੀਕਾ ਦੇ ਮੁਕਾਬਲੇ ਤਾਂ ਤਾਲਿਬਾਨ ਵਰਗੇ ਵੀ ਵਧੀਆ ਜਾਪਣ ਲਗਦੇ ਹਨ ਕਿਉਂਕਿ ਉਹ ਮੂੰਹ ਤੇ ਗੋਲੀ ਮਾਰਦੇ ਹਨ ਤੇ ਅਮਰੀਕੀ ਪਿੱਠ ਵਿਚ ਛੁਰਾ ਮਾਰਦੇ ਹਨ ਕਿਉਂਕਿ ਅਮਰੀਕਾ ਦੇ ਲੋਕ ਅਫ਼ਗਾਨਿਸਤਾਨ ਵਿਚ ਅਪਣਾ ਪੈਸਾ ਨਹੀਂ ਸਨ ਭੇਜਣਾ ਚਾਹੁੰਦੇ। ਡੋਨਾਲਡ ਟਰੰਪ ਨੇ ਇਸ ਜੰਗ ਨੂੰ ਖ਼ਤਮ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਸੀ।

ਨਾ ਸਿਰਫ਼ ਅਫ਼ਗਾਨਿਤਾਨ ਵਿਚ ਕਹਿਰ ਵਰਤਾਇਆ (ਤਾਲਿਬਾਨ ਨੂੰ ਰੋਕਣ ਲਈ) ਬਲਕਿ ਰੀਫ਼ੀਊਜੀਆਂ ਨਾਲ ਜੋ ਵਿਤਕਰਾ ਟਰੰਪ ਨੇ ਕੀਤਾ, ਨਵਾਂ ਰਾਸ਼ਟਰਪਤੀ ਬਾਈਡਨ ਉਹ ਪ੍ਰਥਾ ਕਾਇਮ ਰੱਖ ਰਿਹਾ ਹੈ। ਜਿਹੜੇ ਲੋਕ ਅੱਜ ਹਵਾਈ ਜਹਾਜ਼ ਦੇ ਟਾਇਰਾਂ ਤੇ ਲਟਕਦੇ ਨਜ਼ਰ ਆ ਰਹੇ ਹਨ, ਸ਼ਾਇਦ ਇਹ ਉਹੀ ਸਨ ਜੋ ਅਮਰੀਕੀ ਸੁਰੱਖਿਆ ਦਸਤਿਆਂ ਨਾਲ ਕੰਮ ਕਰਦੇ ਸਨ ਤੇ ਹੁਣ ਤਾਲਿਬਾਨੀ ਲੜਾਕੇ ਉਨ੍ਹਾਂ ਨੂੰ ਚੁਣ-ਚੁਣ ਕੇ ਮਾਰ ਰਹੇ ਹਨ। ਦੁਨੀਆਂ ਦੇ ਤਾਕਤਵਰ ਦੇਸ਼ਾਂ ਦੇ ਹੰਕਾਰ ਸਦਕਾ, ਅੱਜ ਅਫ਼ਗਾਨਿਸਤਾਨ ਵੀ ਤਬਾਹੀ ਦੇ ਹੋਰ ਨੇੜੇ ਆ ਗਿਆ ਹੈ।

Leave a Reply

Your email address will not be published.