ਰਾਮ ਰਹੀਮ ਨਾਲ ਜ਼ੇਲ੍ਹ ਚ’ ਯਾਰੀ ਲਾ ਕੇ ਇਹ ਕੰਮ ਕਰਦਾ DSP ਹੋਇਆ ਸਸਪੈਂਡ

ਸਾਧਵੀਆਂ ਨਾਲ ਬਲਾਤਕਾਰ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ‘ਚ ਰੋਹਤਕ ਜ਼ਿਲ੍ਹਾ ਜੇਲ੍ਹ ‘ਚ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮਦਦ ਕਰਨ ਦੇ ਦੋਸ਼ ‘ਚ ਡੀਐਸਪੀ ਸ਼ਮਸ਼ੇਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਿਹਤ ਵਿਗੜਨ ਕਾਰਨ ਡੇਰਾ ਮੁਖੀ ਨੂੰ ਦਿੱਲੀ ਦੇ AIIMS ਲੈ ਕੇ ਗਏ ਸੁਰੱਖਿਆ ਅਮਲੇ ‘ਚ ਉਹ ਤਾਇਨਾਤ ਸੀ।ਦੋਸ਼ ਹੈ ਕਿ ਦਿੱਲੀ ਤੋਂ ਵਾਪਸ ਪਰਤਦਿਆਂ ਬਾਬੇ ਨੂੰ ਇੱਕ ਸਪੈਸ਼ਲ ਗੈਸਟ ਨਾਲ ਮਿਲਵਾਇਆ ਗਿਆ ਸੀ। ਹਰਿਆਣਾ ਦੇ ਡੀਜੀਪੀ ਨੇ ਡੀਐਸਪੀ ਸ਼ਮਸ਼ੇਰ ਸਿੰਘ ਨੂੰ ਮੁਅੱਤਲ ਕਰਕੇ ਵਿਭਾਗੀ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਇਸ ਕਾਰਵਾਈ ਤੋਂ ਬਾਅਦ ਉਸ ਦੀ ਸੁਰੱਖਿਆ ‘ਚ ਤਾਇਨਾਤ ਬਾਕੀ ਪੁਲਿਸ ਕਰਮਚਾਰੀਆਂ ‘ਚ ਤਰਥੱਲੀ ਮਚ ਗਈ ਹੈ।

17 ਜੁਲਾਈ ਨੂੰ ਦਿੱਲੀ ਤੋਂ ਆਉਂਦੇ ਸਮੇਂ ਕੀਤੀ ਗਈ ਸੀ ਲਾਪ੍ਰਵਾਹੀ – ਮਾਮਲਾ 17 ਜੁਲਾਈ, 2021 ਦਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਢਿੱਡ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਰਾਮ ਰਹੀਮ ਸਾਰੀ ਰਾਤ ਆਪਣਾ ਢਿੱਡ ਫੜ ਕੇ ਬੈਠਾ ਰਿਹਾ ਸੀ। ਉਸ ਦਾ ਸਵੇਰੇ 6 ਵਜੇ PGIMS ਵਿਖੇ ਚੈਕਅੱਪ ਕੀਤਾ ਗਿਆ। ਇੱਥੋਂ ਦਿੱਲੀ AIIMS ਨੂੰ ਕੁਝ ਟੈਸਟਾਂ ਲਈ ਸੁਝਾਅ ਦਿੱਤਾ ਗਿਆ ਸੀ। ਇਸ ਮਗਰੋਂ 17 ਜੁਲਾਈ ਨੂੰ ਰਾਮ ਰਹੀਮ ਨੂੰ ਸਖਤ ਸੁਰੱਖਿਆ ਹੇਠ ਦਿੱਲੀ ਲਿਜਾਇਆ ਗਿਆ।ਉਸ ਦੀ ਸੁਰੱਖਿਆ ਡੀਐਸਪੀ ਸ਼ਮਸ਼ੇਰ ਸਿੰਘ ਨੂੰ ਸੌਂਪੀ ਗਈ ਸੀ। ਇੱਕ ਡੀਐਸਪੀ ਰੈਂਕ ਦੇ ਅਧਿਕਾਰੀ ਨੇ ਆਪਣੇ ਦੋ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਡੇਰਾ ਮੁਖੀ ਨੂੰ ਦਿੱਤੇ ਗਏ ਵੀਆਈਪੀ ਟਰੀਟਮੈਂਟ ਬਾਰੇ ਜਾਣਕਾਰੀ ਦਿੱਤੀ। ਡੀਐਸਪੀ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਿਆ ਕਿ ਡੇਰਾ ਮੁਖੀ ਦੀ ਏਮਜ਼ ਵਿੱਚ ਕੁਝ ਲੋਕਾਂ ਤੇ ਔਰਤਾਂ ਨਾਲ ਮੁਲਾਕਾਤ ਹੋਈ ਸੀ।ਇਸ ਤੋਂ ਇਲਾਵਾ ਜਦੋਂ ਉਹ ਟੈਸਟ ਕਰਵਾ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ‘ਚ ਗੱਡੀ ਨੂੰ ਵਾਰ-ਵਾਰ ਰੋਕਿਆ ਗਿਆ ਤੇ ਦੋ ਔਰਤਾਂ ਨੂੰ ਗੱਡੀ ਵਿੱਚ ਬਿਠਾਇਆ ਗਿਆ।

ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦਾ ਫ਼ੈਸਲਾ 26 ਅਗਸਤ ਨੂੰ ਆ ਸਕਦੈ – ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਸੀਬੀਆਈ ਅਦਾਲਤ 26 ਅਗਸਤ ਨੂੰ ਆਪਣਾ ਫੈਸਲਾ ਸੁਣਾਏਗੀ। ਇਸ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਮੁੱਖ ਦੋਸ਼ੀ ਮੰਨਿਆ ਗਿਆ ਹੈ। ਅਦਾਲਤ 26 ਅਗਸਤ ਤੋਂ ਪਹਿਲਾਂ ਫ਼ੈਸਲਾ ਸੁਣਾਉਣ ਬਾਰੇ ਵਿਚਾਰ ਕਰ ਰਹੀ ਸੀ ਤੇ ਫੈਸਲੇ ਵਾਲੇ ਦਿਨ ਡੇਰਾ ਮੁਖੀ ਨੂੰ ਸਖਤ ਸੁਰੱਖਿਆ ਵਿੱਚ ਪੇਸ਼ ਕਰਨ ਦਾ ਵਿਚਾਰ ਵੀ ਰੱਖਿਆ ਗਿਆ ਸੀ, ਪਰ ਹਰਿਆਣਾ ਸਰਕਾਰ ਦੇ ਵਕੀਲਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਡੇਰਾ ਮੁਖੀ ਦੀ ਨਿੱਜੀ ਪੇਸ਼ੀ ਨਾਲ ਕਾਨੂੰਨ ਵਿਵਸਥਾ ਭੰਗ ਹੋ ਸਕਦੀ ਹੈ। ਇਸ ਲਈ ਉਸ ਨੂੰ ਸਿਰਫ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਜਾਣਾ ਚਾਹੀਦਾ ਹੈ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਸੀ।

ਡੀਐਸਪੀ ਨੇ ਦਿੱਤਾ ਸਪੱਸ਼ਟੀਕਰਨ: ਚੰਡੀਗੜ੍ਹ ਤੋਂ ਕਿਸੇ VIP ਦਾ ਆਇਆ ਸੀ ਫ਼ੋਨ- ਡੀਐਸਪੀ ਦੀ ਰਿਪੋਰਟ ਅਨੁਸਾਰ ਜਦੋਂ ਸੁਰੱਖਿਆ ਦੇ ਇੰਚਾਰਜ ਡੀਐਸਪੀ ਸ਼ਮਸ਼ੇਰ ਸਿੰਘ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਇਕ ਵੀਆਈਪੀ ਦੀ ਕਾਲ ਆਈ ਸੀ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਡੀਐਸਪੀ ਨੇ ਇਹ ਖਦਸ਼ਾ ਵੀ ਪ੍ਰਗਟ ਕੀਤਾ ਹੈ ਕਿ ਹੋ ਸਕਦਾ ਹੈ ਕਿ ਚੰਡੀਗੜ੍ਹ ਤੋਂ ਕਿਸੇ ਵੀਆਈਪੀ ਵੱਲੋਂ ਕਾਲ ਪ੍ਰਾਪਤ ਕਰਨ ਦੀ ਕਹਾਣੀ ਗੁੰਮਰਾਹ ਕਰਨ ਲਈ ਬਣਾਈ ਗਈ ਹੋਵੇ।

ਇਸ ਮਾਮਲੇ ਵਿੱਚ ਜੇਲ੍ਹ ਮੰਤਰੀ ਰਣਜੀਤ ਚੌਟਾਲਾ ਨੇ ਬਿਆਨ ਜਾਰੀ ਕੀਤਾ ਸੀ ਕਿ ਡੇਰਾ ਮੁਖੀ ਦੀ ਸੁਰੱਖਿਆ ਵਿੱਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਹੈ। ਜੇਲ ‘ਚ ਜਿਵੇਂ ਬਾਕੀ ਕੈਦੀ ਹੁੰਦੇ ਹਨ, ਉਸੇ ਤਰ੍ਹਾਂ ਡੇਰਾ ਮੁਖੀ ਵੀ ਕੈਦੀ ਹੈ। ਜਿਵੇਂ ਹੋਰ ਕੈਦੀਆਂ ਨੂੰ ਪੈਰੋਲ ਲੈਣ, ਬਿਮਾਰੀ ਦੇ ਮਾਮਲੇ ‘ਚ ਇਲਾਜ ਕਰਵਾਉਣ ਦਾ ਅਧਿਕਾਰ ਹੈ, ਉਸੇ ਤਰ੍ਹਾਂ ਡੇਰਾ ਮੁਖੀ ਨੂੰ ਵੀ ਹੈ।ਭਾਰੀ ਸੁਰੱਖਿਆ ਦੇ ਵਿਚਕਾਰ ਅਜਿਹੇ ਹਾਈ-ਪ੍ਰੋਫਾਈਲ ਕੈਦੀਆਂ ਨੂੰ ਲਿਜਾਣਾ ਜੇਲ੍ਹ ਅਧਿਕਾਰੀਆਂ ਤੇ ਪੁਲਿਸ ਵਿਭਾਗ ਦੀ ਜ਼ਿੰਮੇਵਾਰੀ ਹੈ। ਇਲਾਜ ਦੇ ਦੌਰਾਨ ਸਿਰਫ ਉਨ੍ਹਾਂ ਲੋਕਾਂ ਨੂੰ ਮਿਲਣ ਦੀ ਮਨਜੂਰੀ ਦਿੱਤੀ ਜਾਂਦੀ ਹੈ, ਜਿਨ੍ਹਾਂ ਦੀ ਮਨਜੂਰੀ ਮੰਗੀ ਗਈ ਹੈ। ਨਾਲ ਹੀ ਜੇ ਕੋਈ ਮਿਲਦਾ ਹੈ ਤਾਂ ਇਹ ਗਲਤ ਹੈ। ਅਸੀਂ ਕਿਸੇ ਦੀ ਆਜ਼ਾਦੀ ਅਤੇ ਅਧਿਕਾਰਾਂ ਦੀ ਉਲੰਘਣਾ ਨਹੀਂ ਕਰ ਸਕਦੇ, ਪਰ ਜੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਸਖਤ ਕਾਰਵਾਈ ਬਣਦੀ ਹੈ।

Leave a Reply

Your email address will not be published.