ਸਾਰੀਆਂ ਰੋਕਾਂ ਅਤੇ ਬੈਰੀਕੇਡ ਤੋੜ ਕੇ ਹਜ਼ਾਰਾਂ ਕਿਸਾਨ ਪਹੁੰਚੇ ਮਿੰਨੀ ਸਕੱਤਰੇਤ ਦੇ ਸਾਹਮਣੇ-ਦੇਖੋ ਵੱਡੀ ਖ਼ਬਰ

ਹਰਿਆਣਾ ਦੇ ਕਰਨਾਲ ਵਿਚ, ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਕਿਸਾਨ ਜ਼ਿਲ੍ਹਾ ਸਕੱਤਰੇਤ ਦਾ ਘਿਰਾਉ ਕਰਨ ਲਈ ਨਿਕਲੇ ਜਿਸ ਤੋਂ ਬਾਅਦ ਪੁਲਿਸ ਨੇ ਅਨਾਜ ਮੰਡੀ ਤੋਂ ਸਕੱਤਰੇਤ ਵਲ ਜਾ ਰਹੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਅੱਗੇ ਵਧਣ ’ਤੇ ਅੜੇ ਰਹੇ। ਇਸ ਤੋਂ ਬਾਅਦ ਪੁਲਿਸ ਨੇ ਰਾਕੇਸ਼ ਟਿਕੈਤ ਅਤੇ ਯੋਗਿੰਦਰ ਯਾਦਵ ਸਮੇਤ ਕੁੱਝ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ। ਹਾਲਾਂਕਿ, ਕੁੱਝ ਦੇਰ ਬਾਅਦ ਉਨ੍ਹਾਂ ਨੂੰ ਛੱਡ ਦਿਤਾ ਗਿਆ। ਆਖ਼ਰ ਹਜ਼ਾਰਾਂ ਕਿਸਾਨ ਪੁਲਿਸ ਦੀਆਂ ਸਾਰੀਆਂ ਰੋਕਾਂ ਅਤੇ ਬੈਰੀਕੇਡ ਤੋੜਦੇ ਹੋਏ ਮਿੰਨੀ ਸਕੱਤਰੇਤ ਤਕ ਪਹੁੰਚ ਗਏ ਅਤੇ ਉਥੇ ਹੀ ਪੱਕਾ ਮੋਰਚਾ ਲਾ ਦਿਤਾ। ਖ਼ਬਰ ਲਿਖੇ ਜਾਣ ਤਕ ਅਧਿਕਾਰੀਆਂ ਦੀ ਕਿਸਾਨ ਆਗੂਆਂ ਨਾਲ ਗੱਲਬਾਤ ਜਾਰੀ ਸੀ।

ਕਰਨਾਲ ਦੀ ਅਨਾਜ ਮੰਡੀ ਵਿਖੇ ਕਿਸਾਨ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ । ਕਿਸਾਨਾਂ ਦੀ ਗਿਣਤੀ ਤਕਰੀਬਨ 50 ਹਜ਼ਾਰ ਤੋਂ ਵੀ ਜ਼ਿਆਦਾ ਸੀ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ, ਯੋਗੇਂਦਰ ਯਾਦਵ, ਗੁਰਨਾਮ ਸਿੰਘ ਚਡੂਨੀ, ਜੋਗਿੰਦਰ ਸਿੰਘ ਉਗਰਾਹਾਂ ਆਦਿ ਮੌਜੂਦ ਸਨ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿਚ ਮੌਜੂਦ ਸੀ।

ਅਨਾਜ ਮੰਡੀ ਦੇ ਸਾਰੇ ਰਸਤੇ ਬੈਰੀਕੇਡ ਲਗਾ ਕੇ ਬੰਦ ਕੀਤੇ ਗਏ ਸਨ ਸਿਰਫ਼ ਇਕ ਮੇਨ ਗੇਟ ਵੀ ਕਿਸਾਨਾਂ ਦੇ ਅੰਦਰ ਜਾਣ ਲਈ ਖੋਲ੍ਹਿਆ ਗਿਆ ਸੀ। ਇਸ ਦੇ ਬਾਵਜੂਦ ਵੀ ਕਿਸਾਨ ਵੱਡੀ ਗਿਣਤੀ ਵਿਚ ਅਨਾਜ ਮੰਡੀ ਵਿਚ ਪਹੁੰਚ ਗਏ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਕਿਸਾਨਾਂ ਦੀ ਵੱਡੀ ਗਿਣਤੀ ਨੂੰ ਵੇਖਦੇ ਹੋਏ ਕਿਸਾਨਾਂ ਨਾਲ ਸਮਝੌਤੇ ਲਈ ਬੈਠਕ ਕੀਤੀ।ਬੈਠਕ ਤਕਰੀਬਨ ਦੋ ਘੰਟੇ ਚਲੀ ਅਤੇ ਕਿਸਾਨਾਂ ਵਲੋਂ ਅਪਣੀਆਂ ਮੰਗਾਂ ਰਖੀਆਂ ਗਈਆਂ ਕਿ ਦੋਸ਼ੀ ਅਧਿਕਾਰੀ ਨੂੰ ਮੁਅੱਤਲ ਕੀਤਾ ਜਾਵੇ, ਲਾਠੀਚਾਰਜ ਵਿਚ ਮਰਨ ਵਾਲੇ ਕਿਸਾਨ ਨੂੰ 25 ਲੱਖ ਦਾ ਮੁਆਵਜ਼ਾ ਦਿਤਾ ਜਾਵੇ ਅਤੇ ਪ੍ਰਵਾਰ ਦੇ ਇਕ ਵਿਅਕਤੀ ਨੂੰ ਨੌਕਰੀ ਤੇ ਰਖਿਆ ਜਾਵੇ ਅਤੇ ਲਾਠੀਚਾਰਜ ਵਿਚ ਜੋ ਕਿਸਾਨ ਜ਼ਖ਼ਮੀ ਹੋਏ ਹਨ ਉਨ੍ਹਾਂ ਦੇ ਇਲਾਜ ਲਈ 2 ਲੱਖ ਰੁਪਏ ਦਿਤਾ ਜਾਵੇ ਪਰ ਪ੍ਰਸ਼ਾਸਨ ਅਤੇ ਸਰਕਾਰ ਨੇ ਕਿਸਾਨਾਂ ਦੀ ਕੋਈ ਮੰਗ ਨਹੀਂ ਮੰਨੀ ਅਤੇ ਕਿਸਾਨਾਂ ਤੇ ਪ੍ਰਸ਼ਾਸਨ ਦੀ ਬੈਠਕ ਬੇਨਤੀਜਾ ਰਹੀ। ਜਿਸ ਤੋਂ ਬਾਅਦ ਕਿਸਾਨ ਆਗੂ ਵਾਪਸ ਅਨਾਜ ਮੰਡੀ ਪਹੁੰਚ ਗਏੇ।

ਸਾਰੇ ਆਗੂਆਂ ਨੇ ਮਿਲ ਕੇ ਇਕ ਮੀਟਿੰਗ ਕੀਤੀ। ਆਗੂਆਂ ਨੇ ਫ਼ੈਸਲਾ ਕੀਤਾ ਕਿ ਅਸੀਂ ਮਿੰਨੀ ਸਕੱਤਰੇਤ ਦਾ ਘਿਰਾਉ ਕਰਾਂਗੇ। ਜਿਸ ਤੋਂ ਬਾਅਦ ਕਿਸਾਨ ਵੱਡੀ ਗਿਣਤੀ ਵਿਚ ਮਿੰਨੀ ਸਕੱਤਰੇਤ ਵਲ ਚਲ ਪਏ।ਕਿਸਾਨਾਂ ਨੂੰ ਰੋਕਣ ਲਈ ਰਸਤੇ ਵਿਚ ਕਈ ਬੈਰੀਕੇਡ ਲਗਾਏ ਗਏ ਸਨ ਪਰ ਕਿਸਾਨ ਸਾਰੇ ਬੈਰੀਕੇਡ ਤੋੜਦੇ ਹੋਏ ਲਗਾਤਾਰ ਅੱਗੇ ਵਧ ਰਹੇ ਸਨ। ਜਿਵੇਂ ਹੀ ਕਿਸਾਨ ਨਮਸਤੇ ਪਹੁੰਚੇ ਤਾਂ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੂੰ ਰੋਕ ਲਿਆ ਤਾਂ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਸੜਕ ਵਿਚ ਹੀ ਬੈਠ ਗਏ ਪਰ ਉਨ੍ਹਾਂ ਨਾਲ ਦੂਜੇ ਆਗੂ ਅਤੇ ਹੋਰ ਕਿਸਾਨ ਲਗਾਤਾਰ ਅੱਗੇ ਵਲ ਵਧਦੇ ਰਹੇ।

ਵੱਡੀ ਗਿਣਤੀ ਵਿਚ ਕਿਸਾਨ ਬੈਰੀਕੇਡ ਤੋੜਦੇ ਹੋਏ ਨਿਰਮਲ ਕੁਟੀਆ ਚੌਕ ਪਹੁੰਚ ਗਏ ਜਿਥੇ ਕਿਸਾਨਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਸਾਰੇ ਬੈਰੀਕੇਟ ਤੋੜ ਕੇ ਅੱਗੇ ਵਧਦੇ ਗਏ ਜਿਵੇਂ ਹੀ ਕਿਸਾਨ ਮਿੰਨੀ ਸਕੱਤਰੇਤ ਦੇ ਨੇੜੇ ਪਹੁੰਚੇ ਤਾਂ ਪੁਲਿਸ ਮੁਲਾਜ਼ਮ ਵਲੋਂ ਕਿਸਾਨਾਂ ਉਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਪਰ ਕਿਸਾਨਾਂ ਦੇ ਹੌਂਸਲੇ ਬੁਲੰਦ ਸਨ। ਕਿਸਾਨਾਂ ਨੇ ਪਾਣੀ ਦੀਆਂ ਬੁਛਾੜਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਾਰੀਆਂ ਰੋਕਾਂ ਤੋੜਦੇ ਹੋਏ ਅੱਗੇ ਵਧ ਗਏ ਅਤੇ ਮਿੰਨੀ ਸਕੱਤਰੇਤ ਦੇ ਗੇਟ ਮੂਹਰੇ ਹੀ ਧਰਨਾ ਲਗਾ ਦਿਤਾ।

Leave a Reply

Your email address will not be published.