ਸਿੰਘੂ ਬਾਰਡਰ ਤੇ ਕਤਲ ਕੀਤੇ ਗਏ ਲਖਬੀਰ ਬਾਰੇ ਦੇਰ ਰਾਤ ਤੋਂ ਆਈ ਵੱਡੀ ਖ਼ਬਰ

ਦਿੱਲੀ ‘ਚ ਸਿੰਘੂ ਬਾਰਡਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਕਤਲ ਕੀਤੇ ਗਏ ਲਖਬੀਰ ਸਿੰਘ ਟੀਟੂ ਪੁੱਤਰ ਦਰਸ਼ਨ ਸਿੰਘ ਦੀ ਦੇਹ ਦੇਰ ਸ਼ਾਮ ਪਿੰਡ ਚੀਮਾਂ ਕਲਾਂ ਪਹੁੰਚੀ ਜਿਥੇ ਭਾਰੀ ਪੁਲਿਸ ਸੁਰੱਖਿਆ ’ਚ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਲਖਬੀਰ ਸਿੰਘ ਦੇ ਸਸਕਾਰ ਤੋਂ ਆਖਰੀ ਰਸਮਾਂ ਤਕ ਕੁਝ ਵੀ ਗੁਰਮਤਿ ਅਨੁਸਾਰ ਨਹੀਂ ਹੋਣ ਦਿੱਤੀ ਜਾਵੇਗੀ ਕਿਉਕਿ ਉਸ ਉੱਪਰ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ ਹੈ।

ਦੱਸਣਾ ਬਣਦਾ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਮੋਰਚੇ ਵਾਲੀ ਜਗ੍ਹਾ ਸਿੰਘੂ ਬਾਰਡਰ ’ਤੇ ਸ਼ੁੱਕਰਵਾਰ ਤੜਕ ਸਾਰ ਲਖਬੀਰ ਸਿੰਘ ਟੀਟੂ ਨਾਂ ਦੇ ਵਿਅਕਤੀ ਦਾ ਨਿਹੰਗ ਬਾਣੇ ਵਾਲੇ ਵਿਅਕਤੀ ਨੇ ਕਤਲ ਕਰ ਦਿੱਤਾ ਸੀ। ਲਖਬੀਰ ਸਿੰਘ ਟੀਟੂ ਉੱਪਰ ਦੋਸ਼ ਸੀ ਕਿ ਉਸ ਨੇ ਉਥੇ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕੀਤੀ ਹੈ। ਮਾਰਿਆ ਗਿਆ ਲਖਬੀਰ ਸਿੰਘ ਟੀਟੂ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਚੀਮਾਂ ਕਲਾਂ ਦਾ ਵਸਨੀਕ ਸੀ। ਉਹ ਇਥੇ ਆਪਣੇ ਭੂਆ-ਫੁੱਫੜ ਦੇ ਘਰ ਰਹਿੰਦਾ ਸੀ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਜਦੋਂਕਿ ਉਸਦੇ ਪਿਤਾ ਅਤੇ ਮਾਤਾ ਵੀ ਹੁਣ ਇਸ ਦੁਨੀਆ ਵਿਚ ਨਹੀਂ ਹਨ। ਤਿੰਨ ਕੁੜੀਆਂ ਦਾ ਪਿਤਾ ਲਖਬੀਰ ਸਿੰਘ ਟੀਟੂ ਨਸ਼ੇ ਕਰਨ ਦਾ ਆਦੀ ਸੀ ਜਿਸ ਕਰਕੇ ਉਸਦੀ ਪਤਨੀ ਜਸਪ੍ਰੀਤ ਸਿੰਘ ਵੀ ਆਪਣੀਆਂ ਧੀਆਂ ਸਮੇਤ ਪੇਕੇ ਘਰ ਚਲੀ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਹੱਤਿਆ ਤੋਂ ਕਰੀਬ ਪੰਜ ਦਿਨ ਪਹਿਲਾਂ ਹੀ ਉਹ ਅੰਦੋਲਨ ਵਾਲੀ ਥਾਂ ’ਤੇ ਗਿਆ ਸੀ। ਜਿਥੇ ਗੁਰੂ ਸਾਹਿਬ ਦੀ ਬੇਅਦਬੀ ਦੀ ਦੋਸ਼ ਹੇਠ ਉਸਦਾ ਹੱਥ ਅਤੇ ਪੈਰ ਵੱਢ ਦਿੱਤਾ ਗਿਆ, ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਆਗੂ ਭਾਈ ਤਰਲੋਚਨ ਸਿੰਘ ਸੋਹਲ ਨੇ ਐਲਾਨ ਕੀਤਾ ਸੀ ਕਿ ਲਖਬੀਰ ਸਿੰਘ ਟੀਟੂ ਉੱਪਰ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ ਹੈ ਜਿਸਦਾ ਅੰਤਿਮ ਸੰਸਕਾਰ ਬੇਸ਼ੱਕ ਉਸਦੇ ਪਰਿਵਾਰ ਵਾਲੇ ਪਿੰਡ ਵਿਚ ਕਰ ਲੈਣ ਪਰ ਇਸ ਸਮੇਂ ਨਾ ਤਾਂ ਸਿੱਖ ਮਰਿਆਦਾ ਤਹਿਤ ਅਰਦਾਸ ਹੋਵੇਗੀ ਅਤੇ ਨਾਂ ਹੀ ਦੇਗ ਦਾ ਪ੍ਰਸ਼ਾਦ ਵੰਡਿਆ ਜਾਵੇਗਾ। ਅੰਤਿਮ ਰਸਮਾਂ ’ਤੇ ਵੀ ਕੋਈ ਪਾਠੀ ਸਿੰਘ ਸ੍ਰੀ ਅਖੰਡ ਪਾਠ ਸਾਹਿਬ ਨਹੀਂ ਕਰੇਗਾ।

ਤਣਾਅ ਵਾਲੇ ਮਾਹੌਲ ਦੇ ਚਲਦਿਆਂ ਸਥਾਨਕ ਪੁਲਿਸ ਵੱਲੋਂ ਪਿੰਡ ਚੀਮਾਂ ਕਲਾਂ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਜਿਸਦੀ ਅਗਵਾਈ ਡੀਐੱਸਪੀ ਸੁੱਚਾ ਸਿੰਘ ਵੱਲੋਂ ਕੀਤੀ ਗਈ। ਦੇਰ ਸ਼ਾਮ ਪਿੰਡ ਦੇ ਸ਼ਮਸ਼ਾਨਘਾਟ ਵਿਚ ਜਦੋਂ ਲਖਬੀਰ ਸਿੰਘ ਟੀਟੂ ਦੀ ਚਿਖਾ ਨੂੰ ਅਗਨੀ ਦਿੱਤੀ ਗਈ ਤਾਂ ਉਸ ਪਹਿਲਾਂ ਕਿਸੇ ਨੇ ਅਰਦਾਸ ਨਾ ਕੀਤੀ। ਜਦੋਂਕਿ ਮਿ੍ਤਕ ਦੇ ਸਹੁਰਾ ਬਲਦੇਵ ਸਿੰਘ ਨੇ ਕਿਹਾ ਕਿ ਲਖਬੀਰ ਸਿੰਘ ਮਰਨ ਤੋਂ ਪਹਿਲਾਂ ਆਪ ਹੀ ਗੁਰੂ ਸਾਹਿਬਾਨਾਂ ਦੇ ਨਾਂ ਲੈ ਕੇ ਆਪਣੀ ਅਰਦਾਸ ਕਰ ਗਿਆ ਸੀ।

ਅੰਤਿਮ ਸੰਸਕਾਰ ਮੌਕੇ ਮਿ੍ਤਕ ਦੀ ਪਤਨੀ ਜਸਪ੍ਰੀਤ ਕੌਰ, ਤਿੰਨੇ ਧੀਆਂ, ਸਹੁਰਾ ਬਲਦੇਵ ਸਿੰਘ, ਸੱਸ ਸਵਿੰਦਰ ਕੌਰ, ਸਾਲਾ ਸੁਖਚੈਨ ਸਿੰਘ, ਭੈਣ ਰਾਜ ਕੌਰ ਤੋਂ ਇਲਾਵਾ ਪਿੰਡ ਦੇ ਮੋਹਤਬਰਾਂ ’ਚ ਮੁਖਤਾਰ ਸਿੰਘ, ਜਸਪਾਲ ਸਿੰਘ, ਰਛਪਾਲ ਸਿੰਘ, ਸਾਹਿਬ ਸਿੰਘ, ਜਤਿੰਦਰ ਸਿੰਘ, ਕੁਲਵੰਤ ਸਿੰਘ ਆਦਿ ਸਮੇਤ ਹੋਰ ਪਿੰਡ ਵਾਸੀ ਵੀ ਮੌਜੂਦ ਸਨ।

ਟੀਟੂ ਦੇ ਨਸ਼ਾ ਕਰ ਤੋਂ ਸਿਵਾ ਹੋਰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ- ਲਖਬੀਰ ਸਿੰਘ ਦੇ ਸਹੁਰਾ ਬਲਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੇ ਵਿਆਹ ਨੂੰ 15 ਸਾਲ ਹੋ ਗਏ ਹਨ। ਸ਼ੁਰੂ ਦੇ ਪੰਜ ਸਾਲ ਲਖਬੀਰ ਸਿੰਘ ਸਹੁਰੇ ਘਰ ਬਹੁਤ ਚੰਗੇ ਢੰਗ ਨਾਲ ਆਉਂਦਾ ਰਿਹਾ ਹੈ। ਫਿਰ ਉਹ ਨਸ਼ਾ ਕਰਨ ਲੱਗ ਪਿਆ ਪਰ ਉਸਦੀ ਨਸ਼ੇ ਦੀ ਲਤ ਤੋਂ ਇਲਾਵਾ ਕਦੇ ਵੀ ਉਨ੍ਹਾਂ ਦੀ ਧੀ ਜਾਂ ਸਹੁਰੇ ਪਰਿਵਾਰ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ।

ਪਰਿਵਾਰ ਨੇ ਕਿਹਾ, ਬੇਅਦਬੀ ਵਾਲੀ ਘਟਨਾ ਦੀ ਹੋਵੇ ਉੱਚ ਪੱਧਰੀ ਜਾਂਚ – ਲਖਬੀਰ ਸਿੰਘ ਦੀ ਪਤਨੀ ਅਤੇ ਸਹੁਰੇ ਪਰਿਵਾਰ ਨੇ ਕਿਹਾ ਕਿ ਲਖਬੀਰ ਸਿੰਘ ਅਜਿਹਾ ਇਨਸਾਨ ਕਦੇ ਵੀ ਨਹੀਂ ਸੀ ਕਿ ਉਹ ਗੁਰੂ ਸਾਹਿਬ ਦੀ ਬੇਅਦਬੀ ਵਰਗਾ ਕਦਮ ਚੁੱਕ ਸਕੇ। ਜੇਕਰ ਅਜਿਹੀ ਘਟਨਾ ਉੱਥੇ ਵਾਪਰੀ ਹੈ ਤਾਂ ਇਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਲਖਬੀਰ ਸਿੰਘ ਨੇ ਇਸ ਘਟਨਾ ਨੂੰ ਕਿਸ ਦੇ ਕਹਿਣ ’ਤੇ ਅੰਜਾਮ ਦਿੱਤਾ ਸੀ।

Leave a Reply

Your email address will not be published. Required fields are marked *