D.A.P ਖਾਦ ਨੂੰ ਲੈ ਕੇ ਹੁਣ ਕਿਸਾਨਾਂ ਲਈ ਖੜੀ ਹੋਈ ਇਹ ਨਵੀਂ ਮੁਸੀਬਤ

ਪੰਜਾਬ ਵਿਚ ਹੁਣ ਕਿਸਾਨਾਂ ਨੂੰ ਡੀ.ਏ.ਪੀ ਖਾਦ ਦੀ ਘਾਟ ਕਾਰਨ ਮੁਸ਼ਕਿਲ ਝਲਣੀ ਪੈ ਰਹੀ ਹੈ।ਪੰਜਾਬ ਦੇ ਜ਼ਿਲਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਮਾਛੀਵਾੜਾ ਦੇ ਕਿਸਾਨ ਝੋਨੇ ਦੀ ਵਾਢੀ ਉਪਰੰਤ ਅਗਲੀ ਫਸਲ ਆਲੂ ਆਦਿ ਦੀ ਬਿਜਾਈ ਲਈ ਤਿਆਰ ਹਨ ਅਤੇ ਕਿਸਾਨਾਂ ਨੂੰ ਡੀ.ਏ.ਪੀ ਖਾਦ ਦੀ ਜ਼ਰੂਰਤ ਹੈ ਪਰ ਖਾਦ ਨਾ ਮਿਲਣ ਕਰਕੇ ਜਿਥੇ ਕਿਸਾਨਾਂ ਦੀ ਫਸਲ ਪਛੜ ਰਹੀ ਹੈ, ਉਥੇ ਇਸ ਨਾਲ ਕਿਸਾਨਾਂ ਨੂੰ ਸਿੱਧਾ ਮਾਲੀ ਘਾਟੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਦੂਜੇ ਪਾਸੇ ਡੀ ਐਮ ਮਾਰਕਫੈਡ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਾਈਵੇਟ ਫਰਟੀਲਾਇਜ਼ਰ ਨੇ ਵੀ ਡੀ.ਏ.ਪੀ ਖਾਦ ਦੀ ਘਾਟ ਦੀ ਗੱਲ ਕੀਤੀ।

ਉਥੇ ਹੀ ਕਿਸਾਨਾਂ ਨੇ ਕਿਹਾ ਕਿ ਦਾਅਵੇ ਤੇ ਵਾਅਦੇ ਕਰਨ ਵਾਲੀ ਸਰਕਾਰ ਨੇ ਕਦੇ ਵੀ ਕਿਸਾਨ ਹਿੱਤ ਵਿਚ ਫੈਸਲੇ ਨਹੀਂ ਲਏ।ਜਿਸ ਦੀ ਬਦੌਲਤ ਕਿਸਾਨ ਮੰਦਹਾਲੀ ਦੇ ਦੌਰ ਵਿਚੋਂ ਲੰਘ ਰਹੇ ਹਨ। ਸਰਕਾਰ ਨੂੰ ਸਵਾਲ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਖਾਦ ਮੁਹੱਇਆ ਨਹੀਂ ਕਰਵਾ ਸਕਦੀ ਤਾਂ ਕਿਸਾਨ ਫ਼ਸਲ ਵਿਭਿੰਨਤਾ ਕਿਵੇਂ ਕਰੇ?

ਉਨ੍ਹਾਂ ਕਿਹਾ ਕਿ ਸਰਕਾਰ ਨੇ ਕਦੇ ਵੀ ਕਿਸਾਨੀ ਹਿੱਤ ਵਿਚ ਫੈਸਲਾ ਨਹੀਂ ਲਿਆ, ਕਿਉਂਕਿ ਜਦੋਂ ਕਿਸਾਨ ਨੂੰ ਖਾਦ ਦੀ ਜ਼ਰੂਰਤ ਹੁੰਦੀ ਹੈ, ਉਦੋਂ ਖਾਦ ਨਹੀਂ ਮਿਲਦੀ ਅਤੇ ਜਦੋਂ ਫਸਲ ਭਰਨ ਲਈ ਬਾਰਦਾਨੇ ਦੀ ਜ਼ਰੂਰਤ ਹੁੰਦੀ ਹੈ ਤਾਂ ਬਾਰਦਾਨੇ ਦੀ ਘਾਟ ਆ ਜਾਂਦੀ ਹੈ ਅਤੇ ਜਦੋਂ ਫਸਲ ਵੇਚਣ ਲਈ ਮੰਡੀ ਆਉਂਦੇ ਹਨ ਤਾਂ ਮੰਡੀਆਂ ਵਿਚ ਅਨੇਕਾਂ ਤਰ੍ਹਾਂ ਦੀਆਂ ਕਮੀਆਂ ਕਿਸਾਨਾਂ ਨੂੰ ਹਿਤਾਸ਼ ਅਤੇ ਪ੍ਰੇਸ਼ਾਨ ਕਰਦੀਆਂ ਹਨ।

ਕਿਸਾਨਾਂ ਨੇ ਕਿਹਾ ਕਿ ਹੁਣ ਡੀ.ਏ.ਪੀ ਖਾਦ ਮੁਹੱਇਆ ਨਾ ਕਰਵਾ ਕੇ ਕਿਸਾਨਾਂ ਨੂੰ ਅਗਲੀ ਫਸਲ ਬਿਜਣ ਤੋਂ ਅਸਿੱਧੇ ਤੌਰ ‘ਤੇ ਰੋਕ ਰਹੀ ਹੈ। ਉਹਨਾਂ ਕਿਹਾ ਕਿ ਆਲੂ ਦੀ ਫਸਲ ਲਈ ਇਕ ਏਕੜ ਵਿੱਚ ਚਾਰ ਬੋਰੀਆਂ ਦੀ ਜਰੂਰਤ ਹੁੰਦੀ ਹੈ ਪਰ ਜੇ ਪ੍ਰਾਈਵੇਟ ਡੀ.ਏ.ਪੀ ਖਾਦ ਲਈਏ ਤਾਂ ਉਹ ਬਲੈਕ ਵਿੱਚ ਮਿਲਦੀ ਹੈ ਅਤੇ ਜਲਦ ਡੀ.ਏ.ਪੀ ਖਾਦ ਨਾ ਮਿਲੀ ਤਾਂ ਫਸਲ ਲਗਾਉਣ ਵਿੱਚ ਦੇਰੀ ਹੋਵੇਗੀ।

ਜ਼ਿਲ੍ਹਾ ਪ੍ਰਧਾਨ ਪ੍ਰਾਈਵੇਟ ਫਰਟੀਲਾਇਜ਼ਕ ਵਿਨੋਦ ਸੋਈ ਨੇ ਕਿਹਾ ਕਿ, “ਘਾਟ ਤਾਂ ਹੈ ਅਤੇ ਸਾਨੂੰ ਲਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਘਾਟ ਦੂਰ ਹੁੰਦੀ ਦਿਖਾਈ ਨਹੀਂ ਦਿੰਦੀ ਪਰ ਕੋਈ ਵੀ ਬਲੈਕ ਨਹੀਂ ਕਰ ਰਿਹਾ ਹੈ।”ਡੀ ਐਮ ਮਾਰਕਫੈਡ ਸਚਿਨ ਨੇ ਕਿਹਾ ਕਿ, “ਪਿੱਛੋਂ ਡੀ.ਏ.ਪੀ ਖਾਦ ਦੀ ਘਾਟ ਹੈ ਅਤੇ ਆਉਣ ਵਾਲੇ ਹਫ਼ਤੇ ਵਿਚ ਦੋ ਰੈਕ ਆਉਣਗੇ ਜਿਸ ਨਾਲ ਘਾਟ ਦੂਰ ਹੋਵੇਗੀ।”

Leave a Reply

Your email address will not be published.