ਹੁਣੇ ਹੁਣੇ ਨਵਜੋਤ ਸਿੱਧੂ ਬਾਰੇ ਆਈ ਇਹ ਵੱਡੀ ਖ਼ਬਰ-ਹਰ ਪਾਸੇ ਹੋਈ ਚਰਚਾ,ਦੇਖੋ ਪੂਰੀ ਖ਼ਬਰ

ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਆਖ਼ਰੀ ਬਜਟ ਸੈਸ਼ਨ ਵਿਚ ਵਿਰੋਧੀਆਂ ਨੇ ਤਾਂ ਆਲੋਚਨਾ ਕਰਨੀ ਹੀ ਸੀ ਪਰ ਜਦ ਪਹਿਲੀ ਵਾਰ ਅਪਣੇ ਅੰਦਰੋਂ ਹੀ ਵਿਰੋਧੀ ਸੁਰਾਂ ਸੁਣਨੀਆਂ ਪੈਣ ਤਾਂ ਗੱਲ ਦੇ ਅਰਥ ਹੋਰ ਦੇ ਹੋਰ ਬਣਨ ਲਗਦੇ ਹਨ। ਇਕ ਪਾਸੇ ਪੰਜਾਬ ਸਰਕਾਰ ਅਪਣੀਆਂ ਪ੍ਰਾਪਤੀਆਂ ਗਿਣਵਾ ਰਹੀ ਹੈ ਤੇ ਦਾਅਵੇ ਕਰ ਰਹੀ ਹੈ ਕਿ ਉਨ੍ਹਾਂ ਨੇ ਚਾਰ ਸਾਲਾਂ ਵਿਚ ਪੰਜਾਬ ਵਿਚ ਅਪਣੇ ਕਿੰਨੇ ਵਾਅਦੇ ਪੂਰੇ ਕੀਤੇ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਅਤੇ ਫਿਰ ਇਕ ਪ੍ਰੈਸ ਕਾਨਫ਼ਰੰਸ ਕਰ ਕੇ ਆਖਿਆ ਹੈ ਕਿ ਸੂਬੇ ਦੇ ਰਾਜ-ਪ੍ਰਬੰਧ ਵਿਚ ਬਹੁਤ ਗੜਬੜੀ ਚਲ ਰਹੀ ਹੈ ਤੇ ਕੁੱਝ ਲੋਕ ਦਲਾਲ ਬਣ ਕੇ ਸਾਰੇ ਪੈਸੇ ਅਪਣੀਆਂ ਜੇਬਾਂ ਵਿਚ ਪਾ ਰਹੇ ਹਨ।

ਇਕ ਪਾਸੇ ਸਿੱਧੂ ਦੀ ਕਾਂਗਰਸ ਵਿਚ ਮੁੜ ਕਿਸੇ ਅਹਿਮ ਅਹੁਦੇ ਤੇ ਤਾਈਨਾਤੀ ਦੀ ਗੱਲ ਚਲ ਰਹੀ ਹੈ ਤੇ ਦੂੁਜੇ ਪਾਸੇ ਉਨ੍ਹਾਂ ਅਪਣੀ ਹੀ ਸਰਕਾਰ ਨੂੰ ਘੇਰ ਲਿਆ ਹੈ। ਇਸ ਕਦਮ ਨਾਲ ਨਵਜੋਤ ਸਿੰਘ ਸਿੱਧੂ ਨੇ ਇਕ ਗੱਲ ਤਾਂ ਸਾਫ਼ ਕਰ ਦਿਤੀ ਹੈ ਕਿ ਉਹ ਕਾਂਗਰਸ ਦਾ ਹਿੱਸਾ ਕਿਸੇ ਮਜਬੂਰੀ ਕਾਰਨ ਹੀ ਬਣੇ ਹੋਏ ਹਨ। ਉਨ੍ਹਾਂ ਨੂੰ ਵਾਪਸ ਸਰਕਾਰ ਵਿਚ ਕਿਸੇ ਅਹਿਮ ਅਹੁਦੇ ਉਤੇ ਬਿਠਾਉਣ ਦੀ ਹਰੀਸ਼ ਰਾਵਤ ਦੀ ਲਗਾਤਾਰ ਕੀਤੀ ਜਾ ਰਹੀ ਕੋਸ਼ਿਸ਼ ਦਾ ਕੋਈ ਸਿੱਟਾ ਨਹੀਂ ਨਿਕਲਿਆ। ਸੋ ਜਿਹੜੀ ਚਿੰਤਾ ਤੇ ਜਿਹੜੇ ਸੁਝਾਅ ਨਵਜੋਤ ਸਿੰਘ ਸਿੱਧੂ ਨੇ ਅਪਣੀ ਪਾਰਟੀ ਨਾਲ ਸਾਂਝੇ ਕਰ ਕੇ ਪਾਰਟੀ ਦੀ ਆਉਣ ਵਾਲੀ ਰਣਨੀਤੀ ਬਣਾਉਣ ਲਗਿਆਂ ਵਿਚਾਰਨੇ ਸਨ, ਉਹ ਉਨ੍ਹਾਂ ਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਤੇ ਫਿਰ ਪ੍ਰੈੱਸ ਕਾਨਫ਼ਰੰਸ ਰਾਹੀਂ ਅਪਣੀ ਹੀ ਸਰਕਾਰ ਨੂੰ ਸੁਣਾ ਦਿਤੇ ਹਨ।

ਜੋ-ਜੋ ਗੱਲਾਂ ਆਖੀਆਂ ਗਈਆਂ ਹਨ, ਉਨ੍ਹਾਂ ਨੂੰ ਵੇਖ ਕੇ ਇਕ ਗੱਲ ਤਾਂ ਸਾਫ਼ ਹੋ ਗਈ ਲਗਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਮਨਜ਼ੂਰ ਨਹੀਂ। ਚਰਚਾਵਾਂ ਦਸਦੀਆਂ ਹਨ ਕਿ ਉਨ੍ਹਾਂ ਦੇ ਪੀ.ਪੀ.ਸੀ. ਦਾ ਪ੍ਰਧਾਨ ਬਣਨ ਦੀ ਗੱਲ ਚਲ ਰਹੀ ਸੀ ਤੇ ਸ਼ਾਇਦ ਉਸ ਦੇ ਸਿਰੇ ਨਾ ਲੱਗਣ ਦਾ ਨਤੀਜਾ ਹੀ ਸਾਹਮਣੇ ਆ ਗਿਆ ਹੈ। ਸੋ, ਹੁਣ ਸਿੱਧੂ ਦੇ ਕਾਂਗਰਸ ਨਾਲ ਦੋਸਤੀ ਦੇ ਦਿਨ ਖ਼ਤਮ ਹੁੰਦੇ ਨਜ਼ਰ ਤਾਂ ਆ ਰਹੇ ਹਨ ਪਰ ਅਗਲਾ ਰਾਹ ਕੀ ਹੈ? ਨਵਜੋਤ ਸਿੰਘ ਸਿੱਧੂ ਦੀ ਗੱਲ ਤੋਂ ਇਹ ਤਾਂ ਸਪੱਸ਼ਟ ਹੈ ਕਿ ਉਹ ਅਜੇ ਵੀ ਪੰਜਾਬ ਦੀ ਸਿਆਸਤ ਨਾਲ ਜੁੜੇ ਹੋਏ ਹਨ ਤੇ ਪੰਜਾਬ ਨੂੰ ਫਿਰ ਤੋਂ ਇਕ ਨੰਬਰ ਰਾਜ ਬਣਾਉਣ ਬਾਰੇ ਫ਼ਿਕਰਮੰਦ ਹਨ। ਭਾਵੇਂ ਉਹ ਅਪਣੀ ਪਾਰਟੀ ਵਿਚ ਸਰਗਰਮ ਨਹੀਂ ਹਨ ਪਰ ਉਨ੍ਹਾਂ ਦੀ ਸੋਚ ਪੰਜਾਬ ਤੇ ਹੀ ਕੇਂਦਰਤ ਰਹੀ ਹੈ। ਭਾਜਪਾ ਵਿਚ ਘਰ ਵਾਪਸੀ ਮੁਸ਼ਕਲ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਕਈ ਕੁੱਝ ਅਜਿਹਾ ਕਹਿ ਚੁੱਕੇ ਹਨ ਜੋ ਹੁਣ ਵਾਪਸ ਨਹੀਂ ਲਿਆ ਜਾ ਸਕਦਾ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਉਹ ਭਾਜਪਾ ਦੀ ਸੋਚ ਦਾ ਸਮਰਥਨ ਵੀ ਨਹੀਂ ਕਰ ਸਕਦੇ। ਉਨ੍ਹਾਂ ਵਾਸਤੇ ਅੱਜ ਦੀ ਤਰੀਕ ਵਿਚ ਦੋ ਹੀ ਰਸਤੇ ਖੁਲ੍ਹੇ ਹਨ।

ਇਕ ਹੈ ‘ਆਪ’ ਪਾਰਟੀ ਤੇ ਦੂਜਾ ਇਕ ਅਜ਼ਾਦ ਫ਼ਰੰਟ ਜਿਸ ਵਿਚ ਕਿਸਾਨ ਆਗੂਆਂ ਤੇ ਸਮਾਜ ਸੇਵੀਆਂ ਦਾ ਭਾਈਚਾਰਾ ਬਣ ਸਕਦਾ ਹੈ। ਪਰ ਦੋਹੀਂ ਪਾਸੀਂ ਨਵਜੋਤ ਸਿੰਘ ਸਿੱਧੂ ਨੂੰ ਇਕ ਜਨਰਲ ਦਾ ਰੋਲ ਦੇਣਾ ਚਾਹੁਣ ਵਾਲੇ ਲੋਕ ਅਪਣੇ ਨਾਲ ਜੋੜਨੇ ਪੈਣਗੇ ਤੇ ਇਕ ਇਨਕਲਾਬੀ ਰਣਨੀਤੀ ਤਿਆਰ ਕਰਨੀ ਪਵੇਗੀ। ਕੀ ਇਹ ਦਸਤਾਰਧਾਰੀ ਤੂਫ਼ਾਨ ਉਸ ਲਹਿਰ ਨੂੰ ਜਨਮ ਦੇ ਸਕਦਾ ਹੈ? ਨਵਜੋਤ ਸਿੰਘ ਸਿੱਧੂ ਵਲੋਂ ਕੁੱਝ ਉਹ ਗੱਲਾਂ ਵੀ ਆਖੀਆਂ ਗਈਆਂ ਹਨ ਜੋ ਪੰਜਾਬ ਸਰਕਾਰ ਦੀ ਚਾਰ ਸਾਲ ਦੀ ਕਾਰਗੁਜ਼ਾਰੀ ’ਤੇ ਸਵਾਲ ਵੀ ਚੁਕਦੀਆਂ ਹਨ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੂੰ ਵੀ ਜਗਾਉਂਦੀਆਂ ਹਨ। ਜੇ ਇਨ੍ਹਾਂ ਤਕਰੀਰਾਂ ਵਿਚੋਂ ਕੁੱਝ ਤੱਥ ਚੁਕਦੇ ਸਵਾਲ ਪੁੱਛੇ ਜਾਣ ਤਾਂ ਇਹੀ ਪੁਛਿਆ ਜਾਵੇਗਾ ਕਿ ਜੇ ਅਕਾਲੀ ਦਲ ਨੇ ਦਸ ਸਾਲ ਦੇ ਰਾਜ ਵਿਚ ਕਰਜ਼ਾ 48 ਹਜ਼ਾਰ ਕਰੋੜ ਵਿਚੋਂ ਦੋ ਲੱਖ ਕਰੋੜ ਦੇ ਦਿਤਾ ਤਾਂ ਕਾਂਗਰਸ ਉਸ ਨੂੰ ਤਕਰੀਬਨ 4 ਸਾਲ ਵਿਚ 3.50 ਕਰੋੜ ਤੇ ਲਿਜਾ ਚੁਕੀ ਹੈ, ਤਾਂ ਫਿਰ ਦੋਹਾਂ ਦੀ ਕਾਰਗੁਜ਼ਾਰੀ ਵਿਚ ਅੰਤਰ ਕੀ ਹੈ?

ਤਾਮਿਲਨਾਡੂ ਸੂਬੇ ਵਿਚ 10 ਦਿਨਾਂ ਵਿਚ ਮਾਈਨਿੰਗ ਦੇ ਵਪਾਰ ’ਚੋਂ 43 ਕਰੋੜ ਕਮਾਇਆ ਜਾਂਦਾ ਹੈ ਤੇ ਪੂਰੇ ਪੰਜਾਬ ਵਿਚੋਂ ਸਾਰੇ ਸਾਲ ਵਿਚ 50 ਕਰੋੜ ਦੀ ਆਮਦਨ ਹੀ ਕਿਉਂ? ਪਰ ਸਿੱਧੂ ਦਾ ਸੱਭ ਤੋਂ ਤਿੱਖਾ ਹਮਲਾ ਪੰਜਾਬ ਸਰਕਾਰ ਵਲੋਂ ਕਿਸਾਨ ਨੂੰ ਤਿੰਨ ਕਾਲੇ ਕਾਨੂੰਨਾਂ ਤੋਂ ਬਚਾਉਣ ਨੂੰ ਲੈ ਕੇ ਹੈ ਤੇ ਉਹ ਠੀਕ ਹੀ ਕਹਿੰਦੇ ਹਨ ਕਿ ਪੰਜਾਬ ਅਸੈਂਬਲੀ ਵਲੋਂ ਰੱਦ ਕੀਤੇ ਗਏ ਕਾਨੂੰਨ ਰਾਜ ਦੇ ਸੰਵਿਧਾਨਕ ਅਧਿਕਾਰਾਂ ਦੇ ਦਾਇਰੇ ਵਿਚ ਸਨ। ਕਿਸਾਨਾਂ ਤੇ ਮਜ਼ਦੂਰਾਂ ਦੀ ਮਦਦ ਵਾਸਤੇ ਕਈ ਯੋਜਨਾਵਾਂ ਸਿੱਧੂ ਦੇ ਦਿਮਾਗ਼ ਵਿਚ ਹਨ ਪਰ ਅਸਲੀਅਤ ਇਹ ਵੀ ਹੈ ਕਿ ਇਨ੍ਹਾਂ ਸੱਭ ਯੋਜਨਾਵਾਂ ਨੂੰ ਹਕੀਕੀ ਰੂਪ ਦੇਣ ਤੇ ਲਾਗੂ ਕਰਨ ਲਈ ਸਰਕਾਰ ਦਾ ਹਿੱਸਾ ਵੀ ਬਣਨਾ ਹੀ ਪਵੇਗਾ ਤੇ ਜੇ ਹੁਣ ਕਾਂਗਰਸ ਸਰਕਾਰ ਨਹੀਂ ਤਾਂ ਫਿਰ ਕਿਹੜੀ ਸਰਕਾਰ ਰਾਹੀਂ ਉਹ ਇਨ੍ਹਾਂ ਨੂੰ ਅਮਲੀ ਜਾਮਾ ਪਵਾ ਕੇ ਵਿਖਾ ਸਕਣਗੇ?

Leave a Reply

Your email address will not be published. Required fields are marked *