ਹੁਣੇ ਹੁਣੇ ਚੰਨੀ ਨੇ ਇਸ ਕੰਮ ਲਈ ਵੀ ਦਿੱਤੀ ਹਰੀ ਝੰਡੀ

ਸੂਬਾ ਭਰ ਦੇ ਖਪਤਕਾਰਾਂ ਲਈ ਨਿਰਵਿਘਨ, ਮਿਆਰੀ ਅਤੇ ਵਾਜਬ ਕੀਮਤਾਂ ਉੱਤੇ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੂੰ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਬਿਜਲੀ ਖਰੀਦ ਸਮਝੌਤਾ ਰੱਦ ਕਰਨ ਵਾਸਤੇ ਤੁਰੰਤ ਨੋਟਿਸ ਜਾਰੀ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ ਕਿ ਇਹ ਕਦਮ ਖਪਤਕਾਰਾਂ ਦੇ ਹਿੱਤ ਸੁਰੱਖਿਅਤ ਰੱਖਣ ਲਈ ਚੁੱਕਿਆ ਗਿਆ ਹੈ, ਜਿਸ ਨਾਲ ਲੋਕਾਂ ਉੱਤੇ ਮਹਿੰਗੀ ਬਿਜਲੀ ਦਾ ਬੋਝ ਘਟੇਗਾ।

ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਮੁਤਾਬਕ ਵਿੱਤੀ ਸਾਲ 18-19, ਵਿੱਤੀ ਸਾਲ 19-20 ਅਤੇ ਵਿੱਤੀ ਸਾਲ 20-21 ਦੌਰਾਨ ਬਿਜਲੀ ਦੀ ਕੀਮਤ ਔਸਤਨ ਪ੍ਰਤੀ ਯੂਨਿਟ (ਨਿਰਧਾਰਤ+ਪਰਿਵਰਤਨਸ਼ੀਲ) ਕ੍ਰਮਵਾਰ 5.10 ਰੁਪਏ, 5.55 ਰੁਪਏ ਅਤੇ 5.30 ਰੁਪਏ ਰਿਹਾ, ਜਦਕਿ ਇਨ੍ਹਾਂ ਸਾਲਾਂ ਦੌਰਾਨ ਥੋੜ੍ਹਚਿਰੀ ਮਾਰਕੀਟ ’ਚ ਬਿਜਲੀ ਦੀ ਔਸਤਨ ਕੀਮਤ ਕ੍ਰਮਵਾਰ 3.86 ਰੁਪਏ, 3.21 ਅਤੇ 3.01 ਰੁਪਏ ਪ੍ਰਤੀ ਯੂਨਿਟ ਪਾਈ ਗਈ ਸੀ।

ਫਲਸਰੂਪ, ਪ੍ਰਚੱਲਿਤ ਰੁਝਾਨ ਮੁਤਾਬਕ ਤਲਵੰਡੀ ਸਾਬੋ ਪਾਵਰ ਲਿਮਟਿਡ ਅਤੇ ਥੋੜ੍ਹਚਿਰੀ ਮਾਰਕੀਟ ’ਚ ਔਸਤਨ ਬਿਜਲੀ ਦਰਾਂ ’ਚ ਫਰਕ 2 ਰੁਪਏ ਕਿਲੋਵਾਟ ਅਵਰ ਅਤੇ ਤਲਵੰਡੀ ਸਾਬੋ ਪਾਵਰ ਲਿਮਟਿਡ ਤੋਂ ਨਿਰਧਾਰਤ ਯੂਨਿਟ 9000 ਮਿਲੀਅਨ ਯੂਨਿਟ ਹਨ। ਮੌਜੂਦਾ ਕੀਮਤਾਂ ਉੱਤੇ ਪੀ. ਐੱਸ. ਪੀ. ਸੀ. ਐੱਲ. ਵੱਲੋਂ ਸਾਲਾਨਾ 1800 ਕਰੋੜ ਰੁਪਏ ਦੀ ਵਾਧੂ ਕੀਮਤ ਸਹਿਣ ਕੀਤੀ ਜਾ ਰਹੀ ਹੈ ਅਤੇ ਬਿਜਲੀ ਖਰੀਦ ਸਮਝੌਤੇ ਦੇ ਬਾਕੀ ਰਹਿੰਦੇ ਸਮੇਂ ਲਈ 36000 ਕਰੋੜ ਹੋਰ ਬਣਦੇ ਹਨ। ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਵਧਦੀ ਮੰਗ ਦੇ ਕਾਰਨ ਤਲਵੰਡੀ ਸਾਬੋ ਪਾਵਰ ਲਿਮਟਿਡ ਤੋਂ ਊਰਜਾ ਦੀ ਹੌਲੀ-ਹੌਲੀ ਮੰਗ ਵਧ ਕੇ 12000 ਮਿਲੀਅਨ ਯੂਨਿਟ ਹੋ ਜਾਵੇ ਅਤੇ 1.50 ਕੇ. ਡਬਲਿਊ. ਐੱਚ. ਦੀ ਰਵਾਇਤੀ ਕੀਮਤ ਨੂੰ ਵਿਚਾਰ ਵੀ ਲਿਆ ਜਾਵੇ ਤਾਂ ਇਹ ਦੇਣਦਾਰੀ ਓਨੀ ਹੀ ਬਣਦੀ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਵੱਧ ਪਰਿਵਰਤਨਸ਼ੀਲ ਕੀਮਤਾਂ ਦੇ ਕਾਰਨ ਤਲਵੰਡੀ ਸਾਬੋ ਪਾਵਰ ਲਿਮਟਿਡ ਦੀ ਕਾਰਗੁਜ਼ਾਰੀ ਮਿਆਰ ਪੱਖੋਂ ਹੇਠਲੇ ਦਰਜੇ ਦੀ ਹੈ ਅਤੇ ਇਸ ਦੇ ਨਤੀਜੇ ਵਜੋਂ ਬਿਜਲੀ ਦੀ ਨਿਰਧਾਰਤ ਪੈਦਾਵਾਰ ਉੱਤੇ ਖਰੇ ਨਹੀਂ ਉਤਰਿਆ, ਜਦਕਿ ਪੀ. ਐੱਸ. ਪੀ. ਸੀ. ਐੱਲ. ਨੂੰ ਪਲਾਂਟ ਲਈ ਐਲਾਨੀ ਉਪਲੱਬਧਤਾ ਲਈ ਪੂਰੀ ਸਮਰੱਥਾ ਵਾਲੀਆਂ ਦਰਾਂ ਦੀ ਅਦਾਇਗੀ ਕਰਨੀ ਪੈਂਦੀ ਹੈ। ਵਿੱਤੀ ਸਾਲ 2014-15 ਤੋਂ ਵਿੱਤੀ ਸਾਲ 2020-21 ਤੱਕ 24176 ਮਿਲੀਅਨ ਯੂਨਿਟ ਊਰਜਾ ਸਮਰਪਣ ਕੀਤੀ ਗਈ, ਜਦਕਿ ਇਸ ਊਰਜਾ ਲਈ ਪੀ. ਐੱਸ. ਪੀ. ਸੀ. ਐੱਲ. ਵੱਲੋਂ ਨਿਰਧਾਰਤ ਦਰਾਂ ਦੇ ਤਹਿਤ 2920 ਕਰੋੜ ਰੁਪਏ ਅਦਾ ਕੀਤੇ ਗਏ। ਇਸ ਪਲਾਂਟ ਦੀ ਸਮਰਪਣ ਊਰਜਾ ਦੀ ਕੀਮਤ ਵਿੱਤੀ ਸਾਲ 2018-19, ਵਿੱਤੀ ਸਾਲ 2019-20 ਅਤੇ ਵਿੱਤੀ ਸਾਲ 2020-21 ਦੌਰਾਨ ਕ੍ਰਮਵਾਰ 389 ਕਰੋੜ ਰੁਪਏ, 756 ਕਰੋੜ ਅਤੇ 446 ਕਰੋੜ ਰੁਪਏ ਰਹੀ।

‘ਜ਼ਰੂਰ ਚਲਾਉਣ’ ਦੀ ਸਥਿਤੀ ਵਾਲੀ ਨਵਿਆਉਣਯੋਗ ਊਰਜਾ ਦੇ ਪ੍ਰਵੇਸ਼ ਨਾਲ ਬਿਜਲੀ ਦਾ ਸਮਰਪਣ ਵਧਣ ਦੀ ਸੰਭਾਵਨਾ ਹੈ ਅਤੇ ਇਸ ਕਰਕੇ ਤਲਵੰਡੀ ਸਾਬੋ ਪਾਵਰ ਲਿਮਟਿਡ ਤੋਂ ਬਿਜਲੀ ਦੀ ਕੀਮਤ ਹੋਰ ਵੀ ਵਧ ਜਾਵੇਗੀ। ਇਹ ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਜੀ. ਵੀ. ਕੇ. ਗੋਇੰਦਵਾਲ ਸਾਹਿਬ (2×270 ਮੈਗਾਵਾਟ) ਦੇ ਬਿਜਲੀ ਖਰੀਦ ਸਮਝੌਤੇ ਨੂੰ ਰੱਦ ਕਰਨ ਲਈ ਪੀ. ਐੱਸ. ਪੀ. ਸੀ. ਐੱਲ. ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਚੁੱਕੀ ਹੈ। ਇਸ ਤੋਂ ਬਾਅਦ ਇਸ ਡਿਫਾਲਟ ਕੰਪਨੀ ਨੂੰ ਸਮਝੌਤਾ ਰੱਦ ਕਰਨ ਦਾ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ।

Leave a Reply

Your email address will not be published.