ਹੱਸਦੇ ਵੱਸਦੇ ਪਰਿਵਾਰ ਚ’ ਪਏ ਵੈਣ-10 ਦਿਨ ਪਹਿਲਾਂ ਵਿਆਹੇ ਮੁੰਡੇ ਨੂੰ ਇੰਝ ਘਸੀਟ ਕੇ ਲੈ ਗਈ ਮੌਤ

ਮਕਸੂਦਾਂ ਮੰਡੀ ਦੇ ਬਾਹਰ 10 ਦਿਨ ਪਹਿਲਾਂ ਵਿਆਹੇ 23 ਸਾਲਾ ਨੌਜਵਾਨ ਦੀ ਟਰੱਕ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਇਹ ਨੌਜਵਾਨ ਕੋਰੀਅਰ ਕੰਪਨੀ ਵਿਚ ਕੰਮ ਕਰਦਾ ਸੀ, ਜੋ ਸਾਮਾਨ ਦੀ ਡਿਲਿਵਰੀ ਦੇਣ ਲਈ ਜਾ ਰਿਹਾ ਸੀ ਕਿ ਰਸਤੇ ਵਿਚ ਇਕ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮ੍ਰਿਤਕ ਦੀ ਪਛਾਣ ਆਕਾਸ਼ ਪੁੱਤਰ ਰਾਕੇਸ਼ ਕੁਮਾਰ ਵਾਸੀ ਦਸਮੇਸ਼ ਨਗਰ ਵਜੋਂ ਹੋਈ ਹੈ।

ਥਾਣਾ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਆਕਾਸ਼ ਦਾ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਕਿਸੇ ਸਾਮਾਨ ਦੀ ਡਿਲਿਵਰੀ ਦੇਣ ਬਾਈਕ ’ਤੇ ਜਾ ਰਿਹਾ ਸੀ। ਜਿਵੇਂ ਹੀ ਉਹ ਮਕਸੂਦਾਂ ਮੰਡੀ ਕੋਲ ਪਹੁੰਚਿਆ ਤਾਂ ਇਕ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚ ਕੇ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ।

ਮੌਤ ਦੀ ਖ਼ਬਰ ਸੁਣਦੇ ਹੀ ਆਕਾਸ਼ ਦੇ ਘਰ ਮਾਤਮ ਛਾ ਗਿਆ। ਜਿਸ ਘਰ ਵਿਚ 10 ਦਿਨ ਪਹਿਲਾਂ ਵਿਆਹ ਹੋਇਆ ਸੀ, ਉਸ ਘਰ ਵਿਚ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਉਥੇ ਹੀ ਆਕਾਸ਼ ਦੀ ਮੌਤ ਦੇ ਬਾਅਦ ਉਸ ਦੇ ਪਰਿਵਾਰਕ ਮੈਂਬਰ ਥਾਣੇ ਦੇ ਬਾਹਰ ਪਹੁੰਚ ਗਏ। ਉਨ੍ਹਾਂ ਵਿਚ ਕਾਫ਼ੀ ਰੋਸ ਸੀ ਪਰ ਮੌਕੇ ’ਤੇ ਪਹੁੰਚੇ ਥਾਣਾ ਮੁਖੀ ਸੁਖਬੀਰ ਸਿੰਘ ਨੇ ਪੀੜਤ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ ਅਤੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ।

ਟੁੱਟੀ ਸੜਕ ਬਣੀ ਆਫ਼ਤ – ਜਿੱਥੇ ਇਹ ਹਾਦਸਾ ਹੋਇਆ, ਉਥੇ ਸੜਕ ਦੇ ਇਕ ਸਾਈਡ ਦਾ ਨਿਰਮਾਣ ਚੱਲ ਰਿਹਾ ਹੈ, ਜਿਸ ਕਾਰਨ ਇਕ ਸਾਈਡ ਬੰਦ ਕੀਤੀ ਹੋਈ ਹੈ। ਕੁਝ ਸਮਾਂ ਪਹਿਲਾਂ ਇਸ ਸੜਕ ’ਤੇ ਇਕ ਗੱਡੀ ਨੇ ਤਿੰਨ ਰੇਹੜੀ ਵਾਲਿਆਂ ਨੂੰ ਕੁਚਲ ਦਿੱਤਾ ਸੀ।

ਹਾਦਸੇ ਵਿਚ ਰੇਹੜੀਆਂ ਦਾ ਸਾਮਾਨ ਸੜਕ ’ਤੇ ਖਿਲਰ ਗਿਆ ਸੀ ਪਰ ਚੰਗੀ ਕਿਸਮਤ ਨਾਲ ਰੇਹੜੀ ਚਾਲਕ ਤਿੰਨੋਂ ਨੌਜਵਾਨਾਂ ਦਾ ਬਚਾਅ ਹੋ ਗਿਆ ਸੀ, ਹਾਲਾਂਕਿ ਉਨ੍ਹਾਂ ਨੂੰ ਸੱਟਾਂ ਜ਼ਰੂਰ ਲੱਗੀਆਂ ਸਨ। ਹੈਰਾਨੀ ਦੀ ਗੱਲ ਹੈ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਅਦ ਵੀ ਸੜਕ ਨਹੀਂ ਬਣੀ ਅਤੇ ਇਸਦੀ ਕੀਮਤ ਲੋਕਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪੈ ਰਹੀ ਹੈ।

Leave a Reply

Your email address will not be published.