ਪੰਜਾਬੀਓ ਰਿਹੋ ਸਾਵਧਾਨ-ਕੱਲ੍ਹ ਨੂੰ ਏਥੇ ਏਥੇ ਪਵੇਗੀ ਸੰਘਣੀ ਧੁੰਦ-ਹੋ ਜਾਓ ਤਿਆਰ

ਉੱਤਰ ਭਾਰਤ ‘ਚ ਠੰਢ ਸ਼ੁਰੂ ਹੋ ਚੁੱਕੀ ਹੈ। ਗੱਲ ਪੰਜਾਬ ਤੇ ਇਸ ਦੇ ਨਾਲ ਲੱਗਦੇ ਗੁਆਂਢੀ ਸੂਬੇ ਹਰਿਆਣਾ ਦੀ ਕੀਤੀ ਜਾਏ ਤਾਂ ਇੱਥੇ ਐਤਵਾਰ ਨੂੰ ਧੁੱਪ ਨਿਕਲਣ ਨਾਲ ਮੌਸਮ ਸੁਹਾਵਣਾ ਰਿਹਾ। ਜਦਕਿ ਹਿਮਾਚਲ ਦੇ ਉੱਪਰਲੇ ਪਹਾੜੀ ਇਲਾਕਿਆਂ ‘ਚ ਬਰਫ਼ਬਾਰੀ ਹੋ ਰਹੀ ਹੈ। ਪਰ ਹਾਲੇ ਨਿਚਲੇ ਹਿੱਸਿਆਂ ‘ਚ ਬਰਫ਼ਬਾਰੀ ਸ਼ੁਰੂ ਨਹੀਂ ਹੋਈ। ਲਾਹੌਲ ਸਪੀਤੀ ਦੀਆਂ ਸੜਕਾਂ ਬਰਫ਼ ਦੀ ਚਾਦਰ ਨਾਲ ਢਕੀਆਂ ਹੋਈਆਂ ਹਨ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਦੱਸ ਦਈਏ ਕਿ ਹਿਮਾਚਲ ਦੇ ਨਿਚਲੇ ਇਲਾਕਿਆਂ ਸ਼ਿਮਲਾ ਤੇ ਕਸੌਲੀ ਵਰਗੇ ਸ਼ਹਿਰ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ਵਿੱਚ ਮੀਂਹ ਤਾਂ ਪਿਆ, ਪਰ ਹਾਲੇ ਵੀ ਇੱਥੇ ਲੋਕਾਂ ਨੂੰ ਬਰਫ਼ਬਾਰੀ ਦਾ ਇੰਤਜ਼ਾਰ ਹੈ। ਇਹੀ ਕਾਰਨ ਹੈ ਕਿ ਉੱਤਰ ਭਾਰਤ ਵਿੱੱਚ ਖੁੱਲ੍ਹ ਕੇ ਠੰਢ ਪੈਣੀ ਸ਼ੁਰੂ ਨਹੀਂ ਹੋਈ। ਜਦੋਂ ਹਿਮਾਚਲ ਦੇ ਨਿਚਲੇ ਇਲਾਕਿਆਂ ਵਿੱਚ ਬਰਫ਼ਬਾਰੀ ਹੁੰਦੀ ਹੈ ਤਾਂ ਉੱਤਰ ਭਾਰਤ ਖ਼ਾਸ ਕਰਕੇ ਪੰਜਾਬ, ਹਰਿਆਣਾ ਤੇ ਰਾਜਧਾਨੀ ਚੰਡੀਗੜ੍ਹ ‘ਚ ਮੌਸਮ ਕਰਵਟ ਲੈਂਦਾ ਹੈ। ਤਾਪਮਾਨ ਡਿੱਗ ਜਾਂਦਾ ਹੈ ਅਤੇ ਠੰਢ ਆਮ ਦਿਨਾਂ ਨਾਲੋਂ ਵਧ ਜਾਂਦੀ ਹੈ।ਮੌਸਮ ਵਿਭਾਗ ਦੀ ਮੰਨੀ ਜਾਏ ਤਾਂ ਐਤਵਾਰ ਯਾਨਿ 5 ਦਸੰਬਰ ਦੀ ਰਾਤ ਨੂੰ ਪੰਜਾਬ ਦੇ ਕੁੱਝ ਇਲਾਕਿਆਂ ਵਿੱਚ ਹਲਕੀ ਬੂੰਦਾ ਬਾਂਦੀ ਹੋ ਸਕਦੀ ਹੈ। ਸੂਬੇ ‘ਚ ਇਹੋ ਜਿਹਾ ਮੌਸਮ ਹੀ 6 ਦਸੰਬਰ ਨੂੰ ਵੀ ਬਣੇ ਰਹਿਣ ਦੀ ਸੰਭਾਵਨਾ ਹੈ। ਐਤਵਾਰ ਨੂੰ ਦੁਪਹਿਰ 4 ਵਜੇ ਤੱਕ ਵਧੀਆ ਧੁੱਪ ਨਿਕਲੀ ਰਹੀ, ਇਸ ਤੋਂ ਸੂਰਜ ਬੱਦਲਾਂ ਵਿੱਚ ਲੁਕ ਗਿਆ ਅਤੇ ਸੀਤ ਲਹਿਰ ਚੱਲਣੀ ਸ਼ੁਰੂ ਹੋ ਗਈ।

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਪੰਜਾਬ ਦੇ ਕੁੱਝ ਇਲਾਕਿਆਂ ਵਿੱਚ ਸੋਮਵਾਰ ਯਾਨਿ 6 ਦਸੰਬਰ ਨੂੰ ਸੰਘਣੀ ਧੁੰਦ ਪਵੇਗੀ। ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ। ਇਸ ਦੇ ਨਾਲ ਮੌਸਮ ਵਿਭਾਗ ਦਾ ਕਹਿਣੈ ਕਿ ਅਗਲੇ 24 ਘੰਟਿਆਂ ਦੌਰਾਨ ਸੂਬੇ ‘ਚ ਤਾਪਮਾਨ ਸਥਿਰ ਰਹੇਗਾ। ਪਰ ਜੇਕਰ ਧੁੱਪ ਨਹੀਂ ਨਿਕਲਦੀ ਤਾਂ 1-2 ਡਿਗਰੀ ਸੈਲਸੀਅਸ ਤਾਪਮਾਨ ਹੇਠਾਂ ਡਿੱਗ ਸਕਦਾ ਹੈ।ਤਾਪਮਾਨ ਦੀ ਗੱਲ ਕੀਤੀ ਜਾਏ ਤਾਂ ਅੱਜ ਸੂਬੇ ਵਿੱਚ ਧੁੱਪ ਨਿਕਲਣ ਕਾਰਨ ਮੌਸਮ ਸੁਹਾਵਣਾ ਰਿਹਾ। ਇਸ ਦਰਮਿਆਨ ਐਤਵਾਰ ਨੂੰ 9.0 ਡਿਗਰੀ ਸੈਲਸੀਅਸ ਨਾਲ ਬਠਿੰਡਾ ਸਭ ਤੋਂ ਠੰਢਾ ਇਲਾਕਾ ਰਿਕਰਡ ਕੀਤਾ ਗਿਆ। ਰਾਜਧਾਨੀ ਚੰਡੀਗੜ੍ਹ ‘ਚ 12.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ 5 ਦਸੰਬਰ ਨੂੰ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਹਲਕੀ ਬਰਸਾਤ ਦੀ ਸੰਭਾਵਨਾ ਹੈ। ਜਦਕਿ 6 ਦਸੰਬਰ ਨੂੰ ਮੌਸਮ ਸਾਫ਼ ਰਹੇਗਾ, ਪਰ ਸੰਘਣੀ ਧੁੰਦ ਕਈ ਇਲਾਕਿਆਂ ‘ਚ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਤਾਪਮਾਨ ਦੀ ਗੱਲ ਕੀਤੀ ਜਾਏ ਤਾਂ ਐਤਵਾਰ ਨੂੰ ਇੱਥੇ 8.7 ਡਿਗਰੀ ਸੈਲਸੀਅਸ ਨਾਲ ਹਿਸਾਰ ਸਭ ਤੋਂ ਠੰਢਾ ਇਲਾਕਾ ਰਿਕਾਰਡ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪੱਛਮੀ ਗੜਬੜੀ ਕਰਕੇ ਹਿਮਾਚਲ ‘ਚ ਬਰਫ਼ਬਾਰੀ ਹੋ ਰਹੀ ਹੈ। ਪਰ ਹਾਲੇ ਪੱਛਮੀ ਗੜਬੜੀ ਦਾ ਜ਼ਿਆਦਾ ਨਹੀਂ ਵਧਿਆ, ਜਿਸ ਕਰਕੇ ਹਾਲੇ ਹਿਮਾਚਲ ਦੇ ਸਿਰਫ਼ ਉੱਚੇ ਪਹਾੜੀ ਇਲਾਕਿਆਂ ਵਿੱਚ ਹੀ ਬਰਫ਼ਬਾਰੀ ਹੋ ਰਹੀ ਹੈ ਅਤੇ ਉੱਤਰ ਭਾਰਤ ਵਿੱਚ ਠੰਢ ਨੇ ਹਾਲੇ ਆਪਣਾ ਪੂਰਾ ਜ਼ੋਰ ਨਹੀਂ ਦਿਖਾਇਆ ਹੈ।ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣੈ ਕਿ ਪੱਛਮੀ ਗੜਬੜੀ ਹਿਮਾਲਯ ਦੀ ਚੋਟੀ ਦੇ ਪੱਛਮੀ ਹਿੱਸੇ ‘ਚ ਵੀ ਦਬਾਅ ਬਣਾਏਗੀ। ਜਿਸ ਕਾਰਨ ਹਿਮਾਲਯ ਦੀ ਚੋਟੀ ‘ਤੇ 8-9 ਦਸੰਬਰ ਨੂੰ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਮੈਦਾਨੀ ਇਲਾਕਿਆਂ, ਖ਼ਾਸ ਕਰਕੇ ਉੱਤਰ ਭਾਰਤ ‘ਤੇ ਠੰਢ ਦਾ ਜ਼ੋਰ ਵਧ ਸਕਦਾ ਹੈ।

Leave a Reply

Your email address will not be published.