ਉੱਤਰ ਭਾਰਤ ਵਿੱਚ ਠੰਢ ਦੇ ਦਸਤਕ ਦਿੰਦੇ ਹੀ ਮੌਸਮ ‘ਚ ਉਤਾਰ ਚੜ੍ਹਾਅ ਦਾ ਸਿਲਸਿਲਾ ਚਲਦਾ ਹੀ ਆ ਰਿਹਾ ਹੈ।ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਪਹਾੜੀ ਇਲਾਕਿਆਂ ‘ਤੇ ਬਰਫ਼ਬਰੀ ਹੋਣ ਕਰਕੇ ਸਵੇਰੇ ਸ਼ਾਮ ਦੀ ਠੰਢ ਹੋ ਗਈ ਹੈ, ਪਰ ਹਾਲੇ ਧੁੱਪ ਨਿੱਕਲਦੇ ਰਹਿਣ ਕਾਰਨ ਦੁਪਹਿਰ ਦੇ ਸਮੇਂ ਠੰਢ ਤੋਂ ਰਾਹਤ ਮਿਲ ਜਾਂਦੀ ਹੈ।
ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਹਰ ਰੋਜ਼ ਪਾਰਾ 0.2 ਡਿਗਰੀ ਸੈਲਸੀਅਸ ਦੇ ਹਿਸਾਬ ਨਾਲ ਹੇਠਾਂ ਡਿੱਗ ਰਿਹਾ ਹੈ। ਸ਼ੁੱਕਰਵਾਰ ਨੂੰ ਜਿੱਥੇ ਘੱਟ ਤੋਂ ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ (ਆਦਮਪੁਰ) ਅਤੇ ਵੱਧ ਤੋਂ ਵੱਧ ਤਾਪਮਾਨ 25.9 ਡਿਗਰੀ ਦਰਜ ਕੀਤਾ ਗਿਆ ਸੀ। ਉੱਥੇ ਹੀ ਸ਼ਨੀਵਾਰ ਨੂੰ ਆਦਮਪੁਰ 0.2 ਡਿਗਰੀ ਹੇਠਾਂ ਡਿੱਗ ਕੇ 4.2 ਡਿਗਰੀ ਸੈਲਸੀਅਸ ‘ਤੇ ਆ ਪੁੱਜਾ। ਜਦਕਿ ਵੱਧ ਤੋਂ ਵੱਧ ਤਾਪਮਾਨ ਪਟਿਆਲਾ (24.9 ਡਿਗਰੀ ਸੈਲਸੀਅਸ) ‘ਚ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੀ ਭਵਿੱਖਵਾਣੀ ਦੇ ਮੁਤਾਬਕ ਐਤਵਾਰ ਨੂੰ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਬੱਦਲ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਮੌਸਮ ਵਿਭਾਗ ਨੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਪ੍ਰਗਟਾਈ। ਪਰ ਕਈ ਇਲਾਕਿਆਂ ‘ਚ ਹਲਕੀ ਜਾਂ ਮੱਧਮ ਧੁੰਦ ਜ਼ਰੂਰ ਪੈ ਸਕਦੀ ਹੈ।
ਹਰਿਆਣਾ ਦੀ ਗੱਲ ਕੀਤੀ ਜਾਏ ਤਾਂ ਇੱਥੇ ਘੱਟ ਤੋਂ ਘੱਟ ਤਾਪਮਾਨ ਹਿਸਾਰ (4.7 ਡਿਗਰੀ ਸੈਲਸੀਅਸ) ‘ਚ ਰਿਕਾਰਡ ਕੀਤਾ ਗਿਆ। ਜਦਕਿ ਵੱਧ ਤੋਂ ਵੱਧ ਤਾਪਮਾਨ ਰਾਜਧਾਨੀ ਚੰਡੀਗੜ੍ਹ (24.7 ਡਿਗਰੀ ਸੈਲਸੀਅਸ) ‘ਚ ਦਰਜ ਕੀਤਾ ਗਿਆ।
ਕਾਬਿਲੇਗ਼ੌਰ ਹੈ ਕਿ ਸਮੁੰਦਰੀ ਤਲ ;’ਤੇ ਪੱਛਮੀ ਦਬਾਅ ਬਣ ਰਿਹਾ ਹੈ। ਪਰ ਦਬਾਅ ਦਾ ਅਸਰ ਹਾਲੇ ਜ਼ਿਆਦਾ ਨਾ ਹੋਣ ਕਾਰਨ ਹਿਮਾਚਲ ਦੇ ਨਿਚਲੇ ਪਹਾੜੀ ਇਲਾਕਿਆਂ ‘ਚ ਬਰਫ਼ਬਾਰੀ ਨਹੀਂ ਹੋਈ ਹੈ। ਮੌਸਮ ਵਿਭਾਗ ਦੇ ਮੁਤਾਬਕ ਹਿਮਾਚਲ ਦੇ ਨਿਚਲੇ ਪਹਾੜੀ ਇਲਾਕਿਆਂ ਜਿਵੇਂ ਸ਼ਿਮਲਾ ਵਿੱਚ ਬਰਫ਼ਬਾਰੀ ਹੋਣ ਦੇ ਨਾਲ ਹੀ ਉੱਤਰ ਭਾਰਤ ਵਿੱਚ ਠੰਢ ਆਪਣਾ ਪੂਰਾ ਜ਼ੋਰ ਦਿਖਾਏਗੀ।