ਭਾਰਤ ਦੇ ਇਹਨਾਂ 2 ਸੁਪਰਹਿੱਟ ਖਿਡਾਰੀਆਂ ਨੇ ਕ੍ਰਿਕਟ ਜਗਤ ਨੂੰ ਹਮੇਸ਼ਾਂ ਲਈ ਕਿਹਾ ਅਲਵਿਦਾ-ਦੇਖੋ ਪੂਰੀ ਖ਼ਬਰ

ਟੀਮ ਇੰਡੀਆ ਨੂੰ 2011 ਦਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਸੰਨਿਆਸ ਲੈ ਲਿਆ ਹੈ। 39 ਸਾਲ ਦੇ ਧੋਨੀ ਨੇ ਸ਼ਨੀਵਾਰ ਸ਼ਾਮ ਨੂੰ ਇੰਸਟਾਗ੍ਰਾਮ ‘ਤੇ ‘ਮੈਂ ਪਲ ਦੋ ਪਲ ਦਾ ਸ਼ਾਇਰ ਹੂ’ ਗਾਣੇ ਦੇ ਨਾਲ ਇਕ ਵੀਡੀਓ ਪੋਸਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿੱਖਿਆ ਕਿ ਤੁਹਾਡੇ (ਲੋਕਾਂ) ਵੱਲੋਂ ਹਮੇਸ਼ਾ ਮਿਲੇ ਪਿਆਰ ਅਤੇ ਸਪੋਰਟ ਲਈ ਸ਼ੁਕਰੀਆ। ਸ਼ਾਮ 7-29 ਵਜੇ ਤੋਂ ਮੈਨੂੰ ਰਿਟਾਇਰ ਸਮਝਿਆ ਜਾਵੇ।

ਉਨ੍ਹਾਂ ਨੇ ਆਪਣੀ ਇਸ ਪੋਸਟ ਵਿਚ ਆਪਣੇ ਕਰੀਅਰ ਦੇ ਤਮਾਮ ਉਤਾਰ-ਚੜਾਅ ਨੂੰ ‘ਮੈਂ ਪਲ ਦੋ ਪਲ ਦਾ ਸ਼ਾਇਰ ਹੂ’ ਗਾਣੇ ਨਾਲ ਬੜੇ ਹੀ ਖੂਬਸੂਰਤ ਅੰਦਾਜ਼ ਵਿਚ ਦਿਖਾਇਆ। ਇਸ ਦੇ ਨਾਲ ਹੀ ਬੀਤੇ 15-16 ਸਾਲਾਂ ਵਿਚ ਭਾਰਤੀ ਕ੍ਰਿਕਟ ਵਿਚ ਚੱਲਿਆ ਆ ਰਿਹਾ ਧੋਨੀ ਦਾ ਕਰਿਸ਼ਮਾਈ ਯੁੱਗ ਖਤਮ ਹੋ ਗਿਆ ਹੈ। ਹਾਲਾਂਕਿ ਇਸ ਸੀਜ਼ਨ ਆਈ. ਪੀ. ਐੱਲ. ਵਿਚ ਉਹ ਇਕ ਵਾਰ ਫਿਰ ਚੇੱਨਈ ਸੁਪਰ ਕਿੰਗਸ ਵੱਲੋਂ ਮੈਦਾਨ ਵਿਚ ਜਲਵਾ ਦਿਖਾਉਂਦੇ ਦੇਖੇ ਜਾਣਗੇ। ਉਹ ਭਾਰਤੀ ਕ੍ਰਿਕਟ ਦੇ ਸਭ ਤੋਂ ਕਾਮਯਾਬ ਕਪਤਾਨ ਰਹੇ ਹਨ।

ਵਰਲਡ ਕ੍ਰਿਕਟ ਵਿਚ ਵੀ ਮਹਿੰਦਰ ਸਿੰਘ ਧੋਨੀ ਇਕੱਲੇ ਅਜਿਹੇ ਕਪਤਾਨ ਹਨ, ਜਿਨ੍ਹਾਂ ਨੇ ਆਈ. ਸੀ. ਸੀ. ਦੀਆਂ ਤਿੰਨੋਂ ਵੱਡੀਆਂ ਟ੍ਰਾਫੀਆਂ ‘ਤੇ ਕਬਜ਼ਾ ਜਮਾਇਆ ਹੈ। ਧੋਨੀ ਦੀ ਕਪਤਾਨੀ ਵਿਚ ਭਾਰਤ ਆਈ. ਸੀ. ਸੀ. ਦੀ ਵਰਲਡ-ਟੀ-20 (2007), ਕ੍ਰਿਕਟ ਵਰਲਡ ਕੱਪ (2011 ਵਿਚ) ਅਤੇ ਆਈ. ਸੀ. ਸੀ. ਚੈਂਪੀਅਨਸ ਟ੍ਰਾਫੀ (2013 ਵਿਚ) ਦਾ ਖਿਤਾਬ ਜਿੱਤ ਚੁੱਕਿਆ ਹੈ। ਧੋਨੀ ਨੇ ਭਾਰਤ ਵੱਲੋਂ 350 ਵਨ-ਡੇਅ ਖੇਡੇ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ 50 ਤੋਂ ਜ਼ਿਆਦਾ ਦੀ ਔਸਤ ਨਾਲ 10,773 ਰਨ ਬਣਾਏ। ਵਨ-ਡੇਅ ਕ੍ਰਿਕਟ ਵਿਚ ਧੋਨੀ 10 ਸੈਂਕੜੇ ਅਤੇ 73 ਅਰਧ ਸੈਂਕੜੇ ਬਣਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਕਟ-ਕੀਪਰ ਦੇ ਤੌਰ ‘ਤੇ 321 ਕੈਚ ਫੜੇ ਅਤੇ 123 ਖਿਡਾਰੀਆਂ ਨੂੰ ਸਟੰਪ ਆਊਟ ਕੀਤਾ।

ਉਥੇ ਟੀ-20 ਕ੍ਰਿਕਟ ਵਿਚ ਧੋਨੀ ਨੇ ਭਾਰਤ ਵੱਲੋਂ 98 ਮੈਚ ਖੇਡੇ, ਜਿਸ ਵਿਚ ਉਨ੍ਹਾਂ ਨੇ 37 ਤੋਂ ਜ਼ਿਆਦਾ ਔਸਤ ਨਾਲ 1617 ਰਨ ਬਣਾਏ।  ਟੈਸਟ ਕ੍ਰਿਕਟ ਵਿਚ ਐੱਮ. ਐੱਸ. ਧੋਨੀ ਨੇ 2014 ਵਿਚ ਹੀ ਸੰਨਿਆਸ ਲੈ ਲਿਆ ਸੀ। 90 ਟੈਸਟ ਮੈਚਾਂ ਵਿਚ ਧੋਨੀ ਨੇ 38 ਤੋਂ ਜ਼ਿਆਦਾ ਦੀ ਔਸਤ ਨਾਲ 4876 ਰਨ ਬਣਾਏ। ਟੈਸਟ ਮੈਚਾਂ ਵਿਚ ਧੋਨੀ ਨੇ ਵਿਕੇਟ ਦੇ ਪਿੱਛੇ 256 ਕੈਚ ਫੜੇ ਅਤੇ 38 ਸਟੰਪ ਕੀਤੇ। ਬੱਲੇਬਾਜ਼ ਦੇ ਤੌਰ ‘ਤੇ ਉਨ੍ਹਾਂ ਨੇ 6 ਸੈਂਕੜੇ ਅਤੇ 33 ਅਰਧ-ਸੈਂਕੜੇ ਜਮਾਏ।

ਦੇਖੋ ਤਾਜ਼ਾ ਵੱਡੀ ਖ਼ਬਰ – ਧੋਨੀ ਤੋਂ ਬਾਅਦ ਸੁਰੇਸ਼ ਰੈਨਾ ਨੇ ਵੀ ਲਿਆ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ

ਦੁਨੀਆ ਭਰ ਦੀਆਂ ਨਜ਼ਰਾਂ ਸ਼ਨੀਵਾਰ ਸ਼ਾਮ ਉਸ ਇੰਸਟਾਗ੍ਰਾਮ ਪੋਸਟ ‘ਤੇ ਜਾ ਕੇ ਟਿੱਕ ਗਈਆਂ, ਜਿਸ ਵਿਚ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਪਰ ਠੀਕ ਇਸ ਪੋਸਟ ਤੋਂ ਕੁਝ ਦੇਰ ਬਾਅਦ ਸੁਰੇਸ਼ ਰੈਨਾ ਨੇ ਵੀ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਹੈ ਕਿ ਉਹ ਵੀ ਇਸ ਸਫਰ ਵਿਚ ਧੋਨੀ ਦੇ ਨਾਲ ਹਨ, ਮਤਲਬ ਉਨ੍ਹਾਂ ਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।

ਸੁਰੇਸ਼ ਰੈਨਾ ਨੇ ਭਾਰਤ ਦੇ ਲਈ 18 ਟੈਸਟ ਮੈਚ ਅਤੇ 226 ਵਨ-ਡੇਅ ਮੈਚ ਤੋਂ ਇਲਾਵਾ ਕੁਲ 78 ਟੀ-20 ਮੈਚ ਖੇਡੇ ਹਨ। 226 ਵਨ-ਡੇਅ ਮੈਚਾਂ ਵਿਚ ਰੈਨਾ ਨੇ 5 ਸੈਂਕੜਿਆਂ ਦੀ ਮਦਦ ਨਾਲ 5615 ਰਨ ਬਣਾਏ। ਟੀ-20 ਕ੍ਰਿਕਟ ਵਿਚ ਉਨ੍ਹਾਂ ਨੇ ਇਕ ਸੈਂਕੜੇ ਨਾਲ 1605 ਰਨ ਬਣਾਏ ਸਨ। ਉਥੇ ਟੈਸਟ ਮੈਚਾਂ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਅਤੇ 18 ਟੈਸਟ ਮੈਚਾਂ ਵਿਚ ਉਨ੍ਹਾਂ ਦੇ ਬੱਲੇ ਨਾਲ ਸਿਰਫ 768 ਰਨ ਨਿਕਲੇ ਸਨ।

ਇਸ ਐਲਾਨ ਤੋਂ ਬਾਅਦ ਉਨ੍ਹਾਂ ਦੇ ਚਾਹੁੰਣ ਵਾਲੇ ਉਨਾਂ ਦੇ ਹੁਣ ਤੱਕ ਦੇ ਸੁਨਹਿਰੇ ਸਫਰ ਨੂੰ ਯਾਦ ਕਰ ਰਹੇ ਹਨ ਅਤੇ ਅੱਗੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਇਹ ਯਾਦਾਂ ਅਤੇ ਸ਼ੁਭਕਾਮਨਾਵਾਂ ਇੰਨੀਆਂ ਤੇਜ਼ੀ ਆ ਰਹੀਆਂ ਹਨ ਕੁਝ ਹੀ ਦੇਰ ਵਿਚ ਮਹਿੰਦਰ ਸਿੰਘ ਧੋਨੀ ਟਵਿੱਟਰ ‘ਤੇ ਟ੍ਰੇਂਡ ਕਰਨ ਲੱਗੇ। ਰੈਨਾ ਵੀ ਦੇਖਦੇ ਹੀ ਦੇਖਦੇ ਟ੍ਰੇਂਡ ਵਿਚ ਉਪਰ ਚੱੜ ਗਏ।

Leave a Reply

Your email address will not be published. Required fields are marked *