ਲੁਟੇਰਿਆਂ ਨੂੰ ਭਾਜੜਾਂ ਪਾਉਣ ਵਾਲੀ ਕੁਸੁਮ ਬਾਰੇ ਹੋ ਗਿਆ ਵੱਡਾ ਐਲਾਨ,ਹਰ ਪਾਸੇ ਹੋ ਰਹੇ ਹਨ ਚਰਚੇ,ਦੇਖੋ ਪੂਰੀ ਖ਼ਬਰ

ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਲਾਲਾ ਜਗਤ ਨਾਰਾਇਣ ਡੀ. ਏ. ਵੀ. ਮਾਡਲ ਸਕੂਲ ਦੀ 8ਵੀਂ ਜਮਾਤ ਦੀ ਵਿਦਿਆਰਥਣ ਕੁਸੁਮ ਨੂੰ ਰਾਸ਼ਟਰੀ ਬਹਾਦਰੀ ਐਵਾਰਡ ਲਈ ਨਾਮਜ਼ਦ ਕੀਤਾ ਹੈ। ਇਹ ਐਵਾਰਡ ਹਰ ਸਾਲ ਵਿਸ਼ੇਸ਼ ਬਹਾਦਰੀ ਵਿਖਾਉਣ ਵਾਲੇ ਬੱਚਿਆਂ ਨੂੰ ਸਨਮਾਨਤ ਕਰਨ ਲਈ ਰਾਸ਼ਟਰੀ ਬਾਲ ਕਲਿਆਣ ਕੌਂਸਲ ਵੱਲੋਂ ਦਿੱਤਾ ਜਾਂਦਾ ਹੈ।

ਡਿਪਟੀ ਕਮਿਸ਼ਨਰ ਵੱਲੋਂ ਦਾਇਰ ਨਾਮਜ਼ਦਗੀਆਂ ’ਚੋਂ ਕੁਝ ਚੋਣਵੇਂ ਨਾਵਾਂ ਨੂੰ ਕੌਂਸਲ ਵੱਲੋਂ ਐਵਾਰਡ ਦੇਣ ਲਈ ਚੁਣਿਆ ਜਾਂਦਾ ਹੈ। ਇਸ ਸਾਲ ਜਲੰਧਰ ਤੋਂ ਇਸ ਐਵਾਰਡ ਲਈ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਕੁਸੁਮ ਦੇ ਨਾਂ ਦੀ ਸਿਫਾਰਸ਼ ਕੀਤੀ ਗਈ ਹੈ, ਜਿਸ ਨੇ ਲੁੱਟ ਦੀ ਵਾਰਦਾਤ ਨੂੰ ਨਾ ਸਿਰਫ ਅਸਫਲ ਕੀਤਾ, ਸਗੋਂ ਇਕ ਲੁਟੇਰੇ ਨੂੰ ਕਾਬੂ ਵੀ ਕਰ ਲਿਆ। ਇਸ ਦੌਰਾਨ ਉਸ ਨੂੰ ਗੰਭੀਰ ਸੱਟਾਂ ਵੀ ਲੱਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁਸੁਮ ਦੂਜੀਆਂ ਲੜਕੀਆਂ ਲਈ ਵੀ ਆਦਰਸ਼ ਬਣ ਗਈ ਹੈ ਅਤੇ ਉਸ ਦੀ ਕੋਸ਼ਿਸ਼ ਰਾਸ਼ਟਰੀ ਪੱਧਰ ’ਤੇ ਪਛਾਣ ਦੇ ਯੋਗ ਹੈ।

ਇੰਝ ਵਾਪਰੀ ਸੀ ਇਹ ਘਟਨਾ  – ਜ਼ਿਕਰਯੋਗ ਹੈ ਕਿ ਜਲੰਧਰ ਦੇ ਦੀਨ ਦਿਆਲ ਉਪਾਧਿਆਏ ਨਗਰ ’ਚ ਬਹਾਦੁਰ ਕੁੜੀ ਕੁਸੁਮ ਵੱਲੋਂ ਲੁਟੇਰਿਆਂ ਨਾਲ ਜ਼ਬਰਦਸਤ ਟੱਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ। ਜਾਣਕਾਰੀ ਮੁਤਾਬਕ ਕੁਸੂਮ ਨਾਂ ਦੀ ਕੁੜੀ ਟੀਊਸ਼ਨ ਪੜ੍ਹ ਕੇ ਘਰ ਜਾ ਰਹੀ ਸੀ ਕਿ ਰਾਹ ’ਚ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਉਸ ਦਾ ਮੋਬਾਇਲ ਖੋਹ ਲਿਆ ਗਿਆ।

ਮੋਬਾਇਲ ਲੁੱਟਣ ਦੌਰਾਨ ਇਕ ਲੁਟੇਰਾ ਮੋਟਰਸਾਈਕਲ ’ਤੇ ਸਵਾਰ ਸੀ ਜਦੋਂ ਕਿ ਦੂਜਾ ਲੁਟੇਰਾ ਹੱਥ ’ਚ ਤੇਜ਼ਧਾਰ ਹਥਿਆਰ ਫੜ੍ਹੀ ਕੁੜੀ ਨੂੰ ਡਰਾ ਕੇ ਫਰਾਰ ਹੋਣ ਦੀ ਫਿਰਾਕ ’ਚ ਸੀ ਪਰ ਕੁੜੀ ਬਿਨਾਂ ਡਰੇ ਲੁਟੇਰੇ ਦਾ ਡੱਟ ਕੇ ਮੁਕਾਬਲਾ ਕਰਦੀ ਹੈ |

ਗੁੱਸੇ ’ਚ ਲੁਟੇਰੇ ਵੱਲੋਂ ਕੁੜੀ ਦੇ ਹੱਥ ’ਤੇ ਦਾਤਰ ਨਾਲ ਵਾਰ ਕੀਤਾ ਗਿਆ ਸੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ। ਇਸ ਦੇ ਬਾਵਜੂਦ ਵੀ ਕੁੜੀ ਨੇ ਉਕਤ ਲੁਟੇਰਿਆਂ ਨੂੰ ਭੱਜਣ ਨਹੀਂ ਦਿੱਤਾ ਸੀ ਅਤੇ ਦੂਰ ਤੱਕ ਉਸ ਦਾ ਪਿੱਛਾ ਕਰਦੀ ਰਹੀ ਸੀ। ਇਹ ਸਾਰਾ ਮਾਮਲਾ ਵਾਰਦਾਤ ਦੀ ਥਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਿਆ ਸੀ।

Leave a Reply

Your email address will not be published. Required fields are marked *