ਖੇਤੀ ਬਿੱਲਾਂ ਦੇ ਵਿਰੋਧ ਵਿਚ ਅੱਜ ਕਿਸਾਨ ਪੰਜਾਬ ਚ’ ਇਹ ਚੀਜ਼ਾਂ ਕਰਨਗੇ ਮੁਕੰਮਲ ਬੰਦ-ਦੇਖੋ ਪੂਰੀ ਖ਼ਬਰ

ਕੇਂਦਰ ਵਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੇ ਕਿਸਾਨਾਂ ਨੇ ਅੱਜ ਰੇਲਵੇ ਲਾਈਨਾਂ ‘ਤੇ ਮੋਰਚਾ ਲਾ ਲਿਆ। ਵੀਰਵਾਰ ਨੂੰ ਪੰਜਾਬ ਦੀ ਕਿਸੀ ਵੀ ਰੇਲਵੇ ਲਾਈਨ ‘ਤੇ ਕੋਈ ਰੇਲ ਗੱਡੀ ਨਹੀਂ ਚੱਲ ਸਕੀ। ਵੱਖ ਵੱਖ ਕਿਸਾਨ ਯੂਨੀਅਨਾਂ, ਸੰਗਠਨਾਂ ਵੱਲੋਂ ਵੱਖ ਵੱਖ ਰੇਲਵੇ ਲਾਈਨਾਂ ‘ਤੇ ਮੋਰਚੇ ਲਾ ਕੇ ਸਿੱਧਾ ਕੇਂਦਰ ਸਰਕਾਰ ਨਾਲ ਟੱਕਰ ਲੈ ਲਈ ਹੈ ਜਦੋਂ ਕਿ ਹੁਣ ਤੱਕ ਕਿਸਾਨਾਂ ਵਲੋਂ ਸੜਕੀ ਜਾਂ ਰੇਲਵੇ ਪੁਲਾਂ ‘ਤੇ ਟ੍ਰੈਫਿਕ ਜਾਮ ਕਰਕੇ ਆਪਣਾ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਸੀ। ਪੰਜਾਬ ਦੀਆਂ 31 ਤੋਂ ਵੱਧ ਕਿਸਾਨ ਯੂਨੀਅਨਾਂ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਨਵੇਂ ਕਾਨੂੰਨ ਦੇ ਵਿਰੋਧ ਵਿਚ ਸੰਘਰਸ਼ ਆਰੰਭਿਆ ਹੋਇਆ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ 24 ਤੋਂ 26 ਸਤੰਬਰ ਤੱਕ ਤਿੰਨ ਦਿਨਾਂ ਲਈ ਰੇਲਵੇ ਟ੍ਰੈਫਿਕ ਰੋਕਣ ਦਾ ਐਲਾਨ ਕੀਤਾ ਸੀ। ਬੀਤੇ ਕੱਲ੍ਹ ਗਿਆਰਾਂ ਕਿਸਾਨ ਸੰਗਠਨਾਂ ਦੀ ਸਾਂਝੀ ਤਾਲਮੇਲ ਕਮੇਟੀ ਨੇ ਸੂਬੇ ਵਿਚ 1 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਰੇਲ ਗੱਡੀਆਂ ਰੋਕਣ ਦਾ ਐਲਾਨ ਕਰ ਦਿੱਤਾ ਹੈ।ਮਿਲੀਆਂ ਰਿਪੋਰਟਾਂ ਅਨੁਸਾਰ ਅੱਜ ਰੇਲ ਰੋਕੋ ਅੰਦੋਲਨ ਤਹਿਤ ਦੇਵੀਦਾਸਪੁਰ (ਅੰਮ੍ਰਿਤਸਰ-ਜਲੰਧਰ ਟ੍ਰੈਕ), ਬਸਤੀ ਟੈਂਕਾ ਵਾਲੀ (ਫਿਰੋਜ਼ਪੁਰ-ਲੁਧਿਆਣਾ ਲਾਈਨ), ਪਿੰਡ ਛਾਜਲੀ (ਹਿਸਾਰ-ਲੁਧਿਆਣਾ ਟ੍ਰੈਕ), ਨਾਭਾ, ਬਰਨਾਲਾ ਵਿਖੇ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਰੇਲਵੇ ਲਾਈਨਾਂ ‘ਤੇ ਧਰਨਾ ਸ਼ੁਰੂ ਕਰ ਦਿੱਤਾ।

ਦੱਸਿਆ ਜਾਂਦਾ ਹੈ ਕਿ ਕਿਸਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਵਲੋਂ ਵੀ ਧਰਨਿਆਂ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਰੇਲਵੇ ਲਾਈਨਾਂ ‘ਤੇ ਟੈਂਟ ਲਗਾ ਲਏ ਹਨ ਅਤੇ ਬਕਾਇਦਾ ਪ੍ਰਦਰਸ਼ਨਕਾਰੀਆਂ ਲਈ ਲੰਗਰ, ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਬਚਨ ਸਿੰਘ ਚੱਬਾ ਪਹਿਲਾਂ ਹੀ ਧਰਨਿਆਂ ਵਿਚ ਸਿਆਸੀ ਧਿਰਾਂ ਨਾਲ ਸਬੰਧਿਤ ਆਗੂਆਂ ਨੂੰ ਧਰਨੇ ਵਿਚ ਨਾ ਆਉਣ ਦੀ ਅਪੀਲ ਕਰ ਚੁੱਕੇ ਹਨ। ਉਨ੍ਹਾਂ ਅੱਜ ਫਿਰ ਦੁਹਰਾਇਆ ਕਿ ਕਿਸਾਨਾਂ ਨੇ ਤਿੰਨ ਦਿਨਾਂ ਲਈ ਰੇਲਵੇ ਲਾਈਨਾਂ ‘ਤੇ ਪੱਕਾ ਮੋਰਚਾ ਲਗਾ ਦਿੱਤਾ ਹੈ ਅਤੇ ਭਾਜਪਾ ਆਗੂਆਂ, ਸੰਸਦ ਮੈਂਬਰਾਂ ਨੂੰ ਪਿੰਡਾਂ ਵਿਚ ਵੜ੍ਹਨ ਨਹੀਂ ਦਿੱਤਾ ਜਾਵੇਗਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰੇਲਵੇ ਲਾਈਨਾਂ ‘ਤੇ ਲਗਾਏ ਧਰਨਿਆਂ ਵਿਚ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਪਾਸ ਕੀਤੇ ਤਿੰਨ ਬਿੱਲਾਂ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਦੀ ਮੰਗ ਕੀਤੀ ਹੈ।

ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਾਰਪੋਰੇਟ ਜਗਤ ਅੱਗੇ ਗੋਡੇ ਟੇਕ ਕੇ ਨਿੱਜੀਕਰਨ ਤੇ ਕੇਂਦਰੀਕਰਨ ਦੀ ਨੀਤੀ ਰਾਹੀਂ ਸੰਵਿਧਾਨ ਦੀਆਂ ਧੱਜੀਆਂ ਉਡਾਕੇ ਖੇਤੀ ਆਰਡੀਨੈਂਸ ਪਾਸ ਕਰ ਦਿੱਤੇ ਹਨ। ਇਸਤੋਂ ਇਲਾਵਾ ਕਿਰਤ ਕਾਨੂੰਨਾਂ ਵਿੱਚ ਸੋਧ ਅਤੇ ਪੰਜਾਬੀ ਮਾਂ ਬੋਲੀ ਨੂੰ ਕਸ਼ਮੀਰ ਵਿਚੋ ਬਾਹਰ ਕੱਢਣ ਦੇ ਕਾਨੂੰਨ ਪਾਸ ਕਰਨੇ ਲੋਕਤੰਤਰ ਦੀ ਹੱਤਿਆ ਹੈ। ਚੱਬਾ ਨੇ ਕਿਹਾ ਕਿ ਤਿੰਨ ਬਿੱਲ ਪਾਸ ਹੋਣ ਨਾਲ ਦੇਸ਼ ਦੇ 50 ਕਰੋੜ ਕਿਸਾਨਾਂ ਅਤੇ 40 ਕਰੋੜ ਕਾਮਿਆਂ ਦੇ ਰੁਜ਼ਗਾਰ ਅਤੇ ਹੱਕਾਂ ‘ਤੇ ਡਾਕਾ ਮਾਰਿਆ ਗਿਆ ਹੈ। ਕਿਸਾਨ ਆਗੂਆਂ ਨੇ ਤਿੰਨੋਂ ਖੇਤੀ ਬਿੱਲ ਤੁਰੰਤ ਵਾਪਸ ਲੈਣ, ਬਿਜਲੀ ਸੋਧ ਬਿੱਲ 2020 ਰੱਦ ਕਰਨ, ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਵਾਪਸ ਲੈਣ, ਪੰਜਾਬੀ ਮਾਂ ਬੋਲੀ ਦਾ ਮਾਣ ਸਤਿਕਾਰ ਕਰਦੇ ਹੋਏ ਪੰਜਾਬੀ ਨੂੰ ਜੰਮੂ ਕਸ਼ਮੀਰ ਦੀਆਂ ਭਾਸ਼ਾਵਾਂ ਵਿਚ ਸ਼ਾਮਲ ਕਰਨ, ਸਵਾਮੀਨਾਥਨ ਦੀਆਂ ਰਿਪੋਰਟਾਂ ਮੁਤਾਬਿਕ ਫਸਲਾਂ ਦੇ ਭਾਅ ਦੇਣ ਅਤੇ ਸਾਰੀਆਂ ਫਸਲਾਂ ਘੱਟੋ ਘੱਟ ਸਮਰਥਨ ਮੁੱਲ ‘ਤੇ ਖਰੀਦ ਕਰਨੀਆਂ ਯਕੀਨੀ ਬਣਾਉਣ ਦੀ ਮੰਗ ਕੀਤੀ।

ਰੇਲਵੇ ਨੇ 26 ਤੱਕ ਗੱਡੀਆਂ ਦੀ ਆਵਾਜ਼ਾਈ ਰੋਕੀ – ਕਿਸਾਨਾਂ ਦੇ ਸੰਘਰਸ਼ ਦੇ ਮੱਦੇਨਜ਼ਰ ਉਤਰ ਰੇਲਵੇ ਨੇ ਪੰਜਾਬ ਬੰਦ ਦੇ ਸੱਦੇ ‘ਤੇ ਅੰਬਾਲਾ ਸਟੇਸ਼ਨ ਤੋਂ ਚੱਲਣ ਵਾਲੀ ਦੋ ਦਰਜ਼ਨ ਤੋਂ ਵੱਧ ਗੱਡੀਆਂ ਦੀ 26 ਸਤੰਬਰ ਤੱਕ ਆਵਾਜਾਈ ਰੱਦ ਕਰ ਦਿੱਤੀ ਹੈ। ਇਨ੍ਹਾਂ ਗੱਡੀਆਂ ਵਿਚ ਐਕਸਪ੍ਰੈਸ, ਸਤਾਬਦੀ, ਅੰਮ੍ਰਿਤਸਰ-ਕਲਕੱਤਾ, ਅੰਮ੍ਰਿਤਸਰ ਦਿੱਲੀ ਸਮੇਤ ਕਈ ਹੋਰ ਮਹੱਤਵਪੂਰਨ ਸਥਾਨਾਂ ਨੂੰ ਜਾਣ ਵਾਲੀਆਂ ਗੱਡੀਆਂ ਸ਼ਾਮਲ ਹਨ। ਜਦੋਂ ਕਿ ਅੰਬਾਲਾਂ ਤੋ ਕੁੱਝ ਗੱਡੀਆਂ ਦੇ ਰੂਟ ਵਿਚ ਬਦਲਾਅ ਕੀਤਾ ਹੈ। news source: punjabijagran

Leave a Reply

Your email address will not be published. Required fields are marked *