ਖੁਸ਼ਖ਼ਬਰੀ: ਦਿਵਾਲੀ ਤੋਂ ਪਹਿਲਾਂ ਸਿੱਧਾ ਏਨਾਂ ਸਸਤਾ ਹੋ ਸਕਦਾ ਹੈ ਪੈਟਰੋਲ ਤੇ ਡੀਜ਼ਲ-ਦੇਖੋ ਪੂਰੀ ਖ਼ਬਰ

ਪੈਟਰੋਲ-ਡੀਜ਼ਲ ਕੀਮਤਾਂ ‘ਚ ਕਟੌਤੀ ਹੋਣ ਜਾਂ ਕੀਮਤਾਂ ਸਥਿਰ ਰਹਿਣ ਦੀ ਸੰਭਾਵਨਾ ਇਕ ਵਾਰ ਫਿਰ ਬਣਦੀ ਨਜ਼ਰ ਆ ਰਹੀ ਹੈ। ਇਸ ਦੀ ਵਜ੍ਹਾ ਹੈ ਕਿ ਸੋਮਵਾਰ ਨੂੰ ਕੌਮਾਂਤਰੀ ਬਾਜ਼ਾਰ ‘ਚ ਤੇਲ ਕੀਮਤਾਂ ‘ਚ ਲਗਭਗ 3 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ ਕਿਉਂਕਿ ਨਾਰਵੇ ‘ਚ ਉਤਪਾਦਨ ਨੂੰ ਪ੍ਰਭਾਵਿਤ ਕਰਨ ਵਾਲੀ ਹੜਤਾਲ ਸਮਾਪਤ ਹੋ ਗਈ ਹੈ। ਉੱਥੇ ਹੀ, ਲੀਬੀਆ ਅਤੇ ਡੈਲਟਾ ਤੂਫ਼ਾਨ ਪਿੱਛੋਂ ਅਮਰੀਕਾ ‘ਚ ਵੀ ਉਤਪਾਦਨ ਬਹਾਲ ਹੋਣਾ ਸ਼ੁਰੂ ਹੋ ਗਿਆ ਹੈ।

ਇਸ ਦੌਰਾਨ ਕੌਮਾਂਤਰੀ ਬੈਂਚਮਾਰਕ ਬ੍ਰੈਂਟ ਕੱਚੇ ਤੇਲ ਦੀ ਕੀਮਤ 1.29 ਡਾਲਰ ਯਾਨੀ 3 ਫੀਸਦੀ ਡਿੱਗ ਕੇ 41.56 ਡਾਲਰ ਪ੍ਰਤੀ ਬੈਰਲ ‘ਤੇ ਆ ਗਈ। ਉੱਥੇ ਹੀ, ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਿਊ. ਟੀ. ਆਈ.) 1.30 ਡਾਲਰ ਯਾਨੀ 3.2 ਫੀਸਦੀ ਘੱਟ ਕੇ 39.27 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ।

ਪਿਛਲੇ ਹਫ਼ਤੇ ਯੂ. ਐੱਮ. ਮੈਕਸੀਕੋ ਖਾੜੀ ‘ਚ ਡੈਲਟਾ ਤੂਫ਼ਾਨ ਕਾਰਨ ਕੰਮ ਰੋਕ ਦਿੱਤਾ ਗਿਆ ਸੀ। ਕਾਮੇ ਐਤਵਾਰ ਨੂੰ ਵਾਪਸ ਉਤਪਾਦਨ ਪਲੇਟਫਾਰਮ ‘ਤੇ ਪਰਤੇ ਹਨ। ਇਸ ਮਹੀਨੇ ਦੇ ਸ਼ੁਰੂ ‘ਚ ਕੌਮਾਂਤਰੀ ਬਾਜ਼ਾਰ ‘ਚ ਤੇਲ ਮਹਿੰਗਾ ਹੋ ਗਿਆ ਸੀ ਪਰ ਨਾਰਵੇ ‘ਚ ਮਜ਼ਦੂਰ ਸੰਗਠਨਾਂ ਅਤੇ ਤੇਲ ਕੰਪਨੀਆਂ ਦੇ ਅਧਿਕਾਰੀਆਂ ਵਿਚਕਾਰ ਸਮਝੌਤਾ ਹੋਣ ਨਾਲ ਸ਼ੁੱਕਰਵਾਰ ਨੂੰ ਇਸ ਦੀਆਂ ਕੀਮਤਾਂ ਡਿੱਗ ਗਈਆਂ।

ਇਸ ਹੜਤਾਲ ਦੀ ਵਜ੍ਹਾ ਨਾਲ ਨਾਰਵੇ ਨੂੰ ਉਸ ਦਾ ਤੇਲ ਤੇ ਗੈਸ ਉਤਪਾਦਨ 25 ਫੀਸਦੀ ਡਿੱਗਣ ਦਾ ਖਦਸ਼ਾ ਸੀ।ਉੱਥੇ ਹੀ, ਪੈਟਰੋਲੀਅਮ ਉਤਪਾਦਕ ਦੇਸ਼ਾਂ ਦੇ ਸੰਗਠਨ (ਓਪੇਕ) ਦੇ ਮੈਂਬਰ ਲੀਬੀਆ ‘ਚ ਐਤਵਾਰ ਨੂੰ ਸ਼ਰਾਰਾ ਤੇਲ ਖੇਤਰ ‘ਚ ਵਿਵਾਦ ਖ਼ਤਮ ਹੋਣ ਨਾਲ ਉਤਪਾਦਨ ਵੱਧ ਕੇ 3,55,000 ਬੈਰਲ ਪ੍ਰਤੀ ਦਿਨ ਤੱਕ ਪਹੁੰਚਣ ਦੀ ਉਮੀਦ ਹੈ।

ਲੀਬੀਆ ਦਾ ਉਤਪਾਦਨ ਵਧਣ ਕਾਰਨ ਓਪੇਕ ਅਤੇ ਰੂਸ ਸਮੇਤ ਸਹਿਯੋਗੀ ਸੰਗਠਨਾਂ ਦੀਆਂ ਉਨ੍ਹਾਂ ਕੋਸ਼ਿਸ਼ਾਂ ਨੂੰ ਝਟਕਾ ਲੱਗੇਗਾ, ਜਿਸ ਤਹਿਤ ਉਹ ਕੀਮਤਾਂ ਨੂੰ ਸਮਰਥਨ ਦੇਣ ਲਈ ਸਪਲਾਈ ‘ਚ ਕਟੌਤੀ ਜਾਰੀ ਰੱਖਣ ਲਈ ਸਹਿਮਤ ਹੋਏ ਸਨ। ਇਸ ਤੋਂ ਇਲਾਵਾ ਕੋਵਿਡ-19 ਕਾਰਨ ਕੁਝ ਮੁਲਕਾਂ ‘ਚ ਦੁਬਾਰਾ ਤਾਲਾਬੰਦੀ ਲੱਗਣ ਦੇ ਵੱਧ ਰਹੇ ਖਦਸ਼ੇ ਕਾਰਨ ਵੀ ਤੇਲ ਕੀਮਤਾਂ ‘ਤੇ ਦਬਾਅ ਪੈ ਰਿਹਾ ਹੈ।