ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਨਾਲ ਕੇਂਦਰ ਸਰਕਾਰ ਨੂੰ ਲੱਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ।ਸੜਕਾਂ ਤੋਂ ਲੈ ਕੇ ਰੇਲਵੇ ਟ੍ਰੈਕਾਂ ਤੱਕ ਕਿਸਾਨ ਮੋਰਚੇ ਤੇ ਡਟੇ ਹੋਏ ਹਨ।ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਅਦਾਰਿਆਂ ਦੇ ਨਾਲ ਨਾਲ ਕਾਰਪੋਰੇਟਾਂ ਨੂੰ ਵੀ ਨੁਕਸਾਨ ਕਰ ਆਪਣੀ ਅਵਾਜ਼ ਕੇਂਦਰ ਤੱਕ ਪਹੁੰਚਾਉਣੀ ਚਾਹੁੰਦੇ ਹਨ।

ਕਿਸਾਨਾਂ ਦੇ ਰੋਹ ਦਾ ਸੇਕ ਨਿੱਜੀ ਅਦਾਰਿਆਂ ਨੂੰ ਵੀ ਲੱਗ ਰਿਹਾ ਹੈ ਅਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਅੰਬਾਨੀ ਗਰੁਪ ਦੇ ਰਿਲਾਇੰਸ ਪੈਟਰੋਲ ਪੰਪ ਜਾਂ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਅਧੀਨ ਆਉਂਦੇ ਨਿੱਜੀ ਟੋਲ ਟੈਕਸ ਹੋਣ ਕਿਸਾਨਾਂ ਦੇ ਅੰਦੋਲਨ ਦਾ ਸ਼ਿਕਾਰ ਹੋ ਰਹੇ ਹਨ।

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨਜ਼ਦੀਕ ਸਥਿਤ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧੀਨ ਆਉਂਦੇ IVRCL ਕੰਪਨੀ ਦੇ ਟੋਲ ਪਲਾਜ਼ਾ ਤੇ ਪਿਛਲੇ ਛੇ ਦਿਨਾਂ ਤੋਂ ਕਿਸਾਨਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਜਿਸ ਕਾਰਨ ਗੱਡੀਆਂ ਨੂੰ ਸਿੱਧੇ ਤੌਰ ਤੇ ਬਿਨਾਂ ਪਰਚੀ ਤੋਂ ਹੀ ਲੰਘਾਇਆ ਜਾ ਰਿਹਾ ਹੈ।

ਕਿਸਾਨਾਂ ਦੇ ਇਸ ਰੋਸ ਕਾਰਨ ਟੋਲ ਟੈਕਸ ਕੰਪਨੀ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਹ ਨਿੱਜੀ ਟੋਲ ਟੈਕਸ ਕੰਪਨੀ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ ਪ੍ਰਤੀ ਦਿਨ ਤਿੰਨ ਲੱਖ ਦੇ ਕਰੀਬ ਰਕਮ ਦਿੰਦੀ ਸੀ। ਰੋਜ਼ਾਨਾ 10 ਤੋਂ 13 ਹਜ਼ਾਰ ਦੇ ਕਰੀਬ ਗੱਡੀਆਂ ਇੱਥੋਂ ਲੰਘਦੀਆਂ ਸੀ। ਕੋਰੋਨਾ ਸੰਕਟ ਕਾਰਨ ਲੋਕਡਾਊਨ ਦੌਰਾਨ ਟੋਲ ਟੈਕਸ ਨੂੰ ਪਹਿਲਾਂ ਹੀ ਭਾਰੀ ਸੱਟ ਵੱਜੀ ਸੀ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਸਿਰਫ ਆਪਣੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਉਣਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਵੱਡਾ ਵਿੱਤੀ ਨੁਕਸਾਨ ਹੋ ਰਿਹਾ ਹੈ ਬਾਵਜੂਦ ਇਸ ਦੇ ਸਰਕਾਰ ਨੇ ਬੇਸ਼ਰਮੀ ਫੜ੍ਹੀ ਹੋਈ ਹੈ।