ਪੰਜਾਬ ਚ’ ਇਹਨਾਂ ਰੋਡਾਂਂ ਤੇ ਸਫ਼ਰ ਕਰਨ ਵਾਲਿਆਂ ਨੂੰ ਹੁਣ ਤੋਂ ਲੱਗਣਗੀਆਂ ਮੌਜ਼ਾਂ-ਦੇਖੋ ਪੂਰੀ ਖ਼ਬਰ

ਜ਼ਿਲ੍ਹਾ ਪ੍ਰਸ਼ਾਸਨ ਨੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਦਿੱਲੀ-ਕਟੜਾ ਐਕਸਪ੍ਰੈੱਸ-ਵੇਅ ਨੂੰ ਲੈ ਕੇ ਜ਼ਿਲ੍ਹੇ ‘ਚ ਇਸ ਪ੍ਰਾਜੈਕਟ ਲਈ ਐਕਵਾਇਰ ਕੀਤੀ ਜਾਣ ਵਾਲੀ 1485 ਏਕੜ ਜ਼ਮੀਨ ਵਾਸਤੇ ਸੈਕਸ਼ਨ 3-ਡੀ ਤਹਿਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ‘ਚ ਐਕਸਪ੍ਰੈੱਸ-ਵੇਅ 68 ਕਿਲੋਮੀਟਰ ਲੰਮਾ ਹੋਵੇਗਾ, ਜਿਸ ‘ਚ ਫਿਲੌਰ ਅਤੇ ਜਲੰਧਰ ਤੋਂ ਸਬ-ਡਵੀਜ਼ਨ ਅਧੀਨ 29 ਕਿਲੋਮੀਟਰ ਅਤੇ ਨਕੋਦਰ ‘ਚ 10.09 ਕਿਲੋਮੀਟਰ ਇਹ ਐਕਸਪ੍ਰੈੱਸ-ਵੇਅ ਆਵੇਗਾ।

ਉਨ੍ਹਾਂ ਦੱਸਿਆ ਕਿ ਐਕਵਾਇਰ ਕੀਤੀ ਜਾਣ ਵਾਲੀ 1485 ਏਕੜ ਜ਼ਮੀਨ ‘ਚੋਂ 435 ਏਕੜ ਫਿਲੌਰ, 237 ਏਕੜ ਨਕੋਦਰ ਅਤੇ 813 ਏਕੜ ਜਲੰਧਰ-2 ਸਬ-ਡਵੀਜ਼ਨ ਅਧੀਨ ਆਉਂਦੀ ਹੈ। ਘਨਸ਼ਾਮ ਥੋਰੀ ਨੇ ਕਿਹਾ ਕਿ ਸਮਰੱਥ ਅਥਾਰਿਟੀ ਵੱਲੋਂ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਹੁਣ ਇਸ ਜ਼ਮੀਨ ਦਾ ਮੁਆਵਜ਼ਾ ਨਿਰਧਾਰਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਮੁਆਵਜ਼ਾ ਵੰਡਣ ਲਈ ਸੈਕਸ਼ਨ 3-ਡੀ ਤਹਿਤ ਨੋਟੀਫਿਕੇਸ਼ਨ ਜਲਦ ਜਾਰੀ ਕੀਤਾ ਜਾ ਸਕਦਾ ਹੈ।

3-ਡੀ ਨੋਟੀਫਿਕੇਸ਼ਨ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦਾ ਸਰਵੇ ਮੁਕੰਮਲ ਹੋਣ ਤੋਂ ਬਾਅਦ ਜਾਰੀ ਕੀਤਾ ਜਾਂਦਾ ਹੈ, ਜਿਸ ‘ਚ ਜ਼ਮੀਨ ਮਾਲਕਾਂ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ। ਘਨਸ਼ਾਮ ਥੋਰੀ ਅਤੇ ਰਾਸ਼ਟਰੀ ਰਾਜਮਾਰਗ ਅਥਾਰਿਟੀ ਦੇ ਮੈਨੇਜਰ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਜਲੰਧਰ ‘ਚ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ ਲਗਭਗ 1870 ਕਰੋੜ ਹੋਵੇਗੀ, ਜਿਸ ‘ਚ ਜ਼ਮੀਨ ਐਕਵਾਇਰ ਕਰਨ ਅਤੇ ਸਿਵਲ ਵਰਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਤਹਿਤ ਆਉਣ ਵਾਲੇ ਇਲਾਕਿਆਂ ‘ਚ ਫਰਵਰੀ 2021 ਤੋਂ ਕੰਮ ਸ਼ੁਰੂ ਹੋਣ ਦੀ ਉਮੀਦ ਹੈ, ਜੋ ਕਿ ਅਗਲੇ 2 ਸਾਲਾਂ ‘ਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਜਲੰਧਰ ’ਚ ਹੋਣਗੇ 2 ਐਂਟਰੀ ਪੁਆਇੰਟ – ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਕਸਪ੍ਰੈੱਸ-ਵੇਅ ‘ਚ ਦਾਖ਼ਲ ਹੋਣ ਲਈ ਜਲੰਧਰ ‘ਚ 2 ਐਂਟਰੀ ਪੁਆਇੰਟ ਹੋਣਗੇ, ਜਿਨ੍ਹਾਂ ‘ਚੋਂ ਇਕ ਕਰਤਾਰਪੁਰ ਅਤੇ ਦੂਜਾ ਪਿੰਡ ਕੰਗ ਸਾਬੂ ਨਕੋਦਰ ‘ਚ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਮਾਰਗ ਅਥਾਰਿਟੀ ਵੱਲੋਂ ਇਸ ਪ੍ਰਾਜੈਕਟ ਲਈ ਅਗਲੇ ਮਹੀਨੇ ਟੈਂਡਰ ਜਾਰੀ ਕਰਨ ਦੀ ਸੰਭਾਵਨਾ ਹੈ।

ਇਸ ਐਕਸਪ੍ਰੈੱਸ-ਵੇਅ ’ਤੇ ਸਪੀਡ ਲਿਮਿਟ 120 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ, ਜਿਸ ਤਹਿਤ ਜਲੰਧਰ ਤੋਂ ਕਟੜਾ ਤੱਕ ਦਾ ਸਫਰ 2.20 ਘੰਟੇ ‘ਚ ਤਹਿ ਹੋ ਸਕੇਗਾ, ਜਦੋਂ ਕਿ ਮੌਜੂਦਾ ਸਮੇਂ 5 ਘੰਟੇ ਦਾ ਸਮਾਂ ਲੱਗਦਾ ਹੈ। ਲੋਕਾਂ ਨੂੰ ਕਟੜਾ ਪਹੁੰਚਣ ਲਈ ਇਕ ਵੱਖ ਰਸਤਾ ਮਿਲੇਗਾ ਅਤੇ ਸਫ਼ਰ ਵੀ ਘੱਟ ਜਾਵੇਗਾ।