ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਨੂੰ ਲੈਕੇ ਲੋਕਾਂ ਨੂੰ ਲੱਗੇਗਾ ਇਹ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ

ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਅਤੇ ਮਾਲੀਆ ‘ਤੇ ਪਏ ਦਬਾਅ ਨੂੰ ਦੇਖਦੇ ਹੋਏ ਸਰਕਾਰ ਪੈਟਰੋਲ-ਡੀਜ਼ਲ ‘ਤੇ ਫਿਰ ਤੋਂ ਐਕਸਾਈਜ਼ ਡਿਊਟੀ ‘ਚ ਵਾਧਾ ਕਰ ਸਕਦੀ ਹੈ। ਸੂਤਰਾਂ ਮੁਤਾਬਕ, ਕੋਰੋਨਾ ਨਾਲ ਸਬੰਧਤ ਰੁਕਾਵਟਾਂ ਨਾਲ ਲੜਨ ਲਈ ਹੋਰ ਆਰਥਿਕ ਸਹਾਇਤਾ ਪੈਕੇਜਾਂ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ, ਜਿਸ ਦੀ ਫੰਡਿੰਗ ਲਈ ਪੈਟਰੋਲ-ਡੀਜ਼ਲ ‘ਤੇ ਟੈਕਸ ਵਧੇਗਾ।

ਸੂਤਰਾਂ ਨੇ ਕਿਹਾ ਕਿ ਦੋਹਾਂ ਈਂਧਣ ‘ਤੇ ਡਿਊਟੀ ‘ਚ ਵਾਧੇ ਲਈ ਹਿਸਾਬ-ਕਿਤਾਬ ਲਾਇਆ ਜਾ ਰਿਹਾ ਹੈ ਅਤੇ ਜਲਦ ਹੀ ਇਸ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ। ਹਾਲਾਂਕਿ, ਸਰਕਾਰ ਚਾਹੁੰਦੀ ਹੈ ਕਿ ਪੈਟਰੋਲ-ਡੀਜ਼ਲ ‘ਤੇ ਕਿਸੇ ਵੀ ਡਿਊਟੀ ‘ਚ ਵਾਧੇ ਨਾਲ ਦੋਹਾਂ ਈਂਧਣਾਂ ਦੀ ਪ੍ਰਚੂਨ ਕੀਮਤਾਂ ‘ਚ ਵਾਧਾ ਨਾ ਹੋਵੇ ਕਿਉਂਕਿ ਇਸ ਦਾ ਸਿੱਧਾ ਬੋਝ ਗਾਹਕਾਂ ‘ਤੇ ਪਵੇਗਾ। ਇਸ ਤੋਂ ਇਲਾਵਾ ਅਰਥਵਿਵਸਥਾ ‘ਤੇ ਮਹਿੰਗਾਈ ਦੀ ਮਾਰ ਪੈ ਸਕਦੀ ਹੈ।

ਮਾਹਰਾਂ ਦਾ ਵੀ ਮੰਨਣਾ ਹੈ ਕਿ ਮੌਜੂਦਾ ਸਮੇਂ ਐਕਸਾਈਜ਼ ਡਿਊਟੀ ਵਧਾਉਣ ਦਾ ਇਹ ਸਹੀ ਸਮਾਂ ਹੈ ਕਿਉਂਕਿ ਪਿਛਲੇ ਲਗਭਗ ਇਕ ਮਹੀਨੇ ਤੋਂ ਪੈਟਰੋਲ-ਡੀਜ਼ਲ ਕੀਮਤਾਂ ਸਥਿਰ ਹਨ। ਇਸ ਦੇ ਨਾਲ ਹੀ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਵੀ ਨਰਮ ਹੋ ਗਈਆਂ ਹਨ ਅਤੇ ਇਕ ਮਹੀਨੇ ‘ਚ 45 ਡਾਲਰ ਪ੍ਰਤੀ ਬੈਰਲ ਤੋਂ ਤਕਰੀਬਨ 40 ਡਾਲਰ ਪ੍ਰਤੀ ਬੈਰਲ ‘ਤੇ ਆ ਗਈਆਂ ਹਨ।

ਖ਼ਪਤਕਾਰਾਂ ‘ਤੇ ਨਹੀਂ ਵਧੇਗਾ ਬੋਝ- ਮਾਰਚ ‘ਚ ਸਰਕਾਰ ਨੇ ਪੈਟਰੋਲ ‘ਤੇ ਵਿਸ਼ੇਸ਼ ਐਡੀਸ਼ਨਲ ਐਕਸਾਈਜ਼ ਡਿਊਟੀ 18 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ‘ਤੇ 12 ਰੁਪਏ ਪ੍ਰਤੀ ਲਿਟਰ ਵਧਾਉਣ ਲਈ ਸੰਸਦੀ ਮਨਜ਼ੂਰੀ ਲਈ ਸੀ। ਹਾਲਾਂਕਿ, ਮਈ ‘ਚ ਇਹ ਪੈਟਰੋਲ ‘ਤੇ 12 ਰੁਪਏ ਅਤੇ ਡੀਜ਼ਲ ‘ਤੇ 9 ਰੁਪਏ ਵਧਾਈ ਗਈ। ਇਸ ਨਾਲ ਸਰਕਾਰ ਕੋਲ ਪੈਟਰੋਲ ‘ਤੇ 6 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ‘ਤੇ 3 ਰੁਪਏ ਪ੍ਰਤੀ ਲਿਟਰ ਦੀ ਦਰ ਨਾਲ ਵਿਸ਼ੇਸ਼ ਡਿਊਟੀ ਵਧਾਉਣ ਦਾ ਬਦਲ ਬਚਿਆ ਹੋਇਆ ਹੈ,

ਜਿਸ ਨੂੰ ਇਸਤੇਮਾਲ ਕਰਨ ਦਾ ਹੁਣ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸ ਨਾਲ ਖ਼ਪਤਕਾਰਾਂ ‘ਤੇ ਜ਼ਿਆਦਾ ਅਸਰ ਨਹੀਂ ਹੋਵੇਗਾ ਕਿਉਂਕਿ ਪ੍ਰਚੂਨ ਕੀਮਤਾਂ ‘ਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ ਹੈ ਅਤੇ ਕੌਮਾਂਤਰੀ ਬਾਜ਼ਾਰ ‘ਚ ਕੱਚਾ ਤੇਲ ਸਸਤਾ ਹੋਣ ਕਾਰਨ ਪੈਟਰੋਲ-ਡੀਜ਼ਲ ਕੀਮਤਾਂ ‘ਚ ਵੱਡਾ ਵਾਧਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।