ਹੁਣੇ ਹੁਣੇ ਕੈਪਟਨ ਨੇ ਪੰਜਾਬੀਆਂ ਨੂੰ ਦਿੱਤੀ ਇਹ ਵੱਡੀ ਚੇਤਾਵਨੀਂ-ਹੋ ਜਾਓ ਸਾਵਧਾਨ

ਪੰਜਾਬ ਸਰਕਾਰ ਵੱਲੋਂ ਸੂਬੇ ’ਚ ਕੋਰੋਨਾ ਮਹਾਮਾਰੀ ਦੇ ਸਰੂਪ ਦੇ ਪੱਧਰ ਪਤਾ ਕਰਨ ਲਈ ਭੇਜੇ ਗਏ 401 ਨਮੂਨਿਆਂ ਵਿਚੋਂ 81 ਫ਼ੀਸਦੀ ਨਮੂਨਿਆਂ ਵਿਚ ਯੂ.ਕੇ. ਦੇ ਕੋਵਿਡ ਦੀ ਕਿਸਮ ਪਾਈ ਗਈ ਹੈ।ਇਸ ’ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਲੋਕਾਂ ਨੂੰ ਕੋਵਿਡ ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੀਕਾਕਰਨ ਦਾ ਦਾਇਰਾ ਵਧਾ ਕੇ ਇਸ ਵਿਚ 60 ਵਰੇ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਾਮਲ ਕਰਨ ਲਈ ਅਖਿਆ ਕਿਉਂਕਿ ਜੋ ਇਹ ਵਾਇਰਸ ਨੌਜਵਾਨ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਪਾਇਆ ਗਿਆ ਹੈ। ਤਾਜ਼ਾ ਸਥਿਤੀ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਗੱਲ ਦੀ ਲੋੜ ’ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਆਬਾਦੀ ਦੇ ਵੱਡੇ ਤਬਕੇ ਨੂੰ ਵੀ ਟੀਕਾਕਰਨ ਮੁਹਿੰਮ ਵਿਚ ਜਲਦ ਤੋਂ ਜਲਦ ਸ਼ਾਮਲ ਕੀਤਾ ਜਾਵੇ। ਉਨਾਂ ਕਿਹਾ ਕਿ ਇਸ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ। ਉਨ੍ਹਾਂ ਧਿਆਨ ਦਿਵਾਇਆ ਕਿ ਮਾਹਿਰਾਂ ਵੱਲੋਂ ਮੌਜੂਦਾ ਕੋਵੀਸ਼ੀਲਡ ਦਵਾਈ ਨੂੰ ਯੂ.ਕੇ. ਦੇ ਵਾਇਰਸ ਬੀ.1.1.7 ਲਈ ਵੀ ਬੇਹੱਦ ਕਾਰਗਰ ਪਾਇਆ ਗਿਆ ਹੈ। ਇਸ ਲਈ ਇਸ ਵਾਇਰਸ ਦੇ ਫੈਲਾਅ ਦੀ ਲੜੀ ਤੋੜਨ ਲਈ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾਣਾ ਜ਼ਰੂਰੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਵੀ ਕੋਵਿਡ ਤੋਂ ਸੁਰੱਖਿਆ ਸਬੰਧੀ ਸਾਰੇ ਨਿਯਮਾਂ ਜਿਵੇਂ ਕਿ ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਆਦਿ ਦਾ ਪਾਲਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸੂਬਾ ਸਰਕਾਰ, ਜਿਸ ਨੇ ਤਾਜ਼ਾ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ, ਹੋਰ ਪਾਬੰਦੀਆਂ ਲਾਉਣ ਲਈ ਮਜਬੂਰ ਹੋਵੇਗੀ ਜੇਕਰ ਲੋਕਾਂ ਨੇ ਕੋਵਿਡ ਤੋਂ ਬਚਾਅ ਸਬੰਧੀ ਨਿਯਮਾਂ ਦਾ ਪਾਲਣ ਨਾ ਕੀਤਾ।

ਮੁੱਖ ਮੰਤਰੀ ਵੱਲੋਂ ਇਹ ਅਪੀਲ ਸੂਬੇ ਦੀ ਕੋਵਿਡ ਮਾਹਿਰਾਂ ਦੀ ਕਮੇਟੀ ਦੇ ਮੁਖੀ ਡਾ. ਕੇ.ਕੇ. ਤਲਵਾੜ ਵੱਲੋਂ ਉਨ੍ਹਾਂ ਨੂੰ ਇਸ ਵਾਇਰਸ ਦੇ ਨਵੇਂ ਸਰੂਪ ਸਬੰਧੀ ਜਾਣਕਾਰੀ ਦਿੱਤੇ ਜਾਣ ਮਗਰੋਂ ਕੀਤੀ ਗਈ ਹੈ। ਸੂਬੇ ਵਿਚ ਬੀਤੇ ਕੁਝ ਹਫ਼ਤਿਆਂ ਦੌਰਾਨ ਕੋਵਿਡ-19 ਦੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਿਚ ਵੱਡੇ ਪੱਧਰ ’ਤੇ ਵਾਧਾ ਹੋਇਆ ਹੈ। ਸੂਬੇ ਦੇ ਸਿਹਤ ਵਿਭਾਗ ਵੱਲੋਂ ਇਸ ਵਾਇਰਸ ਦੇ ਸਰੂਪ ਦੇ ਪੱਧਰ ਦਾ ਪਤਾ ਕਰਨ ਲਈ 478 ਕੋਵਿਡ-19 ਪਾਜ਼ੇਟਿਵ ਨਮੂਨੇ ਐੱਨ.ਆਈ.ਬੀ., ਆਈ.ਜੀ.ਆਈ.ਬੀ. ਅਤੇ ਐੱਨ. ਸੀ. ਡੀ. ਸੀ. ਨੂੰ ਭੇਜੇ ਗਏ ਸਨ। ਇਨ੍ਹਾਂ ਵਿਚੋਂ 90 ਨਮੂਨਿਆਂ ਦੇ ਨਤੀਜੇ ਆ ਗਏ ਹਨ ਜਿਨ੍ਹਾਂ ਵਿਚੋਂ ਸਿਰਫ਼ ਦੋ ਨਮੂਨਿਆਂ ਵਿਚ ਹੀ ਐਨ 440 ਕੇ ਕਿਸਮ ਪਾਈ ਗਈ ਹੈ।

ਇਸ ਮਗਰੋਂ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਇਕ ਟੀਮ ਨੇ ਪਾਜ਼ੇਟਿਵ ਦਰ ਵਿਚ ਵਾਧੇ ਦੀ ਸਮੀਖਿਆ ਕਰਨ ਲਈ ਸੂਬੇ ਦਾ ਦੌਰਾ ਕੀਤਾ। ਟੀਮ ਨੂੰ ਇਸ ਵਾਇਰਸ ਦੇ ਸਰੂਪ ਦੇ ਪੱਧਰ ਦਾ ਪਤਾ ਕਰਨ ਦੇ ਬਾਕੀ ਰਹਿੰਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮਗਰੋਂ 401 ਨਮੂਨੇ, ਜੋ ਕਿ 1 ਜਨਵਰੀ, 2021 ਤੋਂ ਲੈ ਕੇ 10 ਮਾਰਚ, 2021 ਤੱਕ ਲਏ ਗਏ ਸਨ, ਐਨ.ਸੀ.ਡੀ.ਸੀ. ਨੂੰ ਭੇਜੇ ਗਏ ਤਾਂ ਜੋ ਇਸ ਵਾਇਰਸ ਦੇ ਸਰੂਪ ਦਾ ਪੱਧਰ ਪਤਾ ਕੀਤਾ ਜਾ ਸਕੇ। ਡਾ. ਕੇ.ਕੇ. ਤਲਵਾੜ ਨੇ ਕਿਹਾ ਕਿ ਇਨਾਂ ਨਮੂਨਿਆਂ ਦੇ ਨਤੀਜੇ ਚਿੰਤਾਜਨਕ ਸਨ ਕਿਉਂਕਿ 326 ਕੋਵਿਡ ਨਮੂਨਿਆਂ ਵਿੱਚ ਬੀ.1.1.7 ਕਿਸਮ ਦੀ ਮੌਜੂਦਗੀ ਪਾਈ ਗਈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਡਾ. ਤਲਵਾੜ ਨੇ ਜਾਣਕਾਰੀ ਦਿੱਤੀ ਹੈ ਕਿ ਯੂ.ਕੇ. ਦੀ ਇਹ ਕਿਸਮ ਬੀ.1.1.7 ਜ਼ਿਆਦਾ ਸੰਕਰਮਿਤ ਹੈ ਪਰ ਜ਼ਿਆਦਾ ਜ਼ਹਿਰੀਲੀ ਨਹੀਂ ਹੈ। ਆਕਸਫੋਰਡ (ਕੋਵੀਸ਼ੀਲਡ) ਦੀ ਦਵਾਈ ਯੂ.ਕੇ. ਦੀ ਇਸ ਨਵੀਂ ਕਿਸਮ ਲਈ ਪੂਰੀ ਤਰ੍ਹਾਂ ਕਾਰਗਰ ਹੈ। ਧਿਆਨ ਦੇਣ ਯੋਗ ਹੈ ਕਿ ਬੀ.1.1.7 ਕਿਸਮ ਹੁਣ ਦੁਨੀਆ ਦੇ ਕਈ ਹਿੱਸਿਆਂ ਵਿਚ ਫੈਲ ਗਈ ਹੈ ਅਤੇ ਯੂ.ਕੇ. ਵਿਚ ਇਸ ਦੇ 98 ਫ਼ੀਸਦੀ ਅਤੇ ਸਪੇਨ ਵਿਚ 90 ਫ਼ੀਸਦੀ ਨਵੇਂ ਮਾਮਲੇ ਹਨ। ਯੂ.ਕੇ. ਦੀ ਸਰਕਾਰ ਨੇ ਕਿਹਾ ਹੈ ਕਿ ਮੂਲ ਵਾਇਰਸ ਤੋਂ ਇਹ ਨਵੀਂ ਕਿਸਮ 70 ਫੀਸਦੀ ਤੱਕ ਵੱਧ ਫੈਲਣ ਯੋਗ ਹੈ।

Leave a Reply

Your email address will not be published. Required fields are marked *