ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਖੇਤੀਬਾੜੀ ਮੰਤਰੀ ਦਾ ਆਇਆ ਇਹ ਵੱਡਾ ਬਿਆਨ-ਦੇਖੋ ਪੂਰੀ ਖ਼ਬਰ

ਕਿਸਾਨੀ ਸੰਘਰਸ਼ ਵਲੋਂ ਸਭ ਗਿਣਤੀਆਂ-ਮਿਣਤੀਆਂ ਪੁੱਠੀਆਂ ਪਾਉਣ ਤੋਂ ਬਾਅਦ ਵੀ ਕੇਂਦਰ ਸਰਕਾਰ ਦੇ ਮੰਤਰੀ ਅਪਣੀ ‘ਸਿਆਸੀ ਜਿੱਦ’ ਛੱਡਣ ਲਈ ਤਿਆਰ ਨਹੀਂ ਜਾਪਦੇ। ਖ਼ਾਸ ਕਰ ਕੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅਜੇ ਵੀ ਕਿਸਾਨਾਂ ਨੂੰ ਸੰਘਰਸ਼ ਵਾਪਸ ਲੈਣ ਦੀ ਅਪੀਲ ਕਰਦਿਆਂ 3 ਦਸੰਬਰ ਨੂੰ ਗੱਲਬਾਤ ਲਈ ਆਉਣ ਬਾਰੇ ਕਹਿ ਰਹੇ ਹਨ। ਇੰਨਾ ਨਹੀਂ, ਖੇਤੀ ਮੰਤਰੀ ਕਿਸਾਨੀ ਸੰਘਰਸ਼ ਨੂੰ ਕਾਂਗਰਸ ਪ੍ਰੇਰਿਤ ਕਹਿਣ ਤੋਂ ਬਾਜ ਨਹੀਂ ਆ ਰਹੇ।

ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਕਰਦਿਆਂ ਕਾਂਗਰਸ ’ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਵੀ ਲਾਇਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਵੀ ਖੇਤੀ ਮੰਤਰੀ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਕਿਸਾਨਾਂ ਦੇ ਹਿੱਤ ਲਈ ਕੰਮ ਕਰਨ ਲਈ ਵਚਨਬੱਧ ਹਨ।

ਖੇਤੀ ਮੰਤਰੀ ਮੁਤਾਬਕ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਲਈ ਵਚਨਬੱਧ ਹੈ ਅਤੇ ਜੋ ਨਵੇਂ ਕਾਨੂੰਨ ਬਣਾਏ ਗਏ ਹਨ, ਉਹ ਵੀ ਕਿਸਾਨਾਂ ਦੇ ਹਿੱਤ ਵਿਚ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ ਤੇ ਇਸੇ ਲਈ 3 ਦਸੰਬਰ ਨੂੰ ਫ਼ਿਰ ਗੱਲਬਾਤ ਲਈ ਬੁਲਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਕਾਂਗਰਸ ਨੂੰ ਕਿਸਾਨਾਂ ਨੂੰ ਗੁੰਮਰਾਹ ਨਾ ਕਰਨ ਦੀ ਨਸੀਹਤ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਪਣੀਆਂ ਨੀਤੀਆਂ ’ਤੇ ਝਾਤ ਮਾਰਦਿਆਂ ਆਪਣੇ ਮੈਨੀਫੈਸਟੋ ਨੂੰ ਜਨਤਕ ਤੌਰ ’ਤੇ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਸਿਆਸੀ ਮੁਫਾਦਾਂ ਲਈ ਹਵਾ ਦਿਤੀ ਜਾ ਰਹੀ ਹੈ ਜਦਕਿ ਖੇਤੀ ਕਾਨੂੰਨ ਕਿਸਾਨਾਂ ਲਈ ਲਾਭਕਾਰੀ ਹਨ।

ਖੇਤੀਬਾੜੀ ਮੰਤਰੀ ਦੇ ਇਨ੍ਹਾਂ ਤੇਵਰਾਂ ਨੂੰ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਂਗ ਵੇਖਿਆ ਜਾ ਰਿਹਾ ਹੈ। ਹਕੂਮਤਾਂ ਦੀਆਂ ਵੱਡੀਆਂ ਰੋਕਾਂ ਉਲੰਘਣ ਤੋਂ ਬਾਅਦ ਦਿੱਲੀ ਸਰਹੱਦ ’ਤੇ ਡੇਰਾ ਜਮਾਈ ਬੈਠੇ ਲੱਖਾਂ ਕਿਸਾਨਾਂ ਦਾ ਜੋਸ਼ ਸੱਤਵੇਂ ਅਸਮਾਨ ’ਤੇ ਪਹੁੰਚ ਚੁੱਕਾ ਹੈ ਜੋ ‘ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਹੇਵੰਦ’ ਕਹਿਣ ਨਾਲ ਹੋਰ ਪ੍ਰਚੰਡ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਚੋਣਾਂ ਦੌਰਾਨ ਇਕ ਦਿਨ ’ਚ 100-100 ਰੈਲੀਆਂ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਘਰ ਆਏ ਅੰਨਦਾਤੇ’ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਨ। ਕਿਸਾਨਾਂ ਦਾ ਘੋਲ ‘ਹੋਂਦ ਦੀ ਲੜਾਈ’ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ ਜੋ ਕੇਂਦਰ ਦੀ ਅੜੀ ਕਾਰਨ ਹੋਰ ਪ੍ਰਚੰਡ ਹੋਵੇਗਾ।