ਜ਼ੇਲ੍ਹ ਚ’ ਬੈਠੇ ਨਵਜੋਤ ਸਿੱਧੂ ਨੇ ਕਰਤਾ ਇਹ ਕੰਮ-ਕਿਸੇ ਨੇ ਸੋਚਿਆ ਤੱਕ ਵੀ ਨਹੀਂ ਸੀ

34 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿਚ ਇਕ ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨਰਾਤਿਆਂ ਦੌਰਾਨ ਮੌਨ ਵਰਤ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਟਵੀਟ ਕਰਕੇ ਦਿੱਤੀ ਹੈ। ਨਵਜੋਤ ਸਿੱਧੂ ਅਗਲੇ 10 ਦਿਨ ਤੱਕ ਮੌਨ ਰਹਿਣਗੇ। ਬੀਬੀ ਸਿੱਧੂ ਨੇ ਕਿਹਾ ਹੈ ਕਿ ਹੁਣ ਉਹ (ਨਵਜੋਤ ਸਿੰਘ ਸਿੱਧੂ) 5 ਅਕਤੂਬਰ ਤੱਕ ਬਿਲਕੁਲ ਮੌਨ ਰਹਿਣਗੇ ਅਤੇ ਇਸ ਤੋਂ ਬਾਅਦ ਹੀ ਉਹ ਸਾਰਿਆਂ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਇਹ ਮੌਨ ਵਰਤ ਵਿਜੇ ਦਸ਼ਮੀ ਤੱਕ ਜਾਰੀ ਰਹੇਗਾ। ਲਿਹਾਜ਼ਾ ਮਿਲਣ ਆਉਣ ਵਾਲਿਆਂ ਨੂੰ ਅਪੀਲ ਹੈ ਕਿ ਉਹ ਨਰਾਤਿਆਂ ਤੋਂ ਬਾਅਦ ਹੀ ਮੁਲਾਕਾਤ ਲਈ ਆਉਣ।

ਪਹਿਲਾਂ ਵੀ ਕਈ ਵਾਰ ਮੌਨ ਵਰਤ ਰੱਖ ਚੁੱਕੇ ਹਨ ਸਿੱਧੂ – ਦੱਸਣਯੋਗ ਹੈ ਕਿ ਮਾਤਾ ਵੈਸ਼ਨੋ ਦੇਵੀ ਦੇ ਭਗਤ ਨਵਜੋਤ ਸਿੱਧੂ ਪਹਿਲਾਂ ਵੀ ਕਈ ਵਾਰ ਮੌਨ ਵਰਤ ਧਾਰਣ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਅਕਤੂਬਰ 2021 ਨੂੰ ਨਵਜੋਤ ਸਿੰਘ ਸਿੱਧੂ ਲਖੀਮਪੁਰ ਖੀਰੀ ਵਿਚ ਹੋਏ ਹਾਦਸੇ ਤੋਂ ਬਾਅਦ ਜਦੋਂ ਮ੍ਰਿਤਕ ਕਿਸਾਨ ਦੇ ਘਰ ਗਏ ਸਨ ਤਾਂ ਮੌਨਵਰਤ ’ਤੇ ਬੈਠ ਗਏ ਸਨ। ਮਾਰਚ 2022 ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫੇ ਤੋਂ ਬਾਅਦ ਵੀ ਉਹ ਮੌਨਵਰਤ ’ਤੇ ਰਹੇ ਸਨ।

ਕੀ ਹੈ ਰੋਡਰੇਜ ਮਾਮਲਾ-ਨਵਜੋਤ ਸਿੱਧੂ ’ਤੇ ਇਲਜ਼ਾਮ ਸਨ ਕਿ ਉਨ੍ਹਾਂ ਨੇ 27 ਦਸੰਬਰ 1988 ’ਚ ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ 65 ਸਾਲਾ ਗੁਰਨਾਮ ਸਿੰਘ ਨਾਲ ਕੁੱਟਮਾਰ ਕੀਤੀ ਸੀ ਅਤੇ ਉਸੇ ਕੁੱਟਮਾਰ ਵਿਚ ਵੱਜੀ ਸੱਟ ਕਾਰਨ ਗੁਰਨਾਮ ਸਿੰਘ ਦੀ ਮੌਤ ਹੋਈ ਸੀ। ਟ੍ਰਾਇਲ ਕੋਰਟ ਨੇ ਨਵਜੋਤ ਸਿੱਧੂ ਨੂੰ ਬਰੀ ਕਰ ਦਿੱਤਾ ਸੀ ਪਰ ਹਾਈ ਕੋਰਟ ਨੇ ਨਵਜੋਤ ਸਿੱਧੂ ਨੂੰ ਦੋਸ਼ੀ ਮੰਨਦੇ ਹੋਏ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ।

ਸਰਕਾਰੀ ਵਕੀਲ ਦਾ ਦਾਅਵਾ ਸੀ ਕਿ ਸਿੱਧੂ ਅਤੇ ਉਸ ਦਾ ਦੋਸਤ ਰੁਪਿੰਦਰ ਸਿੰਘ ਸੰਧੂ ਪਟਿਆਲਾ ਦੇ ਸ਼ੇਰਾਂਵਾਲਾ ਗੇਟ ਨੇੜੇ ਜਿਪਸੀ ਵਿਚ ਜਾ ਰਹੇ ਸਨ ਦੂਜੇ ਪਾਸੇ ਗੁਰਨਾਮ ਸਿੰਘ ਆਪਣੇ ਦੋ ਹੋਰ ਸਾਥੀਆਂ ਨਾਲ ਮਾਰੂਤੀ ਕਾਰ ਵਿੱਚ ਸਵਾਰ ਸਨ। ਗੱਡੀ ਨੂੰ ਹਟਾਉਣ ਦੇ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਅਤੇ ਉਸ ਦੇ ਸਾਥੀ ਦੀ ਗੁਰਨਾਮ ਸਿੰਘ ਦੀ ਬਹਿਸ ਹੋਈ। ਬਹਿਸ ਦੌਰਾਨ ਗਰਮਾ-ਗਰਮੀ ਹੋ ਗਈ ਅਤੇ ਦੋਵੇਂ ਧਿਰਾਂ ਵਿਚਕਾਰ ਹੱਥੋਪਾਈ ਹੋ ਗਏ।

ਇਸ ਦੌਰਾਨ ਗੁਰਨਾਮ ਸਿੰਘ ਡਿੱਗ ਗਿਆ ਅਤੇ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਸਿੱਧੂ ਅਤੇ ਉਸ ਦੇ ਦੋਸਤ ਖ਼ਿਲਾਫ਼ ਕੇਸ ਦਰਜ ਕੀਤਾ। ਹਾਈਕੋਰਟ ਦੇ ਫ਼ੈਸਲੇ ਨੂੰ ਨਵਜੋਤ ਸਿੰਘ ਸਿੱਧੂ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਜਿਸ ਵਿਚ ਦਾਅਵਾ ਕੀਤਾ ਕਿ ਗੁਰਨਾਮ ਸਿੰਘ ਦੀ ਮੌਤ ਦੇ ਕਾਰਨਾਂ ਬਾਰੇ ਡਾਕਟਰਾਂ ਦੀ ਰਾਏ ਅਸਪਸ਼ਟ ਹੈ। ਇਸ ਦੌਰਾਨ ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾਈ ਸੀ।

Leave a Reply

Your email address will not be published. Required fields are marked *