ਮਸ਼ਹੂਰ ਗਾਇਕ ਕਰਨ ਔਜਲਾ ਨੇ ਕੇਂਦਰ ਸਰਕਾਰ ਨੂੰ ਪਾਈ ਝਾੜ ਤੇ ਸ਼ਰੇਆਮ ਕਹਿ ਦਿੱਤੀ ਇਹ ਵੱਡੀ ਗੱਲ-ਦੇਖੀ ਪੂਰੀ ਖ਼ਬਰ

ਸੋਸ਼ਲ ਮੀਡੀਆ ’ਤੇ ਇਸ ਗੱਲ ਦੀ ਚਰਚਾ ਕਾਫੀ ਬਣੀ ਰਹੀ ਕਿ ਪੰਜਾਬ ਦੇ ਚੋਟੀ ਦੇ ਕਲਾਕਾਰ ਕਿਸਾਨਾਂ ਦੇ ਧਰਨਿਆਂ ’ਚ ਸ਼ਮੂਲੀਅਤ ਕਿਉਂ ਨਹੀਂ ਕਰ ਰਹੇ। ਇਨ੍ਹਾਂ ’ਚੋਂ ਇਕ ਨਾਂ ਸੀ ਕਰਨ ਔਜਲਾ ਦਾ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੀ ਇਹ ਮੰਗ ਸੀ ਕਿ ਉਹ ਕਿਸਾਨਾਂ ਦਾ ਸਾਥ ਦੇਵੇ। ਇਸ ਨੂੰ ਦੇਖਦਿਆਂ ਕਰਨ ਔਜਲਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ ਤੇ ਇਹ ਵੀ ਦੱਸ ਦਿੱਤਾ ਹੈ ਕਿ ਉਹ ਕਦੋਂ ਪੰਜਾਬ ਆ ਰਿਹਾ ਹੈ।

ਅਸਲ ’ਚ ਬੀਤੇ ਦਿਨੀਂ ਕਰਨ ਔਜਲਾ ਨੇ ਆਪਣੇ ਪਿਤਾ ਦੇ ਬਾਂਹ ’ਤੇ ਬਣਵਾਏ ਟੈਟੂ ਦੀ ਤਸਵੀਰ ਸਾਂਝੀ ਕਰਦਿਆਂ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਕਰਨ ਔਜਲਾ ਨੇ ਲਿਖਿਆ, ‘ਮੈਨੂੰ ਪਤਾ ਹੈ ਕਿ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮੈਂ ਕਿਸਾਨਾਂ ਦਾ ਦਰਦ ਜ਼ਾਹਿਰ ਨਹੀਂ ਕਰ ਸਕਦਾ ਪਰ ਮੈਂ ਵਿਕਾਊ ਮੀਡੀਆ ਦੇ ਇਸ ਮਸਲੇ ’ਤੇ ਨਾ ਬੋਲਣ ਕਰਕੇ ਆਪਣੇ ਰਾਹੀਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਪਿਓ ਦੇ ਬਣਾਏ ਹੋਏ ਦੋ ਕੀਲੇ ਮੈਂ ਭੁੱਲਿਆ ਨਹੀਂ।

ਉਸ ਜ਼ਮੀਨ ’ਚੋਂ ਮੈਨੂੰ ਅੱਜ ਵੀ ਉਸ ਦੀ ਮਹਿਕ ਆਉਂਦੀ ਹੈ ਤੇ ਇਸ ਕਰਕੇ ਮੈਂ ਮੇਰੇ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਨਾਲ ਮੋਢਾ ਜੋੜ ਕੇ ਖੜ੍ਹਾ ਹਾਂ ਤੇ ਖੜ੍ਹਦਾ ਰਹਾਂਗਾ।ਕੇਂਦਰ ਸਰਕਾਰ ਦਾ ਜ਼ਿਕਰ ਕਰਦਿਆਂ ਕਰਨ ਔਜਲਾ ਨੇ ਅੱਗੇ ਲਿਖਿਆ, ‘ਦਿੱਲੀ ਮੁੱਢ ਤੋਂ ਸਾਡੇ ਨਾਲ ਬੇਇਨਸਾਫੀ ਕਰਦੀ ਆ ਰਹੀ ਹੈ ਤੇ ਅਸੀਂ ਮੁੱਢ ਤੋਂ ਵਹਿਮ ਕੱਢਦੇ ਆਏ ਹਾਂ।

ਇਤਿਹਾਸ ਇਸ ਚੀਜ਼ ਦਾ ਗਵਾਹ ਹੈ। ਦਿੱਲੀ ਵਾਲਿਆਂ ਨੂੰ ਸਾਡੀ ਬੇਨਤੀ ਨਹੀਂ ਸਗੋਂ ਸਲਾਹ ਹੈ ਕਿ ਸਾਡੇ ਹੱਕ ਦੇ ਦਿਓ ਨਹੀਂ ਤਾਂ ਸਾਨੂੰ ਹੱਕ ਦਿਵਾਉਣੇ ਵੀ ਆਉਂਦੇ ਨੇ ਤੇ ਲੈਣੇ ਵੀ। ਮੇਰੀ ਸਾਰੇ ਚਾਹੁਣ ਵਾਲਿਆਂ ਨੂੰ ਬੇਨਤੀ ਹੈ ਕਿ ਸਾਰੇ ਜ਼ਰੂਰ ਦਿੱਲੀ ਪਹੁੰਚਣ ਤੇ ਮੈਨੂੰ ਵੀ ਕੋਵਿਡ ਦੇ ਚੱਲਦਿਆਂ ਕੁਝ ਕਾਰਨਾਂ ਕਰਕੇ ਪੰਜਾਬ ਆਉਣ ’ਚ ਥੋੜ੍ਹਾ ਸਮਾਂ ਜ਼ਰੂਰ ਲੱਗ ਰਿਹਾ ਹੈ ਪਰ ਮੈਂ ਬਹੁਤ ਜਲਦ ਆ ਰਿਹਾ ਹਾਂ ਤੇ ਮੇਰੇ ਸਾਰੇ ਕਿਸਾਨ ਵੀਰਾਂ ਨਾਲ ਇਕਜੁੱਟ ਹੋ ਕੇ ਬੈਠਾਂਗਾ। ਜੇ ਕੁਝ ਗਲਤ ਲਿਖਿਆ ਗਿਆ ਹੋਵੇ ਤਾਂ ਮੁਆਫੀ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਕਰਨ।’

ਦੱਸਣਯੋਗ ਹੈ ਕਿ ਬੀਤੇ ਦਿਨੀਂ ਬੱਬੂ ਮਾਨ ਵੀ ਅਚਾਨਕ ਕੈਨੇਡਾ ਤੋਂ ਦਿੱਲੀ ਪਹੁੰਚੇ, ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਬੱਬੂ ਮਾਨ ਸੋਸ਼ਲ ਮੀਡੀਆ ਰਾਹੀਂ ਸਮੇਂ-ਸਮੇਂ ’ਤੇ ਕਿਸਾਨ ਸੰਘਰਸ਼ ਦਾ ਸਮਰਥਨ ਕਰਦੇ ਰਹੇ ਹਨ ਤੇ ਉਨ੍ਹਾਂ ਦਾ ਧਰਨੇ ’ਚ ਪਹੁੰਚਣਾ ਉਨ੍ਹਾਂ ਦੇ ਚਾਹੁਣ ਵਾਲਿਆਂ ’ਚ ਵੀ ਵੱਖਰਾ ਜੋਸ਼ ਭਰੇਗਾ।