ਹੁਣੇ ਹੁਣੇ ਅੱਕੇ ਕਿਸਾਨਾਂ ਨੇ ਸੰਘਰਸ਼ ਬਾਰੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਤਾਜਾ ਖਬਰ

ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਅਜੇ ਹੋਰ ਲੰਮੇਰਾ ਖਿੱਚਣ ਦੇ ਅਸਾਰ ਬਣ ਗਏ ਹਨ। ਲੰਮੀਆਂ ਮੀਟਿੰਗਾਂ ਤੋਂ ਬਾਅਦ ਸਰਕਾਰ ਵਲੋਂ ਕਿਸਾਨਾਂ ਵੱਲ ਭੇਜੇ ਪ੍ਰਸਤਾਵ ਨੂੰ ‘ਪੁਰਾਣੀ ਮੁਹਾਰਨੀ’ ਕਰਾਰ ਦਿੰਦਿਆਂ ਕਿਸਾਨ ਜਥੇਬੰਦੀਆਂ ਨੇ ਮੁੱਢੋਂ ਰੱਦ ਕਰਦਿਆਂ ਸੰਘਰਸ਼ ਨੂੰ ਹੋਰ ਭਖਾਣ ਦਾ ਐਲਾਨ ਕਰ ਦਿਤਾ ਹੈ।

ਕਿਸਾਨ ਜਥੇਬੰਦੀਆਂ ਦੀ ਮੀਟਿੰਗ ’ਚ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਮੁਤਾਬਕ ਕਿਸਾਨ ਦਿੱਲੀ ਅੰਦਰ ਦਾਖ਼ਲ ਨਹੀਂ ਹੋਣਗੇ। ਸਰਕਾਰ ਦਾ ਪ੍ਰਸਤਾਵ ਰੱਦ ਕਰਨ ਦਾ ਰਸਮੀ ਐਲਾਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ ਨੂੰ ਤਿੱਖਾ ਕਰਦਿਆਂ ਦਿੱਲੀ ਨੂੰ ਚੁਫੇਰਿਉਂ ਘੇਰਨ ਦੀ ਰਣਨੀਤੀ ਤਹਿਤ ਹੁਣ ਦਿੱਲੀ-ਯੂਪੀ ਬਾਰਡਰ ਅਤੇ ਦਿੱਲੀ ਰਾਜਸਥਾਨ ਬਾਰਡਰ ਨੂੰ ਵੀ ਸੀਲ ਕੀਤਾ ਜਾਵੇਗਾ।

ਕਿਸਾਨ ਆਗੂਆਂ ਨੇ ਭਲਕੇ ਦੀ ਮੀਟਿੰਗ ਦਾ ਸੱਦਾ ਠੁਕਰਾਉਂਦਿਆਂ ਸਰਕਾਰ ਵਲੋਂ ਨਵਾਂ ਪ੍ਰਸਤਾਵ ਭੇਜਣ ਦੀ ਸੂਰਤ ’ਚ ਉਸ ’ਤੇ ਵਿਚਾਰ ਕਰਨ ਦੀ ਗੱਲ ਕਹੀ ਹੈ। ਸੰਘਰਸ਼ ਨੂੰ ਤੇਜ਼ ਕਰਨ ਦੀ ਰਣਨੀਤੀ ਤਹਿਤ ਹੁਣ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਤੋਂ ਇਲਾਵਾ ਜੀਓ ਸਿੰਮ ਤੋਂ ਇਲਾਵਾ ਰਿਲਾਇੰਸ ਦੇ ਪਟਰੌਲ ਪੰਪਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਅੰਦਰ ਟੋਲ ਪਲਾਜ਼ੇ ਪਹਿਲਾਂ ਹੀ ਬੰਦ ਹਨ। ਨਵੇਂ ਫ਼ੈਸਲੇ ਮੁਤਾਬਕ 12 ਦਸੰਬਰ ਨੂੰ ਦੇਸ਼ ਭਰ ਦੇ ਟੋਲ-ਪਲਾਜ਼ਿਆਂ ਨੂੰ ਇਕ ਦਿਨ ਲਈ ਟੋਲ-ਫ਼੍ਰੀ ਕੀਤਾ ਜਾਵੇਗਾ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਵਲੋਂ ਭੇਜੇ ਗਏ ਪ੍ਰਸਤਾਵ ਵਿਚ ਉਹੀ ਪੁਰਾਣੀਆਂ ਗੱਲਾਂ ਨੂੰ ਘੁਮਾ-ਫਿਰਾ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਗੱਲਾਂ ’ਤੇ ਮੀਟਿੰਗਾਂ ਦੌਰਾਨ ਵਿਸਥਾਰਤ ਚਰਚਾ ਹੋ ਚੁੱਕੀ ਹੈ, ਜਿਨ੍ਹਾਂ ਨੂੰ ਕਿਸਾਨ ਪਹਿਲਾਂ ਹੀ ਠੁਕਰਾ ਚੁੱਕੇ ਹਨ। ਕਿਸਾਨ ਜਥੇਬੰਦੀਆਂ ਮੁਤਾਬਕ ਸਰਕਾਰ ਅਜੇ ਵੀ ਅਪਣੇ ਬਣਾਏ ਕਾਨੂੰਨਾਂ ਨੂੰ ਸਹੀ ਸਾਬਤ ਕਰਦਿਆਂ ਇਸ ਵਿਚ ਮਾਮੂਲੀ ਸੋਧਾਂ ਕਰ ਕੇ ਬੁੱਤਾ ਸਾਰਨ ਦੇ ਮੂੜ ਵਿਚ ਹੈ ਜਦਕਿ ਇਹ ਕਾਨੂੰਨ ਗ਼ਲਤੀਆਂ ਦੀ ਭਰਮਾਰ ਕਾਰਨ ਅਪਣੀ ਭਰੋਸੇਯੋਗਤਾ ਗੁਆ ਚੁੱਕੇ ਹਨ ਜਿਨ੍ਹਾਂ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ।

ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਸਖ਼ਤ ਤੇਵਰਾਂ ਨੂੰ ਵੇਖਦਿਆਂ ਸਰਕਾਰ ਵੀ ਹਰਕਤ ਵਿਚ ਆ ਗਈ ਹੈ। ਕਿਸਾਨਾਂ ਵਲੋਂ ਪ੍ਰਸਤਾਵ ਠੁਕਰਾਉਣ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਪਹੁੰਚੇ ਹਨ ਜਿੱਥੇ ਦੋਵਾਂ ਆਗੂਆਂ ਵਿਚਾਲੇ ਮੀਟਿੰਗ ਹੋ ਰਹੀ ਹੈ।