ਕਿਸਾਨਾਂ ਨੇ ਕੀਤਾ ਭਾਰਤ ਬੰਦ ਤਾਂ ਮੋਦੀ ਬਾਰੇ ਆ ਗਈ ਵੱਡੀ ਖ਼ਬਰ-ਹਰ ਪਾਸੇ ਹੋਗੀ ਚਰਚਾ

ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਨੇ ਅੱਜ ਭਾਰਤ ਬੰਦ ਕੀਤਾ ਹੈ। ਇਸ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਦੂਜੇ ਪਾਸੇ ਕਿਸਾਨਾਂ ਦੇ ਸੰਘਰਸ਼ ਤੋਂ ਬੇਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਿਦੇਸ਼ ਯਾਤਰਾ ‘ਤੇ ਨਿਕਲੇ ਹਨ। ਉਹ 26 ਮਾਰਚ ਤੇ ਭਲਕੇ 27 ਮਾਰਚ ਨੂੰ ਬੰਗਲਾਦੇਸ਼ ਦੇ ਦੌਰੇ ’ਤੇ ਰਹਿਣਗੇ। ਕੋਰੋਨਾ ਕਾਲ ਦੌਰਾਨ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ।

ਪ੍ਰਧਾਨ ਮੰਤਰੀ (PM) ਦੀ ਇਸ ਯਾਤਰਾ ਦੀ ਜਿੰਨੀ ਕੂਟਨੀਤਕ ਅਹਿਮੀਅਤ ਹੈ, ਉਸ ਤੋਂ ਜ਼ਿਆਦਾ ਪੱਛਮੀ ਬੰਗਾਲ ਦੀਆਂ ਚੋਣਾਂ ਉੱਤੇ ਇਸ ਦਾ ਅਸਰ ਦਿਸਣਾ ਵੀ ਤੈਅ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਇਸ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਕਈ ਸਮਝੌਤਿਆਂ ਲਈ ਵੀ ਸਹਿਮਤੀ ਹੋ ਸਕਦੀ ਹੈ।

ਪ੍ਰਧਾਨ ਮੰਤਰੀ ਮੋਦੀ ਉਂਝ ਤਾਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸੱਦੇ ’ਤੇ ਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ, ਬੰਗਬੰਧੂ ਅਤੇ ਬੰਗਲਾਦੇਸ਼ ਦੇ ਸਿਰਜਕ ਸ਼ੇਖ਼ ਮੁਜੀਬ-ਉਰ-ਰਹਿਮਾਨ ਦੀ ਜਨਮ ਸ਼ਤਾਬਦੀ ਤੇ ਭਾਰਤ-ਬੰਗਲਾਦੇਸ਼ ਦੇ ਕੂਟਨੀਤਕ ਸਬੰਧਾਂ ਦੇ 50 ਸਾਲ ਮੁਕੰਮਲ ਹੋਣ ਦੇ ਪ੍ਰੋਗਰਾਮ ਵਿੱਚ ਭਾਗ ਲੈਣ ਜਾ ਰਹੇ ਹਨ।

ਉਨ੍ਹਾਂ ਦੀ ਇਸ ਯਾਤਰਾ ਨਾਲ ਜਿੱਥੇ ਭਾਰਤ–ਬੰਗਲਾਦੇਸ਼ ਦੇ ਸਬੰਧਾਂ ਨੂੰ ਨਵੀਂ ਧਾਰ ਮਿਲੇਗੀ, ਉੱਥੇ ਹੀ ਚੀਨ ਨੂੰ ਵੀ ਕੂਟਨੀਤਕ ਜਵਾਬ ਮਿਲੇਗਾ। ਨੇਪਾਲ ਦੇ ਨਾਲ-ਨਾਲ ਚੀਨ ਕਾਫ਼ੀ ਸਮੇਂ ਤੋਂ ਕਿਸੇ ਨਾ ਕਿਸੇ ਬਹਾਨੇ ਬੰਗਲਾਦੇਸ਼ ਵਿੱਚ ਵੀ ਆਪਣੀ ਸਰਦਾਰੀ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਭਲਕੇ 27 ਮਾਰਚ ਨੂੰ ਨਰਿੰਦਰ ਮੋਦੀ ਦਾ ਗੋਪਾਲਗੰਜ ਜ਼ਿਲ੍ਹੇ ਦੇ ਓਰਾਕਾਂਡੀ ਸਥਿਤ ਮਤੁਆ ਸੰਪਰਦਾਇਕ ਦੇ ਮੰਦਰ ਤੇ ਬਾਰੀਸ਼ਾਲ ਜ਼ਿਲ੍ਹੇ ਦੇ ਸ਼ਿਕਾਰਪੁਰ ’ਚ ਸਥਿਤ ਸਤੀਪੀਠ ਜਾਣ ਦਾ ਵੀ ਪ੍ਰੋਗਰਾਮ ਹੈ। ਜਿਸ ਵੇਲੇ ਉਹ ਇਨ੍ਹਾਂ ਧਾਰਮਿਕ ਸਥਾਨਾਂ ’ਤੇ ਹੋਣਗੇ, ਉਦੋਂ ਪੱਛਮੀ ਬੰਗਾਲ ’ਚ ਪਹਿਲੇ ਗੇੜ ਦੀ ਵੋਟਿੰਗ ਹੋ ਰਹੀ ਹੋਵੇਗੀ। ਇਸੇ ਲਈ ਮੋਦੀ ਦੀ ਬੰਗਲਾਦੇਸ਼ ਯਾਤਰਾ ਨੂੰ ਪੱਛਮੀ ਬੰਗਾਲ ਦੀਆਂ ਚੋਣਾਂ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ।

Leave a Reply

Your email address will not be published.