ਕੇਂਦਰ ਨਾਲ ਮੀਟਿੰ ਤੋਂ ਪਹਿਲਾਂ ਆਈ ਵੱਡੀ ਖ਼ਬਰ,ਕਿਸਾਨਾਂ ਨੇ ਪਹਿਲਾਂ ਹੀ ਕਰ ਦਿੱਤਾ ਇਹ ਵੱਡਾ ਐਲਾਨ,ਹਰ ਪਾਸੇ ਹੋਗੀ ਚਰਚਾ

ਕੇਂਦਰ ਸਰਕਾਰ ਵੱਲੋਂ 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨਾਲ ਬੁਲਾਈ ਮੀਟਿੰਗ ‘ਚ ਪੰਜੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਕਿਸੇ ਸੋਧ ਨੂੰ ਪ੍ਰਵਾਨ ਨਹੀਂ ਕਰਾਂਗੇ ਅਤੇ ਇਹਨਾਂ ਕਾਨੂੰਨਾਂ ਦੀ ਮੁਕੰਮਲ ਵਾਪਸੀ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਟਿੱਕਰੀ ਬਾਰਡਰ ਲਾਗੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਐਲਾਨ ਕੀਤਾ ਕਿ ਸੰਘਰਸ਼ ਨੂੰ ਹੋਰ ਤੇਜ਼ ਤੇ ਵਿਸ਼ਾਲ ਕਰਨ ਲਈ ਕੱਲ ਨੂੰ ਹਰਿਆਣਾ ਦੇ ਪਿੰਡਾਂ ‘ਚ ਝੰਡਾ ਮਾਰਚ ਕੀਤਾ ਜਾਵੇਗਾ ਅਤੇ ਆਉਂਦੇ ਦਿਨਾਂ ਵਿੱਚ ਟਿੱਕਰੀ ਬਾਰਡਰ ਤੋਂ ਲੈਕੇ ਸਾਹਜਪੁਰ ਬਾਰਡਰ ਤੱਕ ਵਿਸ਼ਾਲ ਮਾਰਚ ਵੀ ਕੱਢਿਆ ਜਾਵੇਗਾ।

ਉਹਨਾਂ ਨੌਜ਼ਵਾਨਾਂ ਦੇ ਜਜ਼ਬੇ ਤੇ ਜ਼ਬਤ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਹੋਰ ਵਧੇਰੇ ਸ਼ਿੱਦਤ ਨਾਲ ਜ਼ਿੰਮੇਵਾਰੀਆਂ ਸੰਭਾਲਣ ਲਈ ਹੰਭਲਾ ਮਾਰਨ ਦੀ ਅਪੀਲ ਕੀਤੀ।ਔਰਤਾਂ ਦੀ ਵਿਸ਼ਾਲ ਗਿਣਤੀ ਵਾਲੇ ਇਸ ਇਕੱਠ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਕੇਸ਼ ਟਿਕੈਤ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਇਹਨਾਂ ਕਾਨੂੰਨਾਂ ਨੂੰ ਲੋਕ ਵਿਰੋਧੀ ਕਾਲੇ ਕਾਨੂੰਨ ਕ਼ਰਾਰ ਦਿੰਦਿਆਂ ਆਖਿਆ ਕਿ ਜੇਕਰ ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਵੀ ਨਹੀਂ ਹੋਵੇਗੀ।

ਉਹਨਾਂ ਆਖਿਆ ਕਿ ਪੰਜਾਬ ਤੋਂ ਸ਼ੁਰੂ ਹੋਇਆ ਇਹ ਕਿਸਾਨ ਅੰਦੋਲਨ ਹੁਣ ਪੂਰੇ ਮੁਲਕ ਦੇ ਜਨ ਅੰਦੋਲਨ ‘ਚ ਵਟ ਗਿਆ ਹੈ। ਉਹਨਾਂ ਆਖਿਆ ਕਿ ਕੇਂਦਰ ਸਰਕਾਰ ਨਾਲ਼ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਤਿੰਨੇ ਖੇਤੀ ਕਾਨੂੰਨਾਂ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਕਰਨ ਵਾਲਾ ਆਰਡੀਨੈਂਸ ਰੱਦ ਕਰਨ , ਸਾਰੇ ਸੂਬਿਆਂ ‘ਚ ਘੱਟੋ-ਘੱਟ ਘੱਟ ਖਰੀਦ ਮੁੱਲ ‘ਤੇ ਸਰਕਾਰੀ ਖਰੀਦ ਨੂੰ ਸੰਵਿਧਾਨਕ ਦਰਜਾ ਦੇਣ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਮੰਗ ਵੀ ਕੀਤੀ ਜਾਵੇਗੀ। ਟਿੱਕਰੀ ਬਾਰਡਰ ਤੇ ਲੱਗੇ ਇਸ ਮੋਰਚੇ ‘ਚ ਅੱਜ ਪੰਜਾਬ ਤੇ ਹਰਿਆਣਾ ਦੇ 11 ਕਿਸਾਨਾਂ ਵੱਲੋਂ ਭੁੱਖ ਹੜਤਾਲ ਵੀ ਕੀਤੀ ਗਈ।

ਇਸ ਮੌਕੇ ਹਰਿਆਣਾ ਤੋਂ ਕਿਸਾਨ ਸਭਾ ਜੀਂਦ ਦੇ ਆਗੂ ਜੋਗੀ ਰਾਮ ਨੇ ਆਖਿਆ ਕਿ ਭਾਜਪਾ ਹਕੂਮਤ ਵਲੋਂ ਐਸ ਵਾਈ ਐਲ ਨਹਿਰ ਦਾ ਮੁੱਦਾ ਉਠਾਕੇ ਇਸ ਘੋਲ ‘ਚ ਫੁੱਟ ਪਾਉਣ ਦੀ ਚਾਲਾਂ ਨੂੰ ਕਿਸਾਨ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਬੀਕੇਯੂ ਏਕਤਾ ਉਗਰਾਹਾਂ ਦੇ ਔਰਤ ਵਿੰਗ ਦੀ ਆਗੂ ਬਲਜੀਤ ਕੌਰ ਭੱਠਲ ਨੇ ਸੰਬੋਧਨ ਕਰਦਿਆਂ ਇੱਕ ਮਹੀਨੇ ਤੋਂ ਵਧੇਰੇ ਸਮਾਂ ਬੀਤਣ ਅਤੇ ਭਾਰੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਔਰਤਾਂ ਦੇ ਮੋਰਚੇ ‘ਤੇ ਡਟੇ ਹੋਣ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਵਾਰੇ ਨਿਆਰੇ ਕਰਨ ਲਈ ਅੰਨਦਾਤੇ ਤੇ ਔਰਤਾਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਰਹੀ ਹੈ।

ਇਸ ਇਕੱਠ ਨੂੰ ਕਮਲਜੀਤ ਕੌਰ ਨਿਆਲ, ਸੁਖਵਿੰਦਰ ਕੌਰ , ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਹਰਜਿੰਦਰ ਸਿੰਘ ਬੱਗੀ ਤੇ ਬਸੰਤ ਸਿੰਘ ਕੋਠਾਗੁਰੂ ਤੇ ਸੰਦੀਪ ਸਿੰਘ ਘਰਾਚੋਂ ਤੋਂ ਇਲਾਵਾ ਪੀ ਐਸ ਯੂ ਸ਼ਹੀਦ ਰੰਧਾਵਾ ਦੀ ਆਗੂ ਕਾਜਲ ਮੂਣਕ, ਆਸ਼ਾ ਵਰਕਰ ਯੂਨੀਅਨ ਦੀ ਆਗੂ ਬਲਵਿੰਦਰ ਕੌਰ, ਠੇਕਾ ਮੁਲਾਜ਼ਮ ਮੋਰਚੇ ਦੇ ਆਗੂ ਜਗਰੂਪ ਸਿੰਘ ,ਟੀਚਰ ਐਸੋਸੀਏਸ਼ਨ ਦੇ ਆਗੂ ਕੁਲਵਿੰਦਰ ਸਿੰਘ, ਹੈਡੀਕੈਪਟ ਯੂਨੀਅਨ ਅਜ਼ਾਦ ਦੇ ਆਗੂ ਚਮਕੌਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਨਪ੍ਰੀਤ ਸਿੰਘ ਸਿੰਘੇਵਾਲਾ ਦੀ ਨਿਰਦੇਸ਼ਨਾ ਹੇਠ ਨਾਟਕ ਟੀਮ ਵੱਲੋਂ ਨਾਟਕ ਵੀ ਪੇਸ਼ ਕੀਤੇ ਗਏ।