ਪੰਜਾਬ ਤੋਂ ਬਾਅਦ ਹੁਣ ਹਰਿਆਣਾ ਚ’ ਬੀਜੇਪੀ ਨੂੰ ਲੱਗਾ ਇਹ ਵੱਡਾ ਝੱਟਕਾ-ਸਰਕਾਰ ਦੇ ਵੀ ਉੱਡੇ ਹੋਸ਼,ਦੇਖੋ ਤਾਜ਼ਾ ਖ਼ਬਰ

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਨਾਲ ਬੀਜੇਪੀ ਨੂੰ ਪੰਜਾਬ ਦੇ ਨਾਲ-ਨਾਲ ਹਰਿਆਣਾ ਵਿੱਚ ਵੱਡਾ ਝਟਕਾ ਲੱਗਾ ਹੈ। ਹਰਿਆਣਾ ਦੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਬੀਜੇਪੀ ਦੇ ਹੋਸ਼ ਉਡਾ ਦਿੱਤੇ ਹਨ। ਦੂਜੀ ਵਾਰ ਸੱਤਾ ਵਿੱਚ ਹੋਣ ਦੇ ਬਾਵਜੂਦ ਸ਼ਹਿਰੀ ਵੋਟਰਾਂ ਨੇ ਪਾਰਟੀ ਨੂੰ ਬੁਰੀ ਤਰ੍ਹਾਂ ਨਾਕਾਰ ਦਿੱਤਾ ਹੈ। ਚੋਣਾਂ ਵਿੱਤ ਬੀਜੇਪੀ ਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਗੱਠਜੋੜ ਦੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਤਿੰਨ ਮੇਅਰਾਂ ਦੀ ਚੋਣ ਵਿੱਚ ਬੀਜੇਪੀ ਨੂੰ ਦੋ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਿਰਫ ਇੱਕ ਪੰਚਕੂਲਾ ਦੀ ਸੀਟ ਹੀ ਬੀਜੇਪੀ ਹਾਸਲ ਕਰ ਸਕੀ ਹੈ ਤੇ ਉਹ ਵੀ ਬਹੁਤ ਥੋੜ੍ਹੀਆਂ ਵੋਟਾਂ ਦੇ ਫਰਕ ਨਾਲ। ਪੰਚਕੂਲਾ ਨਿਗਮ ਚੋਣਾਂ ਵਿੱਚ ਬੀਜੇਪੀ ਦੇ ਮੇਅਰ ਅਹੁਦੇ ਲਈ ਉਮੀਦਵਾਰ ਕੁਲਭੂਸ਼ਨ ਗੋਇਲ ਨੇ ਕਾਂਗਰਸ ਦੇ ਉਮੀਦਾਰ ਉਪਿੰਦਰ ਆਹਲੂਵਾਲੀਆ ਨੂੰ 2057 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਨ੍ਹਾਂ ਚੋਣਾਂ ਵਿੱਚ ਗੋਇਲ ਨੂੰ 49,860 ਅਤੇ ਆਹਲੂਵਾਲੀਆ ਨੂੰ 47,803 ਵੋਟਾਂ ਪਈਆਂ।

ਰਿਵਾੜੀ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਵਿੱਚ ਤਾਂ ਬੀਜੇਪੀ ਉਮੀਦਵਾਰ ਦੀ ਜਿੱਤ ਹੋਈ ਪਰ ਮਿਉਂਸਿਪਲ ਕਮੇਟੀ ਸਾਂਪਲਾ, ਧਰੂਹੇੜਾ ਤੇ ਉਕਲਾਣਾ ਵਿੱਚ ਬੀਜੇਪੀ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪਿਆ। ਅੰਬਾਲਾ ਵਿੱਚ ਹਰਿਆਣਾ ਜਨ ਚੇਤਨਾ ਪਾਰਟੀ ਦੀ ਉਮੀਦਵਾਰ ਸ਼ਕਤੀ ਰਾਣੀ ਸ਼ਰਮਾ ਨੇ ਭਾਜਪਾ ਉਮੀਦਵਾਰ ਵੰਦਨਾ ਸ਼ਰਮਾ ਨੂੰ 7 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਜਦਕਿ ਸੋਨੀਪਤ ਵਿੱਚ ਕਾਂਗਰਸੀ ਉਮੀਦਵਾਰ ਨਿਖਿਲ ਮਦਾਨ ਨੇ 55,340 ਵੋਟਾਂ ਹਾਸਲ ਕੀਤੀਆਂ ਹਨ ਤੇ ਭਾਜਪਾ ਉਮੀਦਵਾਰ ਲਲਿਤ ਬੱਤਰਾ ਨੂੰ 13 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।

ਨਗਰ ਕੌਂਸਲ ਚੋਣਾਂ ਰਿਵਾੜੀ ਵਿੱਚ ਭਾਜਪਾ ਉਮੀਦਵਾਰ ਪੂਨਮ ਯਾਦਵ ਨੇ ਆਜ਼ਾਦ ਉਮੀਦਵਾਰ ਉਪਮਾ ਯਾਦਵ ਨੂੰ 2087 ਵੋਟਾਂ ਨਾਲ ਹਰਾਇਆ ਹੈ ਜਦਕਿ ਕਾਂਗਰਸ ਤੀਜੇ ਸਥਾਨ ’ਤੇ ਰਹੀ ਹੈ। ਮਿਉਂਸਿਪਲ ਕਮੇਟੀ ਉਲਕਾਣਾ ਦੇ ਪ੍ਰਧਾਨ ਦੀ ਚੋਣ ਵਿੱਚ ਆਜ਼ਾਦ ਉਮੀਦਵਾਰ ਸੁਸ਼ੀਲ ਸਾਹੂ ਨੇ ਭਾਜਪਾ ਤੇ ਜੇਜੇਪੀ ਦੇ ਉਮੀਦਵਾਰ ਮਹਿੰਦਰ ਸੋਨੀ ਨੂੰ ਹਰਾਇਆ ਹੈ। ਸਾਂਪਲਾ ਵਿੱਚ ਆਜ਼ਾਦ ਉਮੀਦਵਾਰ ਪੂਜਾ ਤੇ ਧਰੂਹੇੜਾ ਤੋਂ ਆਜ਼ਾਦ ਉਮੀਦਵਾਰ ਕੰਵਰ ਸਿੰਘ ਨੇ ਭਾਜਪਾ ਉਮੀਦਵਾਰ ਸੰਦੀਪ ਵੋਹਰਾ ਨੂੰ 632 ਵੋਟਾਂ ਨਾਲ ਹਰਾਇਆ ਹੈ।

ਯਾਦ ਰਹੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੂਬੇ ਵਿੱਚ ਕਿਸਾਨ ਅੰਦੋਲਨ ਦਾ ਬਹੁਤਾ ਅਸਰ ਨਾ ਹੋਣ ਬਾਰੇ ਕਈ ਵਾਰ ਕਹਿ ਚੁੱਕੇ ਹਨ ਪਰ ਚੋਣ ਨਤੀਜੇ ਦਰਸਾਉਂਦੇ ਹਨ ਕਿ ਹਰਿਆਣਾ ਦੇ ਪਿੰਡਾਂ ਦੇ ਹੀ ਨਹੀਂ ਸਗੋਂ ਸ਼ਹਿਰਾਂ ਦੇ ਲੋਕਾਂ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ ਹੈ। ਸੂਬੇ ਦੇ ਕਰੀਬ ਹਰ ਤਬਕੇ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਸਮਾਗਮਾਂ ਦਾ ਵੀ ਵਿਰੋਧ ਕਰ ਰਹੀਆਂ ਹਨ।