ਮਟਿੰਗ ਤੋਂ ਪਹਿਲਾਂ ਖੇਤੀ ਮੰਤਰੀ ਤੋਮਰ ਕਹਿ ਗਏ ਵੱਡੀ ਗੱਲ,ਕਿਸਾਨਾਂ ਦੇ ਐਲਾਨ ਮਗਰੋਂ ਦਿੱਤਾ ਇਹ ਸੰਕੇਤ-ਦੇਖੋ ਤਾਜ਼ਾ ਖ਼ਬਰ

ਸਰਕਾਰ ਤੇ ਅੰਦੋਲਨਕਾਰੀ ਕਿਸਾਨਾਂ ਵਿਚਾਲੇ ਅੱਜ 8ਵੇਂ ਗੇੜ ਦੀ ਗੱਲਬਾਤ ਹੋ ਰਹੀ ਹੈ। ਉਸ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਆਸ ਪ੍ਰਗਟਾਈ ਕਿ ਦੋਵੇਂ ਧਿਰਾਂ ਅੱਜ ਜ਼ਰੂਰ ਕਿਸੇ ਹਾਂਪੱਖੀ ਹੱਲ ’ਤੇ ਪੁੱਜ ਜਾਣਗੀਆਂ। ਏਐਨਆਈ ਦੀ ਰਿਪੋਰਟ ਅਨੁਸਾਰ ਤੋਮਰ ਨੇ ਕਿਹਾ, ‘ਬੈਠਕ ਮੇਂ ਸਭੀ ਵਿਸ਼ਿਓਂ ਪਰ ਚਰਚਾ ਹੋਗੀ।’

ਕੇਂਦਰੀ ਮੰਤਰੀ ਨੇ ਕਿਹਾ ਕਿ ਜੇ ਕਿਸਾਨ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕਰਨ ਦੀ ਆਪਣੀ ਮੰਗ ਉੱਤੇ ਅੜੇ ਰਹੇ, ਤਾਂ ਇਨ੍ਹਾਂ ਕਾਨੂੰਨਾਂ ਦੀ ਹਰੇਕ ਧਾਰਾ ਉੱਤੇ ਵਾਰੀ ਸਿਰ ਵਿਚਾਰ-ਵਟਾਂਦਰਾ ਕਰਨ ਦਾ ਯਤਨ ਕੀਤਾ ਜਾਵੇਗਾ।

ਕੇਂਦਰੀ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਨਾਲ ਕ੍ਰਿਸ਼ੀ ਭਵਨ ਲਈ ਰਵਾਨਾ ਹੁੰਦਿਆਂ ਤੋਮਰ ਨੇ ਕਿਹਾ ਕਿ ਉਹ ਹਰੇਕ ਗੇੜ ਦੀ ਗੱਲਬਾਤ ਦੌਰਾਨ ਮਸਲੇ ਦਾ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗੱਲਬਾਤ ’ਚ ਅੱਜ ਜ਼ਰੂਰ ਸਫ਼ਲਤਾ ਮਿਲੇਗੀ।

ਅੱਜ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਕੁਝ ਮਿੰਟ ਪਹਿਲਾਂ ਦੁਪਹਿਰੇ 2:00 ਵਜੇ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਕਿ ਹੁਣ ਤੱਕ ਅੰਦੋਲਨ ਦੌਰਾਨ 60 ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

‘ਹਰੇਕ 16 ਘੰਟਿਆਂ ਪਿੱਛੋਂ ਇੱਕ ਕਿਸਾਨ ਦੀ ਜਾਨ ਜਾ ਰਹੀ ਹੈ ਤੇ ਇਸ ਸਭ ਦੀ ਜ਼ਿੰਮੇਵਾਰੀ ਸਰਕਾਰ ਉੱਤੇ ਆਉਂਦੀ ਹੈ।’ ਕਿਸਾਨ ਇਸ ਵੇਲੇ ਦਿੱਲੀ ਦੇ ਵੱਖੋ-ਵੱਖਰੇ ਬਾਰਡਰਾਂ ਉੱਤੇ ਧਰਨੇ ਉੱਤੇ ਬੈਠੇ ਹਨ।