ਅਗਲੀ ਮੀਟਿੰਗ ਤੋਂ ਪਹਿਲਾਂ ਖੇਤੀ ਮੰਤਰੀ ਨੇ ਕਿਸਾਨ ਅੰਦੋਲਨ ਬਾਰੇ ਕਰਤਾ ਵੱਡਾ ਦਾਅਵਾ-ਦੇਖੋ ਤਾਜ਼ਾ ਖ਼ਬਰ

ਕੇਂਦਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਸਬੰਧੀ ਕਿਸਾਨ ਆਗੂਆਂ ਤੇ ਸਰਕਾਰ ਵਿਚਾਲੇ ਅੱਠਵੇਂ ਗੇੜ ਦੀ ਗੱਲਬਾਤ ਭਾਵੇਂ ਬੇਸਿੱਟਾ ਰਹੀ ਹੈ ਪਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਆਸ ਹੈ ਕਿ ਗੱਲਬਾਤ ਦੇ ਨੌਵੇਂ ਗੇੜ ਵਿੱਚ ਮਸਲੇ ਦਾ ਹੱਲ ਜ਼ਰੂਰ ਨਿਕਲੇਗਾ।

ਤੋਮਰ ਨੇ ਹੁਣ ਆਸ ਪ੍ਰਗਟਾਈ ਹੈ ਕਿ ਕੋਈ ਬਦਲਵਾਂ ਰਾਹ ਜ਼ਰੂਰ ਮਿਲੇਗਾ ਤੇ ਅਸੀਂ ਮਸਲੇ ਦੇ ਹੱਲ ਵੱਲ ਵਧਾਂਗੇ। ਕਿਸਾਨਾਂ ਨਾਲ ਸਰਕਾਰ ਦੀ ਅਗਲੀ ਮੀਟਿੰਗ 15 ਜਨਵਰੀ ਨੂੰ ਹੋਣੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਹੁਣ ਮਸਲੇ ਦਾ ਜਲਦ ਤੋਂ ਜਲਦ ਹੱਲ ਕੱਢਣਾ ਚਾਹੁੰਦੀ ਹੈ ਪਰ ਕਾਨੂੰਨ ਪੂਰੀ ਤਰਾਂ ਵਾਪਸ ਲੈਣ ਦੇ ਰੌਂਅ ਵਿੱਚ ਨਹੀਂ।

ਉਧਰ, ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਇਲਜ਼ਾਮ ਲਾਇਆ ਹੈ ਕਿ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਸਰਕਾਰੀ ਏਜੰਸੀਆਂ ਨੇ ਆਪਣੇ ਲੋਕ ਸਰਗਰਮ ਕਰ ਦਿੱਤੇ ਹਨ ਤੇ ਆਰਐਸਐਸ ਦੇ ਲੋਕਾਂ ਨੂੰ ਕਿਸਾਨ ਹੀ ਬੇਨਕਾਬ ਕਰ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਅੰਬਾਨੀ, ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਪੱਖੀ ਇਹ ਸਰਕਾਰ ਕਿਸਾਨਾਂ ਦੇ ਅੰਦੋਲਨ ਤੋਂ ਘਬਰਾ ਚੁੱਕੀ ਹੈ।

ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਬੀਜੇਪੀ ਲੀਡਰ ਕਿਸਾਨਾਂ ਲਈ ਮੰਦੀ ਭਾਸ਼ਾ ਵਰਤ ਰਹੇ ਹਨ ਤੇ ਉਨ੍ਹਾਂ ’ਤੇ ਬੇਬੁਨਿਆਦ ਦੋਸ਼ ਲਾ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਹਰ ਪ੍ਰਭਾਵਸ਼ਾਲੀ ਵਿਅਕਤੀ ਜਿਸ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਹੈ, ਨੂੰ ਸਰਕਾਰੀ ਏਜੰਸੀ ਨਿਸ਼ਾਨਾ ਬਣਾ ਰਹੀਆਂ ਹਨ। ਹਾਲ ਹੀ ਵਿੱਚ ਪੰਜਾਬੀ ਕਲਾਕਾਰ ਤੇ ਕਿਸਾਨ ਐਂਥਮ ਦੇ ਲੇਖਕ ਸ੍ਰੀ ਬਰਾੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।