ਅੱਜ ਤੋਂ ਲੋਕਾਂ ਨੂੰ ਲੱਗਣਗੇ ਮਹਿੰਗਾਈ ਦੇ ਵੱਡੇ ਝੱਟਕੇ ਕਿਉਂਕਿ ਬਿਜਲੀ ਤੇ ਦੁੱਧ ਸਮੇਤ ਮਹਿੰਗੀਆਂ ਹੋਣ ਜਾ ਰਹੀਆਂ ਹਨ ਚੀਜ਼ਾਂ

ਇਸ  ਸਾਲ ਦਾ ਅਪ੍ਰੈਲ ਮਹੀਨਾ ਆਮ ਲੋਕਾਂ ਲਈ ਬਹੁਤ ਸਾਰੀਆਂ ਚੁਣੌਤੀਆਂ ਲੈ ਕੇ ਆ ਰਿਹਾ ਹੈ। ਇਸ ਮਹੀਨੇ ਆਮ ਆਦਮੀ ਦੀ ਜੇਬ ਉੱਤੇ ਵਧੇਰੇ ਬੋਝ ਪਏਗਾ। ਇਕ ਪਾਸੇ ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ ਉਥੇ ਆਮ ਵਰਤੋਂ ਦੀਆਂ ਚੀਜ਼ਾਂ ਜਿਵੇਂ ਦੁੱਧ , ਏਅਰ ਕੰਡੀਸ਼ਨਰ (ਏ.ਸੀ.), ਪੱਖਾ, ਟੀ.ਵੀ. , ਸਮਾਰਟਫੋਨਾਂ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹੁਣ ਤੁਹਾਨੂੰ ਹਵਾਈ ਕਿਰਾਏ ਤੋਂ ਲੈ ਕੇ ਟੋਲ ਟੈਕਸ ਅਤੇ ਬਿਜਲੀ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਵਧੇਰੇ ਭੁਗਤਾਨ ਕਰਨਾ ਪਏਗਾ। ਆਓ ਜਾਣਦੇ ਹਾਂ ਕਿ 1 ਅਪ੍ਰੈਲ ਤੋਂ ਕੀ ਮਹਿੰਗਾ ਹੋਏਗਾ ਅਤੇ ਇਸਦੇ ਲਈ ਤੁਹਾਨੂੰ ਕਿੰਨੇ ਪੈਸੇ ਦੇਣੇ ਪੈਣਗੇ।

ਵਧਣਗੀਆਂ ਦੁੱਧ ਦੀਆਂ ਕੀਮਤਾਂ  – ਵਪਾਰੀਆਂ ਨੇ ਦੁੱਧ ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ। ਕਿਸਾਨਾਂ ਨੇ ਕਿਹਾ ਸੀ ਕਿ ਦੁੱਧ ਦੀ ਕੀਮਤ 55 ਰੁਪਏ ਪ੍ਰਤੀ ਲੀਟਰ ਹੋਣੀ ਚਾਹੀਦੀ ਹੈ। ਪਰ ਵਪਾਰੀਆਂ ਦਾ ਕਹਿਣਾ ਹੈ ਕਿ ਉਹ ਦੁੱਧ ਦੀ ਕੀਮਤ ਵਿਚ ਸਿਰਫ 3 ਰੁਪਏ ਦਾ ਵਾਧਾ ਕਰਨਗੇ। ਵਧੀਆਂ ਹੋਈਆਂ ਕੀਮਤਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਭਾਵ 1 ਅਪ੍ਰੈਲ ਤੋਂ ਤੁਹਾਨੂੰ ਪ੍ਰਤੀ ਲੀਟਰ ਦੁੱਧ ਲਈ ਵਧੇਰੇ ਭੁਗਤਾਨ ਕਰਨਾ ਪਵੇਗਾ।

ਮਹਿੰਗੀ ਪਵੇਗੀ  ਐਕਸਪ੍ਰੈਸ ਵੇਅ ‘ਤੇ ਯਾਤਰਾ ਕਰਨੀ  – ਆਗਰਾ-ਲਖਨਊ ਐਕਸਪ੍ਰੈਸ ਵੇਅ ‘ਤੇ ਯਾਤਰਾ ਕਰਨਾ ਵਧੇਰੇ ਮਹਿੰਗਾ ਹੋਣ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਐਕਸਪ੍ਰੈਸ ਵੇਅ ਉਦਯੋਗਿਕ ਵਿਕਾਸ ਅਥਾਰਟੀ ਬੋਰਡ ਨੇ ਸਾਲ 2021-22 ਲਈ ਨਵੀਆਂ ਦਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਘੱਟੋ ਘੱਟ 5 ਰੁਪਏ ਅਤੇ ਵੱਧ ਤੋਂ ਵੱਧ 25 ਰੁਪਏ ਦਾ ਵਾਧਾ ਹੋਇਆ ਹੈ। ਨਵੀਂਆਂ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ।

ਵਧਣ ਜਾ ਰਹੀਆਂ ਹਨ ਬਿਜਲੀ ਦੀਆਂ ਕੀਮਤਾਂ – ਬਿਜਲੀ ਵਿਭਾਗ 1 ਅਪ੍ਰੈਲ ਤੋਂ ਬਿਹਾਰ ਦੇ ਲੋਕਾਂ ਨੂੰ ਝਟਕਾ ਦੇਣ ਦੀ ਤਿਆਰੀ ਕਰ ਰਿਹਾ ਹੈ। ਬਿਹਾਰ ਵਾਸੀਆਂ ਨੂੰ ਅਗਲੇ ਮਹੀਨੇ ਤੋਂ ਬਿਜਲੀ ਦੀਆਂ ਵਧੀਆਂ ਹੋਈਆਂ ਦਰਾਂ ਮੁਤਾਬਕ ਭੁਗਤਾਨ ਕਰਨਾ ਪਵੇਗਾ। ਬਿਜਲੀ ਵਿਭਾਗ ਅਨੁਸਾਰ ਦੱਖਣੀ ਅਤੇ ਉੱਤਰ ਬਿਹਾਰ ਪਾਵਰ ਡਿਸਟ੍ਰੀਬਿਊਸ਼ਨ ਕੰਪਨੀ ਨੇ ਬਿਜਲੀ ਦਰ ਨੂੰ 9 ਤੋਂ 10 ਪ੍ਰਤੀਸ਼ਤ ਤੱਕ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ। ਜੇ ਬਿਹਾਰ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਲੈਂਦਾ ਹੈ ਤਾਂ ਖਪਤਕਾਰਾਂ ‘ਤੇ ਮਹਿੰਗਾਈ ਦਾ ਬੋਝ ਵਧਣ ਦੇ ਸੰਕੇਤ ਹਨ।

ਅਪ੍ਰੈਲ ਤੋਂ ਹਵਾਈ ਯਾਤਰਾ ਹੋ ਜਾਵੇਗੀ ਮਹਿੰਗੀ – ਜੇ ਤੁਸੀਂ ਅਕਸਰ ਹਵਾਈ ਉਡਾਣ ਰਾਹੀਂ ਯਾਤਰਾ ਕਰਦੇ ਹੋ, ਤਾਂ ਇਹ ਤੁਹਾਡੇ ਲਈ ਝਟਕਾ ਹੈ। ਜਲਦੀ ਹੀ ਤੁਹਾਨੂੰ ਹਵਾਈ ਯਾਤਰਾ ਲਈ ਵਧੇਰੇ ਭੁਗਤਾਨ ਕਰਨਾ ਪਏਗਾ। ਕੇਂਦਰ ਸਰਕਾਰ ਨੇ ਘਰੇਲੂ ਉਡਾਣਾਂ ਦੇ ਕਿਰਾਏ ਦੀ ਘੱਟ ਸੀਮਾ ਨੂੰ 5 ਪ੍ਰਤੀਸ਼ਤ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ 1 ਅਪ੍ਰੈਲ ਤੋਂ ਹਵਾਬਾਜ਼ੀ ਸੁਰੱਖਿਆ ਫੀਸ (Aviation Security Fees) ਵਿਚ ਵੀ ਵਾਧਾ ਹੋਣ ਜਾ ਰਿਹਾ ਹੈ। 1 ਅਪ੍ਰੈਲ ਤੋਂ ਘਰੇਲੂ ਉਡਾਣਾਂ ਲਈ ਹਵਾਬਾਜ਼ੀ ਸੁਰੱਖਿਆ ਫੀਸ 200 ਰੁਪਏ ਹੋਵੇਗੀ। ਮੌਜੂਦਾ ਸਮੇਂ ਫ਼ੀਸ 160 ਰੁਪਏ ਹੈ।

ਅੰਤਰਰਾਸ਼ਟਰੀ ਉਡਾਣਾਂ ਬਾਰੇ ਗੱਲ ਕਰੀਏ ਤਾਂ ਇਨ੍ਹਾਂ ਲਈ ਫੀਸ 5.2 ਡਾਲਰ ਤੋਂ ਵਧ ਕੇ 12 ਡਾਲਰ ਹੋ ਜਾਵੇਗੀ। ਇਹ ਨਵੀਆਂ ਦਰਾਂ 1 ਅਪ੍ਰੈਲ 2021 ਤੋਂ ਜਾਰੀ ਕੀਤੀਆਂ ਟਿਕਟਾਂ ‘ਤੇ ਲਾਗੂ ਹੋਣਗੀਆਂ। 1 ਅਪ੍ਰੈਲ, 2021 ਤੋਂ ਟੈਲੀਵਿਜ਼ਨ ਦੀ ਕੀਮਤ 2000 ਤੋਂ ਲੈ ਕੇ 3000 ਰੁਪਏ ਤੱਕ ਵਧ ਸਕਦੀ ਹੈ। ਇਹ ਵੀ ਉਸ ਸਮੇਂ ਅਜਿਹਾ ਹੋ ਰਿਹਾ ਹੈ ਜਦੋਂ ਪਿਛਲੇ 8 ਮਹੀਨਿਆਂ ਵਿਚ ਹੀ ਕੀਮਤਾਂ ਵਿਚ 3 ਤੋਂ 4 ਹਜ਼ਾਰ ਰੁਪਏ ਤੱਕ ਦਾ ਵਾਧਾ ਹੋਇਆ ਹੈ। ਇਸ ਦੇ ਮੱਦੇਨਜ਼ਰ ਟੀ.ਵੀ. ਨਿਰਮਾਤਾਵਾਂ ਨੇ ਪੀ.ਐਲ.ਆਈ. ਸਕੀਮਾਂ ਵਿਚ ਟੀ.ਵੀ. ਨੂੰ ਵੀ ਲਿਆਉਣ ਦੀ ਮੰਗ ਵੀ ਕੀਤੀ ਹੈ। 1 ਅਪ੍ਰੈਲ 2021 ਤੋਂ ਟੀ.ਵੀ. ਦੀ ਕੀਮਤ ਘੱਟੋ-ਘੱਟ 2 ਤੋਂ 3 ਹਜ਼ਾਰ ਰੁਪਏ ਵਧੇਗੀ।

ਏ.ਸੀ., ਫਰਿੱਜ, ਕੂਲਰ ਵੀ ਹੋਣਗੇ ਮਹਿੰਗੇ  – ਜੇ ਤੁਸੀਂ ਇਸ ਸਾਲ ਗਰਮੀਆਂ ਦੇ ਮੌਸਮ ਵਿਚ AC (ਏਅਰ-ਕੰਡੀਸ਼ਨਰ) ਜਾਂ ਫਰਿੱਜ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਵੱਡਾ ਝਟਕਾ ਲੱਗ ਸਕਦਾ ਹੈ। ਅਪ੍ਰੈਲ ਤੋਂ ਏ.ਸੀ. ਕੰਪਨੀਆਂ ਕੀਮਤਾਂ ਵਧਾਉਣ ਦੀ ਯੋਜਨਾ ਬਣਾ ਰਹੀਆਂ ਹਨ। ਕੰਪਨੀਆਂ ਕੱਚੇ ਮਾਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਏ.ਸੀ. ਦੀ ਕੀਮਤ ਵਿਚ ਵਾਧਾ ਕਰਨ ਦੀ ਤਿਆਰੀ ਕਰ ਰਹੀਆਂ ਹਨ। ਏ.ਸੀ. ਬਣਾਉਣ ਵਾਲੀਆਂ ਕੰਪਨੀਆਂ ਕੀਮਤਾਂ ਵਿਚ 4-6 ਪ੍ਰਤੀਸ਼ਤ ਵਾਧਾ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਭਾਵ ਏ.ਸੀ. ਪ੍ਰਤੀ ਯੂਨਿਟ ਦੀ ਕੀਮਤ 1500 ਰੁਪਏ ਤੋਂ 2000 ਰੁਪਏ ਤੱਕ ਵੱਧ ਸਕਦੀ ਹੈ।

ਕਾਰ ਵੀ ਹੋਣ ਜਾ ਰਹੀ ਹੈ ਮਹਿੰਗੀ – ਜੇ ਤੁਸੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਮਾਰਚ ਤੁਹਾਡੇ ਲਈ ਸਹੀ ਮਹੀਨਾ ਰਹੇਗਾ ਕਿਉਂਕਿ ਅਪ੍ਰੈਲ ਵਿਚ ਤੁਹਾਨੂੰ ਕਾਰ ਖਰੀਦਣਾ ਮਹਿੰਗਾ ਪੈ ਸਕਦਾ ਹੈ। ਜਾਪਾਨੀ ਕੰਪਨੀ ਨਿਸਾਨ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿਚ ਵਾਧੇ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਨਿਸਾਨ ਨੇ ਆਪਣੇ ਦੂਸਰੇ ਬ੍ਰਾਂਡ ਡੈਟਸਨ ਦੀ ਕੀਮਤ ਵਿਚ ਵੀ ਵਾਧੇ ਦਾ ਐਲਾਨ ਕੀਤਾ ਹੈ। ਨਿਸਾਨ ਦੀਆਂ ਕਾਰਾਂ ਤੋਂ ਇਲਾਵਾ 1 ਅਪ੍ਰੈਲ ਤੋਂ Renault Kiger ਜੋ ਕਿ ਦੇਸ਼ ਦੀ ਸਭ ਤੋਂ ਸਸਤੀ ਕੰਪੈਕਟ ਐਸਯੂਵੀ ਹੈ, ਵੀ ਮਹਿੰਗੀ ਹੋਣ ਜਾ ਰਹੀ ਹੈ। ਖੇਤੀਬਾੜੀ ਉਪਕਰਣ ਨਿਰਮਾਤਾ ਕੰਪਨੀ ਐਸਕੋਰਟਸ ਲਿਮਟਿਡ ਦੀ ਐਸਕੋਰਟਸ ਐਗਰੀ ਮਸ਼ੀਨਰੀ ਡਿਵੀਜ਼ਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਗਲੇ ਮਹੀਨੇ ਤੋਂ ਟਰੈਕਟਰਾਂ ਦੀ ਕੀਮਤ ਵਿਚ ਵਾਧਾ ਕਰੇਗੀ।

Leave a Reply

Your email address will not be published.