ਕੀ ਦੇਸ਼ ਚ’ ਮੁੜ ਤੋਂ ਲੱਗੇਗਾ ਲੌਕਡਾਊਨ ?ਪੀਐਮ ਮੋਦੀ ਨੇ ਕੀਤਾ ਸਪਸ਼ਟ,ਦੇਖੋ ਪੂਰੀ ਖ਼ਬਰ

ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸੇ ਮਾਮਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਮੁੱਖ ਮੰਤਰੀਆਂ ਤੇ ਪ੍ਰਸ਼ਾਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਲੇ ਮੁਕੰਮਲ ਲੌਕਡਾਊਨ ਲਾਉਣ ਵਾਲੀ ਹਾਲਤ ਨਹੀਂ। ‘ਦਵਾਈ ਭੀ ਔਰ ਕੜਾਈ ਭੀ’ (ਦਵਾਈ ਵੀ ਤੇ ਸਖ਼ਤੀ ਵੀ) ਦੋਵਾਂ ਦੀ ਜ਼ਰੂਰਤ ਹੈ।

ਇਸ ਮੀਟਿੰਗ ਦੌਰਾਨ ਭਾਰਤ ’ਚ ਕੋਰੋਨਾ ਮਹਾਮਾਰੀ ਦੀ ਤਾਜ਼ਾ ਸਥਿਤੀ ਦੀ ਸਮੀਖਿਆ ਕੀਤੀ ਗਈ। ਇਸ ਵਾਇਰਸ ਦੀ ਲਾਗ ਫੈਲਣ ਤੋਂ ਰੋਕਣ ਲਈ ਰਾਜਾਂ ਨੂੰ ਸਲਾਹ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਕੋਰੋਨਾ ਕਰਫ਼ਿਊ ਦੇ ਨਾਂ ’ਤੇ ਨਾਈਟ ਕਰਫ਼ਿਊ ਲਾਉਣ, ਟੈਸਟਿੰਗ ਵਧਾਉਣ, 11 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੱਕ ‘ਟੀਕਾ ਉਤਸਵ’ ਮਨਾਉਣ ਦਾ ਸੁਝਾਅ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਨੇ ਸਲਾਹ ਦਿੱਤੀ ਕਿ ਮਾਈਕ੍ਰੋ ਕੰਟੇਨਮੈਂਟ ਜ਼ੋਨ ਉੱਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ, ਸ਼ਹਿਰ ’ਚ ਛੋਟੇ-ਛੋਟੇ ਕੰਟੇਨਮੈਂਟ ਜ਼ੋਨ ਬਣਨ, ਸਾਰਾ ਫ਼ੋਕਸ ਮਾਈਕ੍ਰੋ ਕੰਟੇਨਮੈਂਟ ਜ਼ੋਨ ਉੱਤੇ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਨਾਈਟ ਕਰਫ਼ਿਊ ਨੂੰ ਪ੍ਰਭਾਵੀ ਦੱਸਦਿਆਂ ਰਾਜਾਂ ਨੂੰ ਸਲਾਹ ਦਿੱਤੀ ਕਿ ਇਸ ਨੂੰ ਕੋਰੋਨਾ ਕਰਫ਼ਿਊ ਵਜੋਂ ਲਾਗੂ ਕਰਨਾ ਚਾਹੀਦਾ ਹੈ। ਇਸ ਨਾਲ ਲੋਕਾਂ ’ਚ ਜਾਗਰੂਕਤਾ ਵਧੇਗੀ। ਉਨ੍ਹਾਂ ਕਿਹਾ ਕਿ ਹੁਣ ਸਾਡੇ ਕੋਲ ਵਸੀਲਿਆਂ ਦੇ ਨਾਲ-ਨਾਲ ਅਨੁਭਵ ਵੀ ਹੈ ਤੇ ਵੈਕਸੀਨ ਵੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵੈਕਸੀਨ ਤੋਂ ਜ਼ਿਆਦਾ ਟੈਸਟਿੰਗ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਅਸੀਂ ਟੈਸਟਿੰਗ ਭੁੱਲ ਕੇ ਵੈਕਸੀਨ ’ਤੇ ਚਲੇ ਗਏ ਹਾਂ। ਅਸੀਂ ਲੜਾਈ ਸਿਰਫ਼ ਟੈਸਟਿੰਗ ਨਾਲ ਜਿੱਤੀ ਸੀ, ਤਦ ਵੈਕਸੀਨ ਨਹੀਂ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਅਜਿਹੀ ਚੀਜ਼ ਹੈ, ਜਿਸ ਨੂੰ ਜਦੋਂ ਤੱਕ ਤੁਸੀਂ ਬਾਹਰੋਂ ਲੈ ਕੇ ਨਹੀਂ ਆਵੋਗੇ, ਤਦ ਤੱਕ ਉਹ ਨਹੀਂ ਆਵੇਗਾ। ਇਸ ਲਈ ਟੈਸਟਿੰਗ ਤੇ ਟ੍ਰੇਸਿੰਗ ਵਧਾਉਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਪਿਛਲੀ ਵਾਰ ਕੋਵਿਡ ਦਾ ਅੰਕੜਾ 10 ਲੱਖ ਐਕਟਿਵ ਮਾਮਲਿਆਂ ਤੋਂ ਸਵਾ ਲੱਖ ਐਕਟਿਵ ਮਾਮਲਿਆਂ ’ਤੇ ਲਿਆਂਦਾ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਤਜਰਬਾ ਇਹੋ ਕਹਿੰਦਾ ਹੈ ਕਿ ‘ਟੈਸਟ, ਟ੍ਰੈਕ, ਟ੍ਰੀਟ, ਕੋਵਿਡ ਲਈ ਵਾਜਬ ਵਿਵਹਾਰ ਤੇ ਮਹਾਮਾਰੀ ਰੋਕਣ ਲਈ ਪ੍ਰਬੰਧ ਇਨ੍ਹਾਂ ਚੀਜ਼ਾਂ ਉੱਤੇ ਅਸੀਂ ਜ਼ੋਰ ਦੇਣਾ ਹੈ।’ ਉਨ੍ਹਾਂ ਕਿਹਾ ਕਿ ਜਿੱਥੇ ਤੱਕ ਟ੍ਰੈਕਿੰਗ ਦਾ ਸੁਆਲ ਹੈ ਪ੍ਰਸ਼ਾਸਨਿਕ ਪੱਧਰ ਉੱਤੇ ਹਰੇਕ ਕੌਂਟੈਕਟ ਨੂੰ ਟ੍ਰੇਸ ਕਰਨਾ ਬਹੁਤ ਜ਼ਰੂਰੀ ਹੈ। ਸਾਨੂੰ ਹਰੇਕ ਪੀੜਤ ਦੇ ਸੰਪਰਕ ਵਿੱਚ ਆਏ ਘੱਟੋ-ਘੱਟ 30 ਵਿਅਕਤੀ ਟ੍ਰੇਸ ਕਰਨੇ ਚਾਹੀਦੇ ਹਨ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਰੋਨਾ ਵਿਰੁੱਧ ਜੰਗ ਵਿੱਚ ਸੁਸਤੀ ਨਹੀਂ ਆਉਣ ਦੇਣੀ। ਜਿਹੜੇ ਰਾਜਾਂ ਵਿੱਚ ਚੁਸਤੀ ਨਾਲ ਕੌਂਟੈਕਟ ਟ੍ਰੇਸਿੰਗ ਹੋ ਰਹੀ ਹੈ, ਉੱਥੇ ਚੰਗੀ ਕਾਮਯਾਬੀ ਮਿਲ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 11 ਅਪ੍ਰੈਲ ਨੂੰ ਜਿਓਤਿਬਾ ਫੂਲੇ ਜੀ ਦੀ ਜਯੰਤੀ ਹੈ, 14 ਅਪ੍ਰੈਲ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਹੈ। ਇਸ ਲਈ ਸਾਨੂੰ 11 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੱਕ ‘ਟੀਕਾ ਉਤਸਵ’ ਮਨਾਉਣਾ ਚਾਹੀਦਾ ਹੈ। ਇਸ ਦੌਰਾਨ ਵੈਕਸੀਨ ਦੀ ਕੋਈ ਬਰਬਾਦੀ ਨਾ ਹੋਵੇ। ਵੱਧ ਤੋਂ ਵੱਧ ਟੀਕਾਕਰਨ ਹੋਵੇ। ਇਸ ਨਾਲ ਸਮੁੱਚਾ ਮਾਹੌਲ ਬਦਲਣ ’ਚ ਮਦਦ ਮਿਲੇਗੀ। ਕੇਂਦਰ ਸਰਕਾਰ ਵੈਕਸੀਨ ਦੀ ਸਪਲਾਈ ਯਕੀਨੀ ਬਣਾਏਗੀ।

Leave a Reply

Your email address will not be published.