ਪਿਤਾ ਨੇ ਬੜੇ ਚਾਵਾਂ ਨਾਲ ‘ਏਅਰਫੋਰਸ’ ਦੇ ਅਧਿਕਾਰੀ ਨਾਲ ਵਿਆਹੀ ਸੀ ‘ਧੀ’, ਉਸੇ ਨੇ ਇਸ ਤਰਾਂ ਦਿੱਤੀ ਦਰਦਨਾਕ ਮੌਤ

ਅੰਮ੍ਰਿਤਸਰ ’ਚ ਨਵੀਂ ਵਿਆਹੀ ਇਕ ਕੁੜੀ ਦੇ ਚਾਵਾਂ ’ਤੇ ਪਾਣੀ ਉਦੋਂ ਫਿਰ ਗਿਆ, ਜਦੋਂ ਉਸ ਨੇ ਦਾਜ ਦੀ ਖ਼ਾਤਰ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਦੇ ਮਾਮਲੇ ਦਾ ਪਤਾ ਚੱਲਦੇ ਸਾਰ ਮੌਕੇ ’ਤੇ ਪੁੱਜੀ ਪੁਲਸ ਨੇ ਪੀੜਤ ਪਿਤਾ ਦੇ ਬਿਆਨਾਂ ’ਤੇ ਵਿਆਹੁਤਾ ਨੂੰ ਮਾਰਨ ਲਈ ਮਜ਼ਬੂਰ ਕਰਨ ਵਾਲੇ ਪਤੀ ਅਤੇ ਉਸ ਦੇ ਸਹੁਰੇ ਪਰਿਵਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਵਿਆਹੁਤਾ ਦੀ ਪਛਾਣ ਅਭੀਜੀਤਾ ਤੋਂ ਹੋਈ ਹੈ, ਜਿਸ ਦਾ ਵਿਆਹ ਜੂਨ 2019 ’ਚ ਭਾਰਤੀ ਏਅਰਫੋਰਸ ’ਚ ਕੰਮ ਕਰਨ ਵਾਲੇ ਇਕ ਨੌਜਵਾਨ ਤਪਸ ਰਾਜਨ ਨਾਲ ਹੋਇਆ ਸੀ।

ਮ੍ਰਿਤਕ ਵਿਆਹੁਤਾ ਦੇ ਪਿਤਾ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਕੁੜੀ ਦੇ ਵਿਆਹ ਦੌਰਾਨ ਉਨ੍ਹਾਂ ਨੂੰ ਆਪਣੀ ਹੈਸੀਅਤ ਦੇ ਹਿਸਾਬ ਨਾਲੋਂ ਵੱਧ ਦਾਜ ਦਿੱਤਾ ਸੀ। ਉਨ੍ਹਾਂ ਨੇ 3 ਲੱਖ ਰੁਪਏ, ਸੋਨਾ ਅਤੇ ਹੋਰ ਵੀ ਬਹੁਤ ਸਾਰਾ ਸਾਮਾਨ ਦਿੱਤਾ ਸੀ।

ਪਿਤਾ ਨੇ ਦੱਸਿਆ ਕਿ ਉਸ ਦੀ ਕੁੜੀ ਨੂੰ ਸਹੁਰੇ ਪਰਿਵਾਰ ਨੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਹੋਰ ਦਾਜ ਲਿਆਉਣ ਦੀ ਮੰਗ ਕੀਤੀ। ਦਾਜ ਨਾ ਲਿਆਉਣ ’ਤੇ ਉਹ ਉਸ ਦੀ ਕੁੱਟਮਾਰ ਕਰਦੇ ਸਨ ਅਤੇ ਉਸ ਨੂੰ ਤੰਗ-ਪਰੇਸ਼ਾਨ ਵੀ ਕਰਦੇ ਸਨ। ਇਸੇ ਕਰਕੇ ਉਸ ਦੀ ਕੁੜੀ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।ਪੁਲਸ ਨੇ ਵਿਆਹੁਤਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ, ਜਿਸ ਤੋਂ ਇਸ ਮਾਮਲੇ ਦੀ ਹੋਰ ਜਾਣਕਾਰੀ ਮਿਲ ਸਕਦੀ ਹੈ। ਦੂਜੇ ਪਾਸੇ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ।

Leave a Reply

Your email address will not be published.