ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਰਾਤ ਦਾ ਕਰਫ਼ਿਊ ਲਗਾ ਦਿੱਤਾ ਗਿਆ ਹੈ, ਤਾਂਕਿ ਲੋਕ ਘਰੋਂ ਬਾਹਰ ਨਾ ਨਿਕਲਣ। ਨਾਈਟ ਕਰਫ਼ਿਊ ਲੱਗਣ ਦੇ ਬਾਵਜੂਦ ਲੋਕ ਨਾਈਟ ਕਰਫ਼ਿਊ ਦੀ ਉਲੰਘਣਾ ਕਰਦੇ ਵੇਖੇ ਜਾ ਰਹੇ ਹਨ।
ਅਜਿਹਾ ਹੀ ਇਕ ਮਾਮਲਾ ਜਲੰਧਰ ’ਚ ਵੀ ਵੇਖਣ ਨੂੰ ਮਿਲਿਆ, ਜਿੱਥੇ ਥਾਣਾ ਨੰਬਰ ਇਕ ਦੇ ਐੱਸ. ਐੱਚ. ਓ. ਨੂੰ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕਣਾ ਮਹਿੰਗਾ ਪੈ ਗਿਆ ਅਤੇ ਉਨ੍ਹਾਂ ਨੇ ਉਸ ਥਾਣੇਦਾਰ ਦੀ ਕੁੱਟਮਾਰ ਕਰਕੇ ਵਰਦੀ ਤੱਕ ਪਾੜ ਦਿੱਤੀ।ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਥਾਣਾ ਭਾਰਗਵ ਕੈਂਪ ਦੇ ਥਾਣਾ ਮੁਥੀ ਭਗਵਾਨ ਸਿੰਘ ਭੁੱਲਰ ਮਾਡਲ ਹਾਊਸ ਦੇ ਮਾਤਾ ਰਾਣੀ ਚੌਂਕ ’ਚ ਦੇਰ ਰਾਤ ਨਾਕਾ ਲਗਾ ਕੇ ਬੈਠੇ ਸਨ ਕਿ ਚਾਰ ਤੋਂ ਪੰਜ ਵਿਅਕਤੀ ਦੋ ਕਾਰਾਂ ’ਚ ਸਵਾਰ ਹੋ ਕੇ ਉਥੇ ਪਹੁੰਚੇ ਅਤੇ ਉਥੇ ਖੜ੍ਹੇ ਹੋ ਗਏ।
ਜਦੋਂ ਉਨ੍ਹਾਂ ਨੇ ਕਰਫ਼ਿਊ ਦੀ ਉਲੰਘਣਾ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨੌਜਵਾਨਾਂ ਨੇ ਥਾਣਾ ਮੁਖੀ ਦੇ ਮੂੰਹ ’ਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਬਾਅਦ ਐੱਸ. ਐੱਚ. ਓ. ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਥਾਣਾ ਮੁਖੀ ਭਗਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਨਾਕੇ ’ਤੇ ਨੌਜਵਾਨਾਂ ਨੂੰ ਰੋਕਿਆ ਸੀ ਤਾਂ ਉਨ੍ਹਾਂ ਨੇ ਅੱਗੇ ਤੋਂ ਕਿਹਾ ਕਿ ਤੁਸੀਂ ਉਨ੍ਹਾਂ ਨੂੰ ਰੋਕਣ ਵਾਲੇ ਕੌਣ ਹੋ ਸਕਦੇ ਹੋ, ਜਿਸ ਦੇ ਬਾਅਦ ਉਨ੍ਹਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗੰਨਮੈਨ ਦੀ ਏ. ਕੇ. 47 ਨੂੰ ਵੀ ਖੋਹਣ ਦੀ ਕੋਸ਼ਿਸ਼ ਕੀਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਰਾਤ ਦੀ ਡਿਊਟੀ ’ਚ ਤਾਇਨਾਤ ਏ. ਸੀ. ਪੀ. ਹਰਵਿੰਦਰ ਸਿੰਘ ਭੱਲਾ ਵੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਜ਼ਖ਼ਮੀ ਐੱਸ. ਐੱਚ. ਓ. ਨੂੰ ਸਿਵਲ ਹਸਪਤਾਲ ਲੈ ਕੇ ਆਏ। ਉਨ੍ਹਾਂ ਦੇ ਮੁਤਾਬਕ ਜਿਨ੍ਹਾਂ ਨੇ ਵੀ ਇਹ ਹਰਕਤ ਕੀਤੀ ਹੈ, ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।