ਲੁਧਿਆਣਾ ਦੇ ਵੱਡੇ ਹਸਪਤਾਲ ‘ਚ ਡਾਕਟਰਾਂ ਦੀ ਵੱਡੀ ਗਲਤੀ ਦੇ ਕਾਰਨ ਮਾਪਿਆਂ ਨੇ ਆਪਣਾ ਜਵਾਨ ਪੁੱਤ ਖੋਹ ਦਿੱਤਾ। ਇਸ ਗੱਲ ਦਾ ਪਤਾ ਉਸ ਸਮੇਂ ਲੱਗਾ, ਜਦੋਂ ਮ੍ਰਿਤਕ ਨੌਜਵਾਨ ਦੀਆਂ ਅਸਥੀਆਂ ਚੁਗੀਆਂ ਗਈਆਂ। ਅਸਥੀਆਂ ਚੁਗਣ ਸਮੇਂ ਕੈਂਚੀ ਮਿਲਣ ਕਾਰਨ ਪਰਿਵਾਰ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਫਿਲਹਾਲ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੇ ਮਾਮੇ ਯੋਗਰਾਜ ਅਤੇ ਪਰਵੀਣ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਭਾਣਜੇ ਦੇ ਢਿੱਡ ‘ਚ 11 ਅਪ੍ਰੈਲ ਨੂੰ ਦਰਦ ਹੋਇਆ, ਜਿਸ ਤੋਂ ਬਾਅਦ ਉਹ ਉਸ ਨੂੰ ਬਰਨਾਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਲੈ ਗਏ। ਇੱਥੋਂ ਨੌਜਵਾਨ ਨੂੰ ਲੁਧਿਆਣਾ ਦੇ ਇਕ ਵੱਡੇ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਲੁਧਿਆਣਾ ‘ਚ ਉਨ੍ਹਾਂ ਦੇ ਭਾਣਜੇ ਦਾ ਇਲਾਜ ਸ਼ੁਰੂ ਹੋਣ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਨੌਜਵਾਨ ਦਾ ਆਪਰੇਸ਼ਨ ਕਰਨਾ ਪਵੇਗਾ |ਪਰਿਵਾਰ ਵਾਲਿਆਂ ਵੱਲੋਂ ਆਪਰੇਸ਼ਨ ਲਈ ਸਹਿਮਤੀ ਦੇ ਦਿੱਤੀ ਗਈ। ਆਪਰੇਸ਼ਨ ਕਰਨ ਮਗਰੋਂ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਨੌਜਵਾਨ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਹੈ,
ਜਿਸ ਤੋਂ ਬਾਅਦ ਉਹ ਆਪਣੇ ਭਾਣਜੇ ਲਈ ਇੰਜੈਕਸ਼ਨ ਵੀ ਲੈ ਕੇ ਆਏ ਪਰ ਕੁੱਝ ਹੀ ਸਮੇਂ ਬਾਅਦ ਡਾਕਟਰਾਂ ਨੇ ਆ ਕੇ ਕਿਹਾ ਕਿ ਉਨ੍ਹਾਂ ਦੇ ਭਾਣਜੇ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਕੋਰੋਨਾ ਪਾਜ਼ੇਟਿਵ ਵੀ ਸੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਜਦੋਂ ਨੌਜਵਾਨ ਦੀਆਂ ਅਸਥੀਆਂ ਚੁਗੀਆਂ ਗਈਆਂ ਤਾਂ ਉਨ੍ਹਾਂ ‘ਚ ਡਾਕਟਰਾਂ ਵੱਲੋਂ ਇਸਤੇਮਾਲ ਕੀਤੀ ਜਾਣ ਵਾਲੀ ਕੈਂਚੀ ਮਿਲੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ। ਪਰਿਵਾਰ ਵਾਲਿਆਂ ਨੇ ਲੁਧਿਆਣਾ ਹਸਪਤਾਲ ਦੇ ਡਾਕਟਰਾਂ ‘ਤੇ ਸਹੀ ਇਲਾਜ ਨਾ ਕਰਨ ਦੇ ਦੋਸ਼ ਲਾਏ ਅਤੇ ਸਥਾਨਕ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।