ਕਣਕ ਦੀ ਇਸ ਨਵੀਂ ਕਿਸਮ ਨੇ ਦਿੱਤਾ ਸਭ ਤੋਂ ਵੱਧ ਝਾੜ-ਦੇਖੋ ਪੂਰੀ ਜਾਣਕਾਰੀ

ਸੂਬੇ ‘ਚ ਕਣਕ ਦੀ ਵਾਢੀ ਦਾ ਕੰਮ ਤਕਰੀਬਨ 70 ਫ਼ੀਸਦੀ ਤੋਂ ਉੱਪਰ ਮੁਕੰਮਲ ਹੋ ਚੁੱਕਿਆ ਹੈ ਪਰ ਕਣਕ ਦੇ ਘੱਟ ਝਾੜ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ‘ਚ ਹੋਰ ਵੀ ਵਾਧਾ ਕਰ ਦਿੱਤਾ ਹੈ | ਕਿਸਾਨਾਂ ਦੀ ਸਭ ਤੋਂ ਚਹੇਤੀ ਕਿਸਮ ਐੱਚ.ਡੀ.3086 ਨੇ ਇਕ ਤਰ੍ਹਾਂ ਨਾਲ ਕਿਸਾਨਾਂ ਨੂੰ ਧੋਖਾ ਦੇ ਦਿੱਤਾ ਹੈ |

ਇਸੇ ਸਾਲ ਕਿਸਮ ਐੱਚ.ਡੀ. 3086 ਦਾ ਝਾੜ ਔਸਤ 10 ਮਣ (4 ਕੁਇੰਟਲ ) ਪ੍ਰਤੀ ਏਕੜ ਘੱਟ ਨਿਕਲਿਆ ਹੈ, ਜਦੋਂਕਿ ਇਸ ਦੇ ਮੁਕਾਬਲੇ ਦੂਜੀਆਂ ਕਿਸਮਾਂ ਐੱਚ.ਡੀ.2967 ਦਾ ਝਾੜ ਔਸਤ 5 ਤੋਂ 7 ਮਣ ਪ੍ਰਤੀ ਏਕੜ ਘੱਟ ਨਿਕਲਿਆ ਹੈ | ਖੇਤੀਬਾੜੀ ਮਾਹਰ ਕਿਸਾਨਾਂ ਨੇ ਦੱਸਿਆ ਕਿ ਐੱਚ.ਡੀ.3086 ਦੀ ਜਿਨ੍ਹਾਂ ਕਿਸਾਨਾਂ ਨੇ ਅਗੇਤੀ ਬਿਜਾਈ ਕੀਤੀ ਸੀ, ਉਨ੍ਹਾਂ ਨੂੰ ਝਾੜ ‘ਚ ਹੋਰ ਵੀ ਮਾਰ ਪਈ ਹੈ |

ਐੱਚ.ਡੀ.3086 ਦੀ ਬਿਜਾਈ ਦਾ ਸਮਾਂ 10 ਨਵੰਬਰ ਤੋਂ ਸ਼ੁਰੂ ਹੁੰਦਾ ਹੈ ਪਰ ਕੁਝ ਇਸ ਨੂੰ ਅਕਤੂਬਰ ਦੇ ਅਖੀਰ ‘ਚ ਬੀਜ ਦਿੰਦੇ ਹਨ ਸੋ ਇਸ ਅਗੇਤੀ ਬਿਜਾਈ ਤੇ ਮੌਸਮ ਦਾ ਇਨ੍ਹਾਂ ਜ਼ਿਆਦਾ ਪ੍ਰਭਾਵ ਪਿਆ ਹੈ ਕਿ ਇਸ ਦਾ ਝਾੜ 40 ਮਣ ਤੋਂ 45 ਮਣ (16-18 ਕੁਇੰਟਲ ) ਪ੍ਰਤੀ ਏਕੜ ਹੀ ਮਸਾਂ ਪੱਲੇ ਪਿਆ ਹੈ | ਕਿਸਾਨਾਂ ਅਨੁਸਾਰ ਐਤਕੀਂ ਮੌਸਮ ਤਕਰੀਬਨ ਕਣਕ ਦੀ ਫ਼ਸਲ ਦੇ ਅਨੁਕੂਲ ਹੀ ਰਿਹਾ ਹੈ ਸਿਰਫ਼ 6-7 ਦਿਨ ਪਈ ਜ਼ਿਆਦਾ ਗਰਮੀ ਨੇ ਕਿਸਾਨਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ |

ਇਹਨਾਂ ਕਿਸਮਾਂ ਨੇ ਦਿੱਤਾ ਚੰਗਾ ਝਾੜ – ਦਿੱਲੀ ਯੂਨੀਵਰਸਿਟੀ ਦੀ ਕਿਸਮ ਡੀ. ਵੀ. ਡਬਲਿਊ 222 ਤੇ ਡੀ. ਵੀ. ਡਬਲਿਊ. 187 ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਨਵੀਂ ਕਿਸਮ ਪੀ. ਡਬਲਿਊ. ਵੀ. 766 ਦਾ ਝਾੜ ਬਾਕੀ ਸਾਰੀਆਂ ਕਿਸਮਾਂ ਨਾਲੋਂ ਤਸੱਲੀਬਖ਼ਸ਼ ਰਿਹਾ ਹੈ | ਲਾਗਲੇ ਪਿੰਡ ਬੱਲਰਾ ਦੇ ਕਿਸਾਨ ਨਿਰਮਲ ਸਿੰਘ ਸਮੇਤ ਇਲਾਕੇ ਦੇ ਹੋਰ ਕਿਸਾਨਾਂ ਨੇ ਦੱਸਿਆ ਕਿ ਡੀ.ਵੀ.ਡਬਲਿਊ.222 ਕਿਸਮ ਦਾ ਝਾੜ 65 ਤੋਂ 70 ਮਣ (28 ਕੁਇੰਟਲ ) ਤੱਕ ਨਿਕਲਿਆ ਹੈ |

ਉਨ੍ਹਾਂ ਦੱਸਿਆ ਇਸ ਤੋਂ ਇਲਾਵਾ ਡੀ.ਵੀ.ਡਬਲਿਊ 187 ਦਾ ਝਾੜ ਇਸ ਤੋਂ ਘੱਟ 55 ਤੋਂ 60 (24 ਕੁਇੰਟਲ ) ਮਣ ਨਿਕਲਿਆ ਹੈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕਿਸਮ ਪੀ.ਵੀ. ਡਬਲਿਊ 706 ਦਾ ਝਾੜ ਵੀ 187 ਦੇ ਬਰਾਬਰ ਹੀ ਰਿਹਾ ਹੈ | ਪੀ.ਵੀ.ਡਬਲਿਊ 766 ਮਧਰੀ ਕਿਸਮ ਹੋਣ ਕਾਰਨ ਡਿਗਦੀ ਘੱਟ ਹੈ ਤੇ ਇਸ ਦੀ ਤੂੜੀ ਵੀ ਬਾਕੀ ਕਿਸਮਾਂ ਨਾਲੋਂ ਵੱਧ ਨਿਕਲਦੀ ਹੈ |ਉਪਰੋਕਤ ਤਿੰਨੋ ਕਿਸਮਾਂ ਨਵੀਆਂ ਹੋਣ ਕਾਰਨ ਐਤਕੀਂ ਕਿਸਾਨਾਂ ਨੇ ਇਨ੍ਹਾਂ ਦੀ ਬਿਜਾਈ ਤਜਰਬੇ ਦੇ ਤੌਰ ‘ਤੇ ਕੀਤੀ ਸੀ | ਸੋ ਇਨ੍ਹਾਂ ਕਿਸਮਾਂ ਦੇ ਵੱਧ ਝਾੜ ਦਾ ਔਸਤ ਝਾੜ ‘ਤੇ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ | ਨਵੀਆਂ ਕਿਸਮਾਂ ਤੋਂ ਇਲਾਵਾ ਬਾਕੀ ਸਾਰੀਆਂ ਕਿਸਮਾਂ ਦੇ ਘੱਟ ਝਾੜ ਨਾਲ ਕਿਸਾਨਾਂ ਨੂੰ 8 ਤੋਂ 10 ਹਜ਼ਾਰ ਪ੍ਰਤੀ ਏਕੜ ਮਾਰ ਪਈ ਹੈ |

Leave a Reply

Your email address will not be published.