ਹੁਣੇ ਹੁਣੇ ਪੰਜਾਬ ਚ’ 30 ਅਪ੍ਰੈਲ ਤੱਕ ਇਹਨਾਂ ਚੀਜ਼ਾਂ ਤੇ ਲੱਗੀ ਵੱਡੀ ਪਾਬੰਦੀ-ਹੋ ਜਾਓ ਸਾਵਧਾਨ

ਕੋਰੋਨਾ ਮਹਾਮਾਰੀ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ 20 ਤੋਂ 30 ਅਪ੍ਰੈਲ ਤੱਕ ਪੰਜਾਬ ’ਚ ਹੋਣ ਵਾਲੇ ਵਿਆਹ ਸਮਾਗਮਾਂ ’ਚ 20 ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਨ੍ਹਾਂ ਸਮਾਗਮਾਂ ਵਿਚ 10 ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਅਗੇਤੀ ਮਨਜ਼ੂਰੀ ਜ਼ਰੂਰੀ ਕਰ ਦਿੱਤੀ ਗਈ ਹੈ। ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਇਸ ਨਵੇਂ ਹੁਕਮ ਨਾਲ ਵੈਡਿੰਗ ਰਿਜ਼ਾਰਟਸ ਦੇ 21 ਤੋਂ 30 ਅਪ੍ਰੈਲ ਤੱਕ ਹੋਣ ਵਾਲੇ ਸਾਰੇ ਸਮਾਗਮ ਰੱਦ ਹੋ ਗਏ ਹਨ, ਜਿਸ ਕਾਰਨ ਵੈਡਿੰਗ ਰਿਜ਼ਾਰਟਸ ਮਾਲਕਾਂ ਨੂੰ ਇਕ ਵਾਰ ਫਿਰ ਭਾਰੀ ਆਰਥਿਕ ਨੁਕਸਾਨ ਦਾ ਝਟਕਾ ਲੱਗਾ ਹੈ।

ਇਸ ਸਬੰਧੀ ਕਈ ਸਥਾਨਕ ਵੈਡਿੰਗ ਰਿਜ਼ਾਰਟਸ ਮਾਲਕਾਂ ਨਾਲ ਗੱਲ ਕੀਤੀ ਗਈ, ਜਿਨ੍ਹਾਂ ਨੇ ਇਸ ਗੱਲ ਨੂੰ ਮਨਜ਼ੂਰ ਕੀਤਾ ਹੈ ਕਿ ਉਨ੍ਹਾਂ ਦੇ ਰਿਜ਼ਾਰਟਾਂ ’ਚ ਇਸ ਸਮੇਂ ਦੌਰਾਨ ਵਿਆਹ ਸਮਾਗਮਾਂ ਦੀ ਕੀਤੀ ਗਈ ਬੁਕਿੰਗ ਰੱਦ ਕਰ ਦਿੱਤੀ ਗਈ ਹੈ, ਜਿਸ ਨਾਲ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਪੁੱਜਾ ਹੈ। ਇਨ੍ਹਾਂ ਵੈਡਿੰਗ ਰਿਜ਼ਾਰਟਸ ਮਾਲਕਾਂ ’ਚ ਵਿਕਾਸ ਸ਼੍ਰੀਵਾਸਤਵ (ਸਟਾਲੋਨ ਮੈਨਰ), ਸਿਥਾਰਥ ਗੁਪਤਾ (ਹਰਸ਼ਿਲਾ ਰਿਜ਼ਾਰਟਸ), ਇੰਦਰਜੀਤ ਸਿੰਘ ਖੁਰਾਣਾ (ਸੋਨਾ ਗ੍ਰੈਂਡ), ਕਿਸ਼ਨ ਠਾਕੁਰ, ਸੁਖਦਰਸ਼ਨ ਜੈਨ ਭੋਲਾ (ਮਹਾਰਾਜਾ ਗ੍ਰੈਂਡ ਅਤੇ ਕੋਠਾਰੀ ਰਿਜ਼ਾਰਟਸ) ਅਤੇ ਪਵਿੱਤਰ ਸਿੰਘ (ਕਲਸਟੋਨ ਗ੍ਰੈਂਡ) ਸ਼ਾਮਲ ਹਨ।

ਅਜੇ 8 ਅਪ੍ਰੈਲ ਨੂੰ ਹੀ ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕੀਤਾ ਸੀ, ਜਿਸ ਦੇ ਤਹਿਤ ਵੈਡਿੰਗ ਰਿਜ਼ਾਰਟਸ ਦੇ ਹਾਲ ਵਿਚ 50 ਵਿਅਕਤੀਆਂ ਦੇ ਇਕੱਠ ਅਤੇ ਲਾਨ ਵਿਚ 100 ਵਿਅਕਤੀਆਂ ਦੇ ਇਕੱਠ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਹੁਕਮ ਨਾਲ ਵੈਡਿੰਗ ਰਿਜ਼ਾਰਟਸ ਦੇ ਮਾਲਕਾਂ ਨੇ ਕੁੱਝ ਰਾਹਤ ਮਹਿਸੂਸ ਕੀਤੀ ਸੀ। ਇਸ ਹੁਕਮ ਤੋਂ ਬਾਅਦ ਨਵੀਂ ਬੁਕਿੰਗ ਹੋਈ ਸੀ ਪਰ ਹੁਣ ਸਾਰੀ ਸਥਿਤੀ ਪਲਟ ਗਈ ਹੈ।

ਸੂਬਾ ਸਰਕਾਰ ਵੱਲੋਂ ਰਾਤੋ-ਰਾਤ ਜਿਸ ਤਰ੍ਹਾਂ ਨਵੇਂ-ਨਵੇਂ ਹੁਕਮ ਜਾਰੀ ਕੀਤੇ ਜਾ ਰਹੇ ਹਨ, ਉਸ ਨਾਲ ਨਾ ਸਿਰਫ ਵੈਡਿੰਗ ਰਿਜ਼ਾਰਟਸ ਦੇ ਮਾਲਕਾਂ ਵਿਚ, ਸਗੋਂ ਕਿ ਆਮ ਲੋਕਾਂ ਵਿਚ ਵੀ ਦੁਚਿੱਤੀ ਦੇ ਹਾਲਾਤ ਬਣ ਗਏ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਦੇ ਸਲਾਹਕਾਰ ਕਮਰਿਆਂ ਵਿਚ ਬੈਠ ਕੇ ਨਿੱਤ ਨਵੀਆਂ ਪਾਲਿਸੀਆਂ ਤਿਆਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਜ਼ਮੀਨੀ ਹਕੀਕਤ ਬਾਰੇ ਕੁੱਝ ਪਤਾ ਨਹੀਂ ਹੈ। ਲੁਧਿਆਣਾ ਮੈਰਿਜ ਪੈਲਸ ਵੈੱਲਫੇਅਰ ਐਸੋਸੀਏਸ਼ਨ ਦੇ ਬੁਲਾਰੇ ਵਿਕਾਸ ਸ਼੍ਰੀਵਾਸਤਵ ਨੇ ਕਿਹਾ ਕਿ ਜੇਕਰ ਸਰਕਾਰ ਕੋਈ ਫ਼ੈਸਲਾ ਲੈਂਦੀ ਹੈ ਤਾਂ ਵੈਡਿੰਗ ਰਿਜ਼ਾਰਟਸ ਮਾਲਕਾਂ ਨੂੰ ਉਸ ਨੂੰ ਲਾਗੂ ਕਰਨ ਲਈ ਘੱਟੋ-ਘੱਟ ਹਫ਼ਤੇ ਦਸ ਦਿਨ ਦਾ ਸਮਾਂ ਤਾਂ ਦਿੱਤਾ ਜਾਣਾ ਚਾਹੀਦਾ ਸੀ।

ਕੀ ਵੈਂਡਿੰਗ ਇੰਡਸਟਰੀ ਨੂੰ ਬਣਾਇਆ ਜਾ ਰਿਹਾ ਸਾਫਟ ਟਾਰਗੈੱਟ?
ਵੈਡਿੰਗ ਰਿਜ਼ਾਰਟਸ ਦੇ ਮਾਲਕ ਇਸ ਗੱਲ ਤੋਂ ਖਫ਼ਾ ਨਜ਼ਰ ਆਉਂਦੇ ਹਨ ਕਿ ਜਦੋਂ ਬਾਕੀ ਸਾਰੇ ਉਦਯੋਗ ਧੰਦੇ ਠੀਕ ਚੱਲ ਸਕਦੇ ਹਨ ਤਾਂ ਕੇਵਲ ਹੋਟਲ, ਰੈਸਟੋਰੈਂਟਸ ਅਤੇ ਵੈਡਿੰਗ ਰਿਜ਼ਾਰਟਸ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ। 8 ਅਪ੍ਰੈਲ ਨੂੰ ਰਾਜ ਸਰਕਾਰ ਵੱਲੋਂ ਹਾਲ ਵਿਚ 50 ਵਿਅਕਤੀਆਂ ਅਤੇ ਲਾਨ ਵਿਚ 100 ਵਿਅਕਤੀਆਂ ਦੀ ਇਕੱਤਰਤਾ ਦੀ ਇਜਾਜ਼ਤ ਤੋਂ ਬਾਅਦ ਵਿਆਹ ਸਮਾਗਮਾਂ ਦੀ ਬੁਕਿੰਗ ਹੋਣ ਤੋਂ ਬਾਅਦ ਉਨ੍ਹਾਂ ਨੇ ਬਾਹਰੀ ਰਾਜਾਂ ਤੋਂ ਆਪਣੇ ਮੁਲਾਜ਼ਮ ਵਾਪਸ ਬੁਲਾਏ ਸਨ ਪਰ ਰਾਜ ਸਰਕਾਰ ਨੇ ਰਾਤੋ-ਰਾਤ ਨਵਾਂ ਹੁਕਮ ਪਾਸ ਕਰ ਕੇ ਉਨ੍ਹਾਂ ਨੂੰ ਅਰਸ਼ ਤੋਂ ਫਰਸ਼ ’ਤੇ ਪਹੁੰਚਾ ਦਿੱਤਾ ਹੈ। ਇਸ ਤਰ੍ਹਾਂ ਹੋਣ ਵਾਲੇ ਨੁਕਸਾਨ ਦੀ ਭਰਪਾਈ ਅਗਲੇ ਡੇਢ ਸਾਲ ਵਿਚ ਹੋ ਸਕਣਾ ਸੰਭਵ ਨਹੀਂ ਹੈ। ਇਸ ਲਈ ਵੈਡਿੰਗ ਰਿਜ਼ਾਰਟਸ ਦੇ ਮਾਲਕ ਆਪਣਾ ਕਾਰੋਬਾਰ ਬਦਲਣ ਬਾਰੇ ਸੋਚਣ ਲਈ ਮਜਬੂਰ ਹੋ ਰਹੇ ਹਨ।

ਵਿਆਹ ਲਈ ਇੰਡੀਆ ਆਏ ਐੱਨ. ਆਰ. ਆਈ. ਨਿਰਾਸ਼ – ਸੂਤਰਾਂ ਮੁਤਾਬਕ ਵਿਆਹ ਸਮਾਗਮ ਰੱਦ ਹੋਣ ਕਾਰਨ ਕੁੱਝ ਲੋਕ ਵੈਡਿੰਗ ਰਿਜ਼ਾਰਟਸ ਵਿਚ ਰੱਦ ਕਰ ਕੇ ਸਾਦੇ ਢੰਗ ਨਾਲ ਇਨ੍ਹਾਂ ਸਮਾਗਮਾਂ ਨੂੰ ਕਰਨ ’ਤੇ ਵਿਚਾਰ ਕਰ ਰਹੇ ਹਨ ਕਿਉਂਕਿ ਅਜਿਹੇ ਲੋਕ ਵਿਆਹ ਦੀ ਤਾਰੀਖ਼ਾਂ ਅੱਗੇ ਪਾਉਣਾ ਸ਼ੁੱਭ ਨਹੀਂ ਮੰਨਦੇ। ਕੁੱਝ ਸਾਦਾ ਵਿਆਹ ਨਾ ਕਰਨ ਕਰ ਕੇ ਤਾਰੀਖ਼ ਅੱਗੇ ਵਧਾਉਣ ਬਾਰੇ ਸੋਚ ਰਹੇ ਹਨ। ਵੈਸੇ ਵੀ 20 ਵਿਅਕਤੀਆਂ ਦੇ ਇਕੱਠ ਵਿਚੋਂ ਉਹ ਆਪਣੇ ਕਿਸ ਰਿਸ਼ਤੇਦਾਰ ਨੂੰ ਸ਼ਾਮਲ ਕਰਨ ਅਤੇ ਕਿਸ ਨੂੰ ਨਾ, ਇਸ ਬਾਰੇ ਦੁਚਿੱਤੀ ਵਿਚ ਹਨ। ਅਜਿਹੇ ਵੀ ਕੁੱਝ ਹਨ, ਜੋ ਐੱਨ. ਆਰ. ਆਈ. ਦੱਸੇ ਜਾਂਦੇ ਹਨ, ਜੋ ਵਿਆਹ ਸਮਾਗਮਾਂ ’ਚ ਸ਼ਾਮਲ ਹੋਣ ਲਈ ਵਿਦੇਸ਼ਾਂ ਤੋਂ 14 ਦਿਨ ਲਈ ਕੁਆਰੰਟਾਈਨ ਹੋ ਚੁੱਕੇ ਹਨ ਪਰ ਉਨ੍ਹਾਂ ਨੂੰ ਜਾਣ ਕੇ ਇਹ ਬੇਹੱਦ ਨਿਰਾਸ਼ਾ ਹੋਈ ਹੈ।

Leave a Reply

Your email address will not be published. Required fields are marked *