ਕੋਰੋਨਾ ਕਾਰਨ ਜਿਥੇ ਹਸਪਤਾਲ ਆਕਸੀਜਨ ਨਾਲ ਨਜਿੱਠ ਰਹੇ ਰਹੇ ਹਨ ਉਥੇ ਮੰਡੀਆਂ ‘ਚ ਬਾਰਦਾਨਾ ਨਾ ਪੁੱਜਣਾ ਵੀ ਕਿਸੇ ਆਕਸੀਜਨ ਤੋਂ ਘੱਟ ਨਹੀਂ ਸੀ। ਇਸੇ ਆਕਸੀਜਨ ਦੇ ਕਮੀ ਨਾਲ ਮੰਡੀਆਂ ਕਣਕ ਨਾਲ ਭਰੀਆਂ ਪਈਆਂ ਹਨ। ਹਾਲਾਂਕਿ ਐਤਵਾਰ ਨੂੰ ਪੰਜਾਬ ਦੀਆਂ ਸਾਰੀਆਂ ਮੰਡੀਆਂ ‘ਚ ਰਿਕਾਰਡ ਲਿਫਟਿੰਗ ਹੋਈ।
ਇਕ ਦਿਨ ‘ਚ 5.33 ਲੱਖ ਟਨ ਕਣਕ ਗੋਦਾਮਾਂ ‘ਚ ਪਹੁੰਚਾ ਦਿੱਤੀ ਗਈ ਹੈ ਪਰ ਹੁਣ ਵੀ 42.50 ਲੱਖ ਟਨ ਕਣਕ ਖਰੀਦ ਹੋਣ ਦੇ ਬਾਵਜੂਦ ਮੰਡੀਆਂ ‘ਚ ਪਈ ਹੈ, ਜਿਸ ਨਾਲ ਕਿਸਾਨਾਂ ਨੂੰ ਕਣਕ ਦੀਆਂ ਟਰਾਲੀਆਂ ਲਿਆਉਣ ‘ਚ ਦਿੱਕਤਾਂ ਆ ਰਹੀਆਂ ਹਨ।ਇਸ ਸਾਲ ਪੱਛਮੀ ਬੰਗਾਲ ‘ਚ ਚੋਣਾਂ ਤੇ ਕੋਰੋਨਾ ਕਾਰਨ ਬਾਰਦਾਨਾ ਆਉਣ ‘ਚ ਦਿੱਕਤ ਆ ਰਹੀ ਸੀ, ਜਿਸ ਕਾਰਨ ਮੰਡੀਆਂ ‘ਚ ਕਣਕ ਦੇ ਢੇਰ ਲੱਗ ਗਏ।
ਕੋਰੋਨਾ ਨੂੰ ਵੇਖਦੇ ਹੋਏ ਸਰਕਾਰ ਨੇ ਮੰਡੀਆਂ ਦੀ ਗਿਣਤੀ 1930 ਤੋਂ ਵਧਾ ਕੇ 4000 ਵੀ ਕੀਤੀ ਪਰ ਮੰਡੀਆਂ ‘ਚ ਜਿਸ ਤਰ੍ਹਾਂ ਕਣਕ ਆਉਣੀ ਸ਼ੁਰੂ ਹੋਈ ਤੇ ਬਾਰਦਾਨੇ ਦੀ ਕਮੀ ਕਾਰਨ ਢੁਲਾਈ ਦਾ ਕੰਮ ਪੱਛੜਿਆ ਉਸ ਨੂੰ ਵੇਖ ਕੇ ਸੂਬਾ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਦੇ ਸਾਹ ਰੁਕ ਗਏ।ਕੇਂਦਰ ਸਰਕਾਰ ਤੋਂ ਮਨਜੂਰੀ ਮਿਲਣ ਤੋਂ ਬਾਅਦ 16 ਅਪ੍ਰੈਲ ਨੂੰ ਸਰਕਾਰ ਨੇ ਪੁਰਾਣਾ ਬਾਰਦਾਨਾ ਉਪਯੋਗ ਕਰਨ ਲਈ ਟੈਂਡਰ ਖੋਲ ਦਿੱਤੇ ਜਿਸ ਨਾਲ ਰੋਜ਼ਾਨਾਂ 8000 ਗੰਢਾਂ ਪੁਰਾਣਾ ਬਾਰਦਾਨਾ ਮਿਲਣ ਲੱਗ ਪਿਆ।
ਇਸ ਤਰ੍ਹਾਂ ਨਵੇਂ ਜੂਟ ਦੀਆਂ 2000 ਗੰਢਾਂ ਦੀ ਸਪਲਾਈ ਵੀ ਮਿਲਣ ਲੱਗੀ ਹੈ। 3500 ਗੰਢਾਂ ਪਲਾਸਟਿਕ ਬਾਰਦਾਨੇ ਦੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਹਿਲਾਂ ਤੋਂ ਆਏ ਹੋਏ ਬਾਰਦਾਨੇ ਨੂੰ ਮਿਲਾ ਕੇ ਹੁਣ ਸੂਬੇ ਦੀਆਂ ਖਰੀਦ ਏਜੰਸੀਆਂ ਕੋਲ 15 ਹਜ਼ਾਰ ਗੰਢਾਂ ਰੋਜ਼ਾਨਾ ਪੁੱਜ ਰਹੀਆਂ ਹਨ, ਜਿਸ ਨਾਲ ਢੁਲਾਈ ਦੇ ਕੰਮ ‘ਚ ਤੇਜ਼ੀ ਆਈ ਹੈ।
ਉੱਧਰ ਪੰਜਾਬ ਮੰਡੀ ਬੋਰਡ ਅਨੁਸਾਰ ਸੋਮਵਾਰ ਤਕ 90 ਲੱਖ ਮੀਟਿ੍ਕ ਟਨ ਕਣਕ ਮੰਡੀਆਂ ‘ਚ ਪੁੱਜ ਗਿਆ ਹੈ ਤੇ ਕਿਸਾਨਾਂ ਨੂੰ ਦੱਸ ਹਜ਼ਾਰ ਕਰੋੜ ਰੁਪਏ ਦੀ ਸਿੱਧੀ ਆਦਾਇਗੀ ਉਨ੍ਹਾਂ ਦੇ ਖਾਤਿਆਂ ‘ਚ ਕਰ ਦਿੱਤੀ ਗਈ ਹੈ। ਫਤਹਿਗੜ੍ਹ ਸਾਹਿਬ ਅਜਿਹਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਜਿਥੇ ਪਿਛਲੇ ਸਾਲ ਦੇ ਮੁਕਾਬਲੇ ਆਈ ਕਣਕ ਤੋਂ ਫੀਸਦੀ ਤੋਂ ਵੱਧ ਕਣਕ ਪੁੱਜੀ ਹੈ। ਪਿਛਲੇ ਸਾਲ ਇਥੇ 2.22 ਲੱਖ ਟਨ ਕਣਕ ਦੀ ਫਸਲ ਆਈ ਸੀ ਜਦਕਿ ਇਸ ਸਾਲ 2.23 ਲੱਖ ਟਨ ਤੋਂ ਵੱਧ ਕਣਕ ਮੰਡੀਆਂ ‘ਚ ਆ ਚੁੱਕੀ ਹੈ। ਮੰਡੀਆਂ ‘ਚ ਕਣਕ ਆਉਣੀ ਹਾਲੇ ਵੀ ਜਾਰੀ ਹੈ। ਐੱਸਏਐੱਸ ਨਗਰ ਮੋਹਾਲੀ ਵੀ ਪਿਛਲੇ ਸਾਲ ਦੇ ਮੁਕਾਬਲੇ 91 ਫੀਸਦੀ ਕਣਕ ਦੀ ਖਰੀਦ ਕਰ ਚੁੱਕਿਆ ਹੈ। ਇਸੇ ਤਰ੍ਹਾਂ ਪਟਿਆਲਾ ‘ਚ 93 ਫੀਸਦੀ ਤੇ ਰੋਪੜ ‘ਚ 84 ਫੀਸਦੀ ਕਣਕ ਦੀ ਖਰੀਦ ਹੋ ਚੁੱਕੀ ਹੈ।