ਰਸੋਈ ਗੈਸ ਵਰਤਣ ਵਾਲਿਆਂ ਲਈ ਵੱਡੀ ਖੁਸ਼ਖ਼ਬਰੀ-ਕੇਂਦਰ ਸਰਕਾਰ ਨੇ ਦਿੱਤੀ ਇਹ ਵੱਡੀ ਰਾਹਤ,ਦੇਖੋ ਪੂਰੀ ਖ਼ਬਰ

ਕੇਂਦਰੀ ਕੁਦਰਤੀ ਗੈਸ ਅਤੇ ਪੈਟਰੋਲੀਅਮ ਮੰਤਰਾਲਾ ਦੇਸ਼ ਭਰ ਵਿਚ ਰਸੋਈ ਗੈਸ ਖ਼ਪਤਕਾਰਾਂ ਨੂੰ ਇਕ ਵੱਡੀ ਰਾਹਤ ਦੇਣ ਜਾ ਰਿਹਾ ਹੈ, ਜਿਸ ਦੇ ਤਹਿਤ ਖ਼ਪਤਕਾਰ ਆਪਣਾ ਖਾਲੀ ਗੈਸ ਸਿਲੰਡਰ ਆਪਣੀ ਮਰਜ਼ੀ ਦੀ ਕਿਸੇ ਵੀ ਗੈਸ ਏਜੰਸੀ ਤੋਂ ਭਰਵਾ ਕਰਵਾ ਸਕਣਗੇ। ਭਾਵੇਂ ਉਹ ਏਜੰਸੀ ਕਿਸੇ ਵੀ ਗੈਸ ਕੰਪਨੀ ਨਾਲ ਸਬੰਧਿਤ ਹੋਵੇ।

ਉਕਤ ਯੋਜਨਾ ਜ਼ਮੀਨੀ ਪੱਧਰ ’ਤੇ ਲਾਗੂ ਹੋਣ ਨਾਲ ਖ਼ਪਤਕਾਰਾਂ ਨੂੰ ਨਾ ਸਿਰਫ ਗੈਸ ਏਜੰਸੀ ਦੇ ਡੀਲਰਾਂ ਦੀਆਂ ਮਨਮਰਜ਼ੀਆਂ ਤੋਂ ਨਿਜਾਤ ਮਿਲੇਗੀ, ਸਗੋਂ ਓਵਰ ਚਾਰਜਿੰਗ ਵਰਗੇ ਗੰਭੀਰ ਮੁੱਦੇ ਸਮੇਤ ਸਿਲੰਡਰ ਦੀ ਸਪਲਾਈ ਵਿਚ ਹੋਣ ਵਾਲੀ ਹੇਰਾ-ਫੇਰੀ ਵਰਗੀਆਂ ਪਰੇਸ਼ਾਨੀਆਂ ਦਾ ਵੀ ਖ਼ਾਤਮਾ ਹੋ ਜਾਵੇਗਾ।
ਜਾਣਕਾਰੀ ਮੁਤਾਬਕ ਮੌਜੂਦਾ ਸਮੇਂ ਵਿਚ ਕੇਂਦਰ ਸਰਕਾਰ ਅਤੇ ਤੇਲ ਕੰਪਨੀਆਂ ਦੇ ਅਧਿਕਾਰੀ ਉਕਤ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੇ ਹਨ।

ਅਜਿਹੇ ਵਿਚ ਯੋਜਨਾ ਪਾਈਪ ਲਾਈਨ ਵਿਚ ਹੋਣ ਤੋਂ ਬਾਅਦ ਉਚਿਤ ਫ਼ੈਸਲਾ ਹੁੰਦੇ ਹੀ ਜ਼ਮੀਨੀ ਪੱਧਰ ’ਤੇ ਉਤਾਰ ਦਿੱਤੀ ਜਾਵੇਗੀ ਤਾਂ ਗੈਸ ਏਜੰਸੀਆਂ ਵਿਚ ਵੱਡਾ ਮੁਕਾਬਲਾ ਸ਼ੁਰੂ ਹੋ ਜਾਵੇਗਾ, ਖ਼ਪਤਕਾਰਾਂ ਨੂੰ ਆਪਣੇ ਵੱਲ ਖਿੱਚਣ ਦਾ ਪਰ ਇਸ ਵਿਚ ਕਾਮਯਾਬੀ ਸਿਰਫ ਉਸੇ ਡੀਲਰ ਨੂੰ ਮਿਲੇਗੀ, ਜੋ ਆਪਣੇ ਨਵੇਂ ਪੁਰਾਣੇ ਖ਼ਪਤਕਾਰਾਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਨਾਲ ਹੀ ਦੋਸਤਾਨਾ ਮਾਹੌਲ ਮੁਹੱਈਆ ਕਰਵਾਉਣ ’ਚ ਕਾਮਯਾਬ ਹੋਵੇਗਾ।

ਇੰਡੇਨ ਗੈਸ ਕੰਪਨੀ ਦੇ ਸੇਲਜ਼ ਅਧਿਕਾਰੀ ਸੰਚਿਤ ਸ਼ਰਮਾ ਨੇ ਯੋਜਨਾ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਵੀ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਕੇਂਦਰੀ ਮੰਤਰਾਲਾ ਅਜਿਹੀ ਕਿਸੇ ਯੋਜਨਾ ਨੂੰ ਲਾਗੂ ਕਰਨ ਜਾ ਰਿਹਾ ਹੈ, ਜਿਸ ਵਿਚ ਕਿਸੇ ਵੀ ਗੈਸ ਏਜੰਸੀ ਨਾਲ ਜੁੜਿਆ ਖ਼ਪਤਕਾਰ ਆਪਣੀ ਮਰਜ਼ੀ ਮੁਤਾਬਕ ਕਿਸੇ ਹੋਰ ਕੰਪਨੀ ਜਾਂ ਏਜੰਸੀ ਤੋਂ ਆਪਣਾ ਸਿਲੰਡਰ ਭਰਵਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਅਧਿਕਾਰਤ ਤੌਰ ’ਤੇ ਸਾਨੂੰ ਕੋਈ ਹੁਕਮ ਨਹੀਂ ਆਇਆ ਹੈ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਖ਼ਪਤਕਾਰਾਂ ਲਈ ਵਰਦਾਨ ਸਾਬਤ ਹੋਵੇਗਾ।

Leave a Reply

Your email address will not be published.