ਲੌਕਡਾਊਨ ਦੌਰਾਨ ਬੱਸਾਂ ਚ’ ਸਫ਼ਰ ਕਰਨ ਵਾਲਿਆਂ ਨੂੰ ਪੰਜਾਬ ਰੋਡਵੇਜ਼ ਨੇ ਦਿੱਤੀ ਇਹ ਵੱਡੀ ਸਹੂਲਤ

ਪੰਜਾਬ ਵਿਚ ਚੱਲ ਰਹੇ ਨਾਈਟ ਕਰਫ਼ਿਊ ਕਾਰਨ ਸਰਕਾਰੀ ਬੱਸ ਸਰਵਿਸ ਬਹੁਤ ਘਟਾ ਦਿੱਤੀ ਗਈ ਹੈ, ਜਿਸ ਕਾਰਨ ਯਾਤਰੀਆਂ ਨੂੰ ਬੱਸਾਂ ਮਿਲਣ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਰੋਡਵੇਜ਼ ਵੱਲੋਂ ਦੁਪਹਿਰ ਸਮੇਂ ਬੱਸ ਸਰਵਿਸ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਪੰਜਾਬ ਰੋਡਵੇਜ਼ ਵੱਲੋਂ ਬੱਸਾਂ ਤਾਂ ਚਲਾਈਆਂ ਜਾ ਰਹੀਆਂ ਹਨ ਪਰ ਕਈ ਰੂਟਾਂ ’ਤੇ ਬੱਸ ਸਰਵਿਸ ਘੱਟ ਹੋਣ ਕਾਰਨ ਲੋਕ ਬੱਸਾਂ ਵਿਚ ਚੜ੍ਹਨ ਲਈ ਧੱਕਾ-ਮੁੱਕੀ ਕਰਦੇ ਹਨ। ਸਵੇਰ ਸਮੇਂ ਬੱਸਾਂ ਵਿਚ ਸੀਟਾਂ ਉਪਲੱਬਧ ਹੁੰਦੀਆਂ ਹਨ ਪਰ ਯਾਤਰੀ ਘੱਟ ਹੁੰਦੇ ਹਨ, ਜਿਸ ਕਾਰਨ ਕਈ ਬੱਸਾਂ ਘਾਟੇ ਵਿਚ ਚੱਲ ਰਹੀਆਂ ਹਨ।

ਇਸੇ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਰੋਡਵੇਜ਼ ਡਿਪੂ-1 ਦੇ ਜੀ. ਐੱਮ. ਨਵਰਾਜ ਬਾਤਿਸ਼ ਨੇ ਮੰਗਲਵਾਰ ਦੁਪਹਿਰ ਸਮੇਂ ਬੱਸ ਅੱਡੇ ਵਿਚ ਪੰਜਾਬ ਲਈ ਚੱਲਣ ਵਾਲੀਆਂ ਬੱਸਾਂ ਦੇ ਕਾਊਂਟਰਾਂ ’ਤੇ ਜਾ ਕੇ ਜ਼ਮੀਨੀ ਹਕੀਕਤ ਵੇਖੀ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਇਸੇ ਕਾਰਨ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ, ਹੁਸ਼ਿਆਰਪੁਰ ਆਦਿ ਮੰਗ ਵਾਲੇ ਰੂਟਾਂ ’ਤੇ ਦੁਪਹਿਰ ਸਮੇਂ ਵੱਧ ਬੱਸਾਂ ਚਲਾਈਆਂ ਜਾਣਗੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਸ਼ੁਰੂਆਤ ਕਰ ਕੇ ਦੇਖਾਂਗੇ ਅਤੇ ਰਿਸਪਾਂਸ ਸਹੀ ਮਿਲਣ ’ਤੇ ਅੱਗੇ ਦਾ ਰੂਟ ਪਲਾਨ ਤਿਆਰ ਕੀਤਾ ਜਾਵੇਗਾ।

ਦਫ਼ਤਰਾਂ ਨੂੰ ਜਾਣ ਵਾਲੇ ਡੇਲੀ ਪੈਸੰਜਰਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ ਸਵੇਰ ਸਮੇਂ ਚੱਲਣ ਵਾਲੀਆਂ ਬੱਸਾਂ ਦੀ ਸਰਵਿਸ ਜਾਰੀ ਰਹੇਗੀ। ਸ਼ੁਰੂਆਤੀ ਦੌਰ ਵਿਚ ਦੁਪਹਿਰ ਸਮੇਂ ਜਿਸ ਕਾਊਂਟਰ ’ਤੇ ਜ਼ਿਆਦਾ ਭੀੜ ਹੋਵੇਗੀ, ਉਥੋਂ ਜ਼ਿਆਦਾ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ। ਜਿਸ ਸਮੇਂ ’ਤੇ ਬੱਸਾਂ ਵਿਚ ਯਾਤਰੀਆਂ ਦੀ ਗਿਣਤੀ ਘੱਟ ਆ ਰਹੀ ਹੈ, ਉਨ੍ਹਾਂ ਬੱਸਾਂ ਨੂੰ ਦੁਪਹਿਰ ਸਮੇਂ ਸ਼ਿਫਟ ਕਰ ਦਿੱਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸਾਂ ਵਿਚ 50 ਫ਼ੀਸਦੀ ਯਾਤਰੀ ਬਿਠਾਉਣ ਦੀਆਂ ਸਰਕਾਰੀ ਹਦਾਇਤਾਂ ਕਾਰਨ ਯਾਤਰੀ ਬੱਸਾਂ ਵਿਚ ਚੜ੍ਹਨ ਨੂੰ ਜਲਦੀ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਗਿਣਤੀ ਵਿਚ ਗਿਰਾਵਟ ਨੂੰ ਦੇਖਦਿਆਂ ਬੱਸ ਸਰਵਿਸ ਘਟਾਈ ਗਈ ਹੈ।

ਮੰਗਲਵਾਰ ਕਈ ਰੂਟਾਂ ’ਤੇ ਜਾਣ ਵਾਲੇ ਯਾਤਰੀਆਂ ਨੂੰ ਕਾਫ਼ੀ ਸਮਾਂ ਉਡੀਕ ਕਰਨ ਤੋਂ ਬਾਅਦ ਬੱਸਾਂ ਮਿਲੀਆਂ। ਵੇਖਣ ਵਿਚ ਆਇਆ ਕਿ ਚਾਲਕ ਦਲਾਂ ਵੱਲੋਂ ਯਾਤਰੀਆਂ ਨੂੰ ਬੱਸਾਂ ਵਿਚ ਚੜ੍ਹਾਉਣ ਲਈ ਲਾਈਨ ਵਿਚ ਲੱਗਣ ਨੂੰ ਕਿਹਾ ਗਿਆ। ਲੋਕਾਂ ਵੱਲੋਂ ਵੀ ਹੁਣ ਮਾਸਕ ਪਹਿਨਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਦੁਪਹਿਰ ਸਮੇਂ ਜਿਹੜੀਆਂ ਬੱਸਾਂ ਲੱਗਦੀਆਂ ਹਨ, ਉਨ੍ਹਾਂ ਵਿਚ ਨਿਯਮਾਂ ਮੁਤਾਬਕ 50 ਫੀਸਦੀ ਯਾਤਰੀਆਂ ਨਾਲ ਸੀਟਾਂ ਭਰ ਜਾਂਦੀਆਂ ਹਨ। ਇਸ ਕਾਰਨ ਕਈ ਬੱਸਾਂ ਦੇ ਚਾਲਕ ਦਲਾਂ ਵੱਲੋਂ ਦਰਵਾਜ਼ੇ ਬੰਦ ਕਰ ਲਏ ਜਾਂਦੇ ਹਨ ਤਾਂ ਕਿ ਹੋਰ ਯਾਤਰੀ ਬੱਸ ਅੰਦਰ ਨਾ ਆਉਣ। ਇਸ ਕਾਰਨ ਕਈ ਵਾਰ ਯਾਤਰੀਆਂ ਦੀ ਬੱਸਾਂ ਦੇ ਚਾਲਕ ਦਲਾਂ ਨਾਲ ਬਹਿਸਬਾਜ਼ੀ ਵੀ ਹੁੰਦੀ ਹੈ।

ਬੱਸ ਅੱਡੇ ਵਿਚ 3-4 ਘੰਟੇ ਹੀ ਨਜ਼ਰ ਆਉਂਦੇ ਹਨ ਯਾਤਰੀ  ਬੱਸ ਅੱਡੇ ਵਿਚ ਯਾਤਰੀਆਂ ਦੀ ਜ਼ਿਆਦਾ ਆਵਾਜਾਈ 3-4 ਘੰਟੇ ਹੀ ਵਿਖਾਈ ਦਿੰਦੀ ਹੈ । ਦੁਪਹਿਰ 11 ਤੋਂ ਲੈ ਕੇ 3 ਵਜੇ ਤੱਕ ਲੋਕਾਂ ਦੀ ਜ਼ਿਆਦਾ ਭੀੜ ਦੇਖਣ ਨੂੰ ਮਿਲਦੀ ਹੈ। ਰੋਜ਼ਾਨਾ ਸ਼ਾਮ ਅਤੇ 2 ਵੀਕੈਂਡ ਕਰਫ਼ਿਊ ਕਾਰਨ ਬੱਸ ਅੱਡੇ ਵਿਚ ਘੱਟ ਲੱਗ ਰਹੀ ਭੀੜ ਦਾ ਅਸਰ ਦੁਕਾਨਾਂ ’ਤੇ ਨਜ਼ਰ ਆਉਣ ਲੱਗਾ ਹੈ। ਕਈ ਦੁਕਾਨਦਾਰ ਦੱਸਦੇ ਹਨ ਕਿ ਹੁਣ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਉਨ੍ਹਾਂ ਲਈ ਖਰਚਾ ਕੱਢਣਾ ਵੀ ਮੁਸ਼ਕਲ ਹੋ ਗਿਆ ਹੈ।

ਕੋਰੋਨਾ ਤੋਂ ਬਚਾਅ ਲਈ ਲਗਾਤਾਰ ਕਰਵਾਈ ਜਾ ਰਹੀ ਸਾਫ਼-ਸਫ਼ਾਈ – ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੋਰੋਨਾ ਤੋਂ ਬਚਾਅ ਲਈ ਬੱਸ ਅੱਡੇ ਵਿਚ ਲਗਾਤਾਰ ਸਾਫ਼-ਸਫ਼ਾਈ ਕਰਵਾਈ ਜਾਵੇ। ਉਸ ਲੜੀ ਵਿਚ ਫਰਸ਼ ਤੋਂ ਲੈ ਕੇ ਬੈਠਣ ਵਾਲੀਆਂ ਸੀਟਾਂ ਨੂੰ ਵੀ ਸਾਫ ਕਰਨ ਨੂੰ ਕਿਹਾ ਜਾ ਰਿਹਾ ਹੈ। ਇਸ ਸਮੇਂ ਬੱਸ ਅੱਡੇ ਵਿਚ ਜ਼ਿਆਦਾ ਭੀੜ ਨਹੀਂ ਹੁੰਦੀ, ਇਸ ਲਈ ਕਿਸੇ ਵੀ ਸਮੇਂ ਸਫ਼ਾਈ ਕੀਤੀ ਜਾ ਸਕਦੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਰਾਤ ਨੂੰ ਅਤੇ ਸਵੇਰੇ ਸਫਾਈ ਕੀਤੀ ਜਾਂਦੀ ਸੀ।

ਸ਼ੀਟ ਲੁਆ ਕੇ ਕਵਰ ਕੀਤੇ ਟਿਕਟ ਕਾਊਂਟਰ – ਲੋਕਾਂ ਅਤੇ ਟਿਕਟ ਕੱਟਣ ਵਾਲੇ ਸਟਾਫ਼ ਵਿਚ ਦੂਰੀ ਬਣਾਈ ਰੱਖਣ ਦੇ ਉਦੇਸ਼ ਨਾਲ ਕਾਊਂਟਰਾਂ ਨੂੰ ਸ਼ੀਟਾਂ ਲੁਆ ਕੇ ਕਵਰ ਕਰ ਦਿੱਤਾ ਗਿਆ ਹੈ। ਇਸ ਵਿਚ ਸਿਰਫ ਯਾਤਰੀ ਨੂੰ ਟਿਕਟ ਦੇਣ ਲਈ ਰਾਹ ਰੱਖਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਦਾ ਕਹਿਰ ਹੈ, ਇਸ ਲਈ ਸਾਰਿਆਂ ਨੂੰ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

Leave a Reply

Your email address will not be published. Required fields are marked *