ਝੋਨੇ ਦੇ ਸੀਜ਼ਨ ਚ’ ਕਿਸਾਨਾਂ ਲਈ ਆਈ ਨਵੀਂ ਮੁਸੀਬਤ-ਹੁਣ ਇਸ ਤਰੀਕ ਤੋਂ ਹੀ ਲੱਗੇਗਾ ਝੋਨਾ,ਦੇਖੋ ਪੂਰੀ ਖ਼ਬਰ

ਝੋਨੇ ਦੇ ਸੀਜ਼ਨ ਵਿੱਚ ਇਸ ਵਾਰ ਕਿਸਾਨਾਂ ਨੂੰ ਮੁੜ ਲੇਬਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਕੋਰੋਨਾ ਦੇ ਕਹਿਰ ਕਰਕੇ ਵੱਡੀ ਗਿਣਤੀ ਪਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਪਰਤ ਗਏ ਹਨ। ਇਸ ਤੋਂ ਇਲਾਵਾ ਅਗਲੇ ਦੋ-ਤਿੰਨ ਮਹੀਨੇ ਮਜ਼ਦੂਰਾਂ ਦੀ ਪੰਜਾਬ ਵਾਪਸੀ ਔਖੀ ਜਾਪਦੀ ਹੈ। ਉਧਰੋਂ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਦੀ ਸ਼ੁਰੂਆਤ 10 ਜੂਨ ਹੀ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਇਸ ਬਾਰੇ ਕਿਸਾਨ ਯੂਨੀਅਨਾਂ ਦਾ ਕਹਿਣਾ ਸੀ ਕਿ ਝੋਨੇ ਦੀ ਲਵਾਈ ਦੀ ਤਾਰੀਕ 10 ਜੂਨ ਤੈਅ ਕੀਤੇ ਜਾਣ ਨਾਲ ਜਿੱਥੇ ਲੇਬਰ ਦਾ ਸੰਕਟ ਬਣੇਗਾ, ਉੱਥੇ ਬਿਜਲੀ ਦੀ ਕਮੀ ਵੀ ਝੱਲਣੀ ਪੈ ਸਕਦੀ ਹੈ। ਕਿਸਾਨ ਯੂਨੀਅਨਾਂ ਨੇ ਮੰਗ ਕੀਤੀ ਹੈ ਕਿ ਝੋਨੇ ਦੀ ਲਵਾਈ ’ਚ ਐਤਕੀਂ ਛੋਟ ਦਿੱਤੀ ਜਾਵੇ ਕਿਉਂਕਿ ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਕਰਕੇ ਦਿੱਲੀ ਸੰਘਰਸ਼ ਵਿਚ ਸਰਗਰਮ ਹਨ।

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਸਰਕਾਰ ਨੇ ਮੁੜ 10 ਜੂਨ ਤੈਅ ਕਰਕੇ ਕਿਸਾਨਾਂ ਅੱਗੇ ਬਿਪਤਾ ਖੜ੍ਹੀ ਕਰ ਦਿੱਤੀ ਹੈ ਕਿਉਂਕਿ ਪਰਵਾਸੀ ਮਜ਼ਦੂਰਾਂ ਦੀ ਗੈਰਹਾਜ਼ਰੀ ਵਿਚ ਲੇਬਰ ਦਾ ਵੱਡਾ ਸੰਕਟ ਬਣ ਜਾਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਕੁਝ ਵੀ ਤੈਅ ਕਰੇ ਪਰ ਉਨ੍ਹਾਂ ਦੀ ਜਥੇਬੰਦੀ ਪਹਿਲੀ ਝੂਨ ਤੋਂ ਹੀ ਲਵਾਈ ਸ਼ੁਰੂ ਕਰਾਏਗੀ।

ਦੱਸ ਦਈਏ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਮੰਗਲਵਾਰ ਨੂੰ ਜ਼ਿਲ੍ਹਾ ਖੇਤੀਬਾੜੀ ਅਫ਼ਸਰਾਂ ਨੂੰ ਪੱਤਰ ਜਾਰੀ ਕੀਤਾ ਹੈ ਕਿ ਪੰਜਾਬ ਵਿੱਚ ਇਸ ਵਾਰ ਝੋਨੇ ਦੀ ਪਨੀਰੀ 10 ਮਈ ਤੋਂ ਮਗਰੋਂ ਕਿਸਾਨ ਲਾ ਸਕਣਗੇ ਤੇ ਇਸੇ ਤਰ੍ਹਾਂ ਝੋਨੇ ਦੀ ਲਵਾਈ 10 ਜੂਨ ਤੋਂ ਮਗਰੋਂ ਸ਼ੁਰੂ ਹੋਵੇਗੀ। ਉਂਝ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵੱਲੋਂ ਇਹ ਪੱਤਰ 11 ਮਈ ਨੂੰ ਜਾਰੀ ਕੀਤਾ ਗਿਆ ਹੈ ਪਰ ਕਈ ਇਲਾਕਿਆਂ ਵਿੱਚ ਝੋਨੇ ਦੀ ਪਨੀਰੀ ਪਹਿਲਾਂ ਹੀ ਬੀਜੀ ਜਾ ਚੁੱਕੀ ਹੈ।

ਦਰਅਸਲ ਕਿਸਾਨਾਂ ਨੂੰ ਉਮੀਦ ਸੀ ਕਿ ਪੰਜਾਬ ਸਰਕਾਰ ਦਿੱਲੀ ’ਚ ਚੱਲ ਰਹੇ ਸੰਘਰਸ਼ ਤੇ ਕਰੋਨਾ ਮਹਾਮਾਰੀ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਵਿੱਚ ਰਿਆਇਤ ਦੇਵੇਗੀ ਤਾਂ ਜੋ ਕਿਸਾਨ ਝੋਨਾ ਵੀ ਲਾ ਸਕਣ ਤੇ ਦਿੱਲੀ ਮੋਰਚੇ ਵਿਚ ਹਾਜ਼ਰੀ ਵੀ ਭਰ ਸਕਣ।

Leave a Reply

Your email address will not be published. Required fields are marked *