ਨਗਰ ਅੰਦਰ ਵਾਪਰੀ ਅਤਿ-ਮੰਦਭਾਗੀ ਘਟਨਾ ਵਿਚ ਬਿਮਾਰੀ ਦੇ ਚੱਲਦਿਆਂ ਇੱਕੋ ਦਿਨ ਪਿਤਾ ਅਤੇ ਪੁੱਤਰ ਦੀ ਮੌਤ ਹੋ ਜਾਣ ਅਤੇ ਇਕੋ ਸਮੇਂ ਦੋਵਾਂ ਦਾ ਅੰਤਿਮ ਸੰਸਕਾਰ ਕਰਨ ਦੀ ਖ਼ਬਰ ਨਾਲ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਸ਼ਹਿਰ ਦੀਆਂ ਮੋਹਤਬਰ ਸਖਸ਼ੀਅਤਾਂ ਨੇ ਉਕਤ ਮੌਤਾਂ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਯੂਥ ਕਾਂਗਰਸ ਦੇ ਸੀਨੀਅਰ ਆਗੂ ਚਿੰਟੂ ਜਿੰਦਲ ਦੇ ਪਿਤਾ ਓਮ ਪ੍ਰਕਾਸ਼ ਜਿੰਦਲ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਰਹਿੰਦੇ ਸਨ ਅਤੇ ਇਲਾਜ ਉਪਰੰਤ ਬੀਤੇ ਦਿਨਾਂ ਤੋਂ ਆਪਣੇ ਘਰ ਵਿਚ ਜ਼ਿੰਦਗੀ ਦੇ ਆਖਿਰੀ ਪੜਾਅ ’ਤੇ ਸਨ, ਉੱਥੇ ਉਨ੍ਹਾਂ ਦਾ ਸਪੁੱਤਰ ਰਾਜੇਸ਼ ਕੁਮਾਰ ਜਿੰਦਲ ਪਿਛਲੇ ਸਮੇਂ ਵਿਚ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਗੰਭੀਰ ਹਾਲਤ ਦੇ ਚੱਲਦਿਆਂ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਸੀ।
ਜਿੱਥੇ ਬੀਤੀ ਅੱਧੀ ਰਾਤ ਤੋਂ ਬਾਅਦ ਕਰੀਬ ਇਕ ਵਜੇ ਰਾਜੇਸ਼ ਕੁਮਾਰ ਜਿੰਦਲ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਿਆ, ਉੱਥੇ ਸਵੇਰੇ ਤੜਕਸਾਰ ਪੰਜ ਵਜੇ ਉਸਦੇ ਪਿਤਾ ਓਮ ਪ੍ਰਕਾਸ਼ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਪਿਉ ਅਤੇ ਪੁੱਤਰ ਦਾ ਅੰਤਿਮ ਸੰਸਕਾਰ ਇੱਕੋ ਸਮੇਂ ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
ਭਾਵੇਂ ਕੋਵਿਡ ਨਿਯਮਾਂ ਦੇ ਚੱਲਦਿਆਂ ਸਸਕਾਰ ਮੌਕੇ ਵੱਡੀ ਗਿਣਤੀ ਲੋਕ ਇਕੱਤਰ ਨਹੀਂ ਹੋ ਸਕੇ ਪਰ ਇਸ ਘਟਨਾ ਕਾਰਣ ਸ਼ਹਿਰ ਵਿਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।ਅੰਤਿਮ ਸੰਸਕਾਰ ਮੌਕੇ ਜਿੱਥੇ ਨਗਰ ਪੰਚਾਇਤ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ, ਅਕਾਲੀ ਦਲ ਦੇ ਸੂਬਾ ਆਗੂ ਅਵਤਾਰ ਮੈਨੂੰਆਣਾ, ਸੁਖਬੀਰ ਸਿੰਘ ਚੱਠਾ, ਕਾਂਗਰਸੀ ਕੌਂਸਲਰ ਹਰਬੰਸ ਸਿੰਘ ਆਦਿ ਮੌਜੂਦ ਸਨ,
ਉੱਥੇ ਹੀ ਓਮ ਪ੍ਰਕਾਸ਼ ਅਤੇ ਰਾਜੂ ਜਿੰਦਲ ਦੇ ਦੇਹਾਂਤ ਤੇ ਚਿੰਟੂ ਜਿੰਦਲ ਅਤੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ, ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਵਿਕਰਮ ਮੋਫਰ, ਸੀ. ਕਾਂਗਰਸੀ ਆਗੂ ਬਲਵੀਰ ਸਿੰਘ ਸਿੱਧੂ ਆਦਿ ਨੇ ਦੋਵਾਂ ਦੇ ਦੇਹਾਂਤ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।