ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਇਹ ਵੱਡੀ ਰਾਹਤ-ਖੁਸ਼ ਕਰਤੇ ਕਿਸਾਨ

ਖੇਤੀ ’ਚ ਵਰਤੀ ਜਾਣ ਵਾਲੀ ਡੀਏਪੀ (DAP) ਖਾਦ ਦੀ ਕੀਮਤ ਵਧਣ ਦੇ ਖ਼ਦਸ਼ੇ ਕਾਰਨ ਫ਼ਿਕਰਮੰਦ ਕਿਸਾਨਾਂ ਲਈ ਰਾਹਤ ਦੀ ਖ਼ਬਰ ਆਈ ਹੈ। ਮੋਦੀ ਸਰਕਾਰ ਨੇ ਡੀਏਪੀ ਉੱਤੇ ਸਬਸਿਡੀ ਵਧਾਉਣ ਦਾ ਫ਼ੈਸਲਾ ਲਿਆ ਹੈ। ਸਬਸਿਡੀ ਵਧਣ ਦਾ ਅਸਰ ਇਹ ਹੋਵੇਗਾ ਕਿ ਪਿਛਲੇ ਸਾਲ ਵਾਂਗ ਹੀ ਇਸ ਸਾਲ ਵੀ ਕਿਸਾਨਾਂ ਨੂੰ ਉਨ੍ਹਾਂ ਦੀ ਸਭ ਤੋਂ ਅਹਿਮ ਖਾਦ ਡੀਏਪੀ 1,200 ਰੁਪਏ ਦੀ ਪੁਰਾਣੀ ਕੀਮਤ ਉੱਤੇ ਮਿਲਦੀ ਰਹੇਗੀ।

ਦਰਅਸਲ, ਕੌਮਾਂਤਰੀ ਬਾਜ਼ਾਰ ’ਚ ਕੀਮਤਾਂ ਵਧਣ ਕਾਰਣ DAP ਦੀਆਂ ਕੀਮਤਾਂ ਵਧ ਗਈਆਂ ਸਨ। ਇਸ ਮਗਰੋਂ ਕਿਸਾਨਾਂ ਵਿੱਚ ਵੱਡਾ ਰੋਸ ਸੀ। ਖੇਤੀ ਕਾਨੂੰਨਾਂ ਕਰਕੇ ਕਿਸਾਨ ਪਹਿਲਾਂ ਹੀ ਮੋਦੀ ਸਰਕਾਰ ਖਿਲਾਫ ਡਟੇ ਹੋਏ ਹਨ। ਇਸ ਲਈ ਕੇਂਦਰ ਸਰਕਾਰ ਨੇ ਤੁਰੰਤ ਸਬਸਿਡੀ ਦਾ ਐਲਾਨ ਕਰ ਦਿੱਤਾ ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ।

ਪਿਛਲੇ ਵਰ੍ਹੇ DAP ਦੀ ਕੀਮਤ 1,700 ਰੁਪਏ ਪ੍ਰਤੀ ਥੈਲਾ ਸੀ, ਜਿਸ ਉੱਤੇ ਸਰਕਾਰ 500 ਰੁਪਏ ਸਬਸਿਡੀ ਦਿੰਦੀ ਸੀ ਤੇ ਕਿਸਾਨਾਂ ਨੂੰ 1,200 ਰੁਪਏ ਪ੍ਰਤੀ ਥੈਲਾ DAP ਮਿਲਦਾ ਸੀ। ਭਾਵੇਂ ਕੌਮਾਂਤਰੀ ਬਾਜ਼ਾਰ ’ਚ ਕੀਮਤਾਂ ਵਧਣ ਕਾਰਨ DAP ਦੀ ਕੀਮਤ 2,400 ਰੁਪਏ ਪ੍ਰਤੀ ਥੈਲਾ ਹੋ ਚੁੱਕੀ ਹੈ। ਅਜਿਹੀ ਸਥਿਤੀ ਵਿੱਚ ਸਰਕਾਰ ਨੇ ਸਬਸਿਡੀ ਵਧਾ ਕੇ 1,200 ਰੁਪਏ ਪ੍ਰਤੀ ਥੈਲਾ ਕਰ ਦਿੱਤੀ ਹੈ, ਤਾਂ ਜੋ ਕਿਸਾਨਾਂ ਨੂੰ 1,200 ਰੁਪਏ ਪ੍ਰਤੀ ਥੈਲਾ ਦੀ ਪੁਰਾਣੀ ਕੀਮਤ ਉੱਤੇ DAP ਮਿਲਦੀ ਰਹੇ।

ਇਸ ਮੁੱਦੇ ਨੂੰ ਲੈ ਕੇ ਕਿਸਾਨਾਂ ਵਿੱਚ ਲਗਾਤਾਰ ਚਿੰਤਾ ਵਧਦੀ ਜਾ ਰਹੀ ਸੀ। ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਉੱਚ ਪੱਧਰੀ ਮੀਟਿੰਗ ਸੱਦੀ ਸੀ। ਮੀਟਿੰਗ ’ਚ ਪ੍ਰਧਾਨ ਮੰਤਰੀ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਰਸਾਇਣਕ ਖਾਦਾਂ ਬਾਰੇ ਮੰਤਰੀ ਸਦਾਨੰਦ ਗੌੜਾ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਸ ਮੀਟਿੰਗ ’ਚ ਡੀਏਪੀ ਸਮੇਤ ਹੋਰ ਖਾਦਾਂ ਦੀ ਕੀਮਤ ਤੇ ਬਾਜ਼ਾਰ ਵਿੱਚ ਉਨ੍ਹਾਂ ਦੀ ਉਪਲਬਧਤਾ ਨੂੰ ਲੈ ਕੇ ਸਮੀਖਿਆ ਕੀਤੀ ਗਈ। ਤਿੰਨ ਦਿਨ ਪਹਿਲਾਂ ਹੀ ਸਰਕਾਰ ਨੇ ਸਬਸਿਡੀ ਵਧਾਉਣ ਦੇ ਸੰਕੇਤ ਦਿੰਦਿਆਂ ਆਖਿਆ ਸੀ ਕਿ ਇਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਮੀਟਿੰਗ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀ ਭਲਾਈ ਪ੍ਰਤੀ ਚੌਕਸ ਤੇ ਪ੍ਰਤੀਬੱਧ ਹੈ ਅਤੇ ਅਜਿਹੀ ਹਾਲਤ ਵਿੱਚ ਕੀਮਤ ਵਧਣ ਦਾ ਅਸਰ ਉਨ੍ਹਾਂ ਉੱਤੇ ਨਹੀਂ ਪੈਣ ਦਿੱਤਾ ਜਾਵੇਗਾ।

Leave a Reply

Your email address will not be published. Required fields are marked *