ਕਿਸਾਨਾਂ ਨੇ ਦੱਸਿਆ ਮੋਦੀ ਸਰਕਾਰ ਵੱਲੋਂ DAP ਖਾਦ ਦੀ ਘਟਾਈ ਕੀਮਤ ਦਾ ਅਸਲ ਸੱਚ-ਦੇਖੋ ਤਾਜ਼ਾ ਖ਼ਬਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਬੀਤੇ ਦਿਨੀਂ ਡੀਏਪੀ ਖਾਦ ਦੀ ਕੀਮਤ ਘਟਾਉਣ ਦੇ ਐਲਾਨ ਮਗਰੋਂ ਕਿਸਾਨਾਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਦਿੱਲੀ ਬਾਰਡਰ ‘ਤੇ ਲਾਏ ਮੋਰਚੇ ਵਿੱਚ ਸ਼ਮੂਲੀਅਤ ਕਰਨ ਚੱਲੇ ਕਿਸਾਨਾਂ ਨੇ ਮੋਦੀ ਦੇ ਇਸ ਐਲਾਨ ਨੂੰ ਮਹਿਜ਼ ਸਿਆਸੀ ਸਟੰਟ ਕਰਾਰ ਦਿੱਤਾ ਹੈ।

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਨਰਿੰਦਰ ਸਿੰਘ, ਸੁਰਿੰਦਰਪਾਲ ਸਿੰਘ ਤੇ ਕੈਪਟਨ ਭਾਗ ਸਿੰਘ ਆਦਿ ਕਿਸਾਨਾਂ ਨੇ ਕਿਹਾ ਕਿ ਕਿਸਾਨ ਕੇਂਦਰ ਦੀਆਂ ਅਜਿਹੀਆਂ ਚਾਲਾਂ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਖਾਦਾਂ ਉੱਪਰ ਸਬਸਿਡੀ ਐਲਾਨੀ ਜਾਂਦੀ ਰਹੀ ਹੈ ਪਰ ਮਿਲਦੀ ਕਦੇ ਨਹੀਂ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਮੋਦੀ ਸਰਕਾਰ ਦੀਆਂ ਇਨ੍ਹਾਂ ਚਾਲਾਂ ਵਿੱਚ ਨਹੀਂ ਆਉਣਗੇ।

ਇਹ ਕਿਸਾਨ ਗੁਰਦਾਸਪੁਰ ਤੋਂ ਚੱਲ ਕੇ 40 ਗੱਡੀਆਂ ਦੇ ਕਾਫਲੇ ਸਮੇਤ ਕਿਸਾਨ ਮੋਰਚੇ ਵਿੱਚ ਦਿੱਲੀ ਪਹੁੰਚਣਗੇ। ਕਿਸਾਨਾਂ ਨੇ ਦੱਸਿਆ ਕਿ ਦਿੱਲੀ ਤਕ ਜਾਂਦੇ-ਜਾਂਦੇ ਪੰਜ ਜ਼ਿਲ੍ਹਿਆਂ ਦੇ ਕਿਸਾਨ ਉਨ੍ਹਾਂ ਨਾਲ ਜੁੜਨਗੇ। ਕਿਸਾਨਾਂ ਦੱਸਿਆ ਕਿ 15 ਦਿਨ ਬਾਅਦ ਇਹ ਜਥਾ ਵਾਪਸ ਆਵੇਗਾ ਤੇ ਅਗਲਾ ਜਥਾ ਦਿੱਲੀ ਲਈ ਰਵਾਨਾ ਹੋਵੇਗਾ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਉੱਪਰ ਧਰਨਾ ਦੇ ਰਹੇ ਹਨ। ਇਹ ਸਾਰਾ ਮਾਮਲਾ ਕੌਮਾਂਤਰੀ ਪੱਧਰ ‘ਤੇ ਵੀ ਛਾਇਆ ਰਿਹਾ ਹੈ ਅਤੇ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਕਾਫੀ ਸਮਰਥਨ ਮਿਲਿਆ ਅਤੇ ਮੋਦੀ ਸਰਕਾਰ ਨੂੰ ਢਾਹ ਵੀ ਲੱਗੀ।

ਹੁਣ ਕਿਸਾਨਾਂ ਦੇ ਸੰਘਰਸ਼ ਨੂੰ ਛੇ ਮਹੀਨੇ ਪੂਰੇ ਹੋਣ ਵਾਲੇ ਹਨ ਅਤੇ ਇਸ ਵਕਫੇ ਦੌਰਾਨ ਕਿਸਾਨਾਂ ਅਤੇ ਕੇਂਦਰ ਦੀ ਗੱਲਬਾਤ ਕਾਫੀ ਸਮੇਂ ਤੋਂ ਠੱਪ ਹੈ। ਇੱਕ ਪਾਸੇ ਸਰਕਾਰ ਨੇ ਹਾਲ ਦੀ ਘੜੀ ਕਾਨੂੰਨ ਟਾਲਣ ਦੀ ਪੇਸ਼ਕਸ਼ ਤਾਂ ਕੀਤੀ ਸੀ ਅਤੇ ਦੂਜੇ ਪਾਸੇ ਕੋਰੋਨਾ ਮਹਾਮਾਰੀ ਕਾਰਨ ਕਿਸਾਨਾਂ ਉੱਪਰ ਧਰਨਾ ਚੁੱਕਣ ਦਾ ਦਬਾਅ ਵੀ ਬਣਾਇਆ ਗਿਆ। ਪਰ ਕਿਸਾਨਾਂ ਦਾ ਅਹਿਦ ਹੈ ਕਿ ਉਹ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਘਰਾਂ ਨੂੰ ਪਰਤਣਗੇ।

Leave a Reply

Your email address will not be published. Required fields are marked *